ਪੰਜਾਬ ਮਹਿਲਾ ਕਮਿਸ਼ਨ ‘ਚ ਸਬੂਤ ਪੇਸ਼ ਨਹੀਂ ਕਰ ਸਕੇ ਦਵਿੰਦਰ ਸਹਿਰਾਵਤ
ਪੰਜਾਬ ਦੀਆਂ ਬੀਬੀਆਂ ਨੂੰ ਅਪਮਾਨਿਤ ਕਰਨ ਵਾਲੇ ਸਹਿਰਾਵਤ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦਾ ਮਹਿਲਾ ਕਮਿਸ਼ਨ: ਪ੍ਰੋ. ਬਲਜਿੰਦਰ ਕੌਰ
ਚੰਡੀਗੜ੍ਹ 14 ਸਤੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਬ੍ਰਜਵਾਸਨ ਤੋਂ ਆਪਣੇ ਮੁਅੱਤਲ ਵਿਧਾਇਕ ਦਵਿੰਦਰ ਸਹਿਰਾਵਤ ਉੱਤੇ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ‘ਆਪ’ ਆਗੂਆਂ ‘ਤੇ ਝੂਠੇ ਅਤੇ ਮਨਘੜਤ ਦੋਸ਼ ਲਾਉਣ ਵਾਲਾ ਦਵਿੰਦਰ ਸਹਿਰਾਵਤ ਪੰਜਾਬ ਮਹਿਲਾ ਕਮਿਸ਼ਨ ਸਾਹਮਣੇ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ।
ਬੁੱਧਵਾਰ ਨੂੰ ‘ਆਪ’ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਵਿੰਦਰ ਸਹਿਰਾਵਤ ਪੰਜਾਬ ਦੀਆਂ ਔਰਤਾਂ ਨੂੰ ਅਪਮਾਨਿਤ ਕਰਨ ਵਿੱਚ ਹੱਦ ਤੋਂ ਵੀ ਅਗਾਂਹ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ‘ਆਮ ਆਦਮੀ ਪਾਰਟੀ’ ਦੇ ਮਹਿਲਾ ਆਗੂ ਨੇ ਕਿਹਾ ਕਿ ਪਾਰਟੀ ਦੇ ਰਾਸ਼ਟਰੀ ਆਗੂਆਂ ਉੱਤੇ ਪੰਜਾਬ ਦੀਆਂ ਮਹਿਲਾਵਾਂ ਦਾ ਸ਼ੋਸ਼ਣ ਕਰਨ ਦੇ ਝੂਠੇ ਅਤੇ ਮਨਘੜਤ ਦੋਸ਼ ਲਾ ਕੇ ਪੰਜਾਬ ਮਹਿਲਾ ਕਮਿਸ਼ਨ ਵਿੱਚ ਪੇਸ਼ ਹੋਣ ਦਾ ਨਾਟਕ ਰਚ ਰਹੇ ਦਵਿੰਦਰ ਸਹਿਰਾਵਤ ਵਿਰੁੱਧ ਪੰਜਾਬ ਮਹਿਲਾ ਕਮਿਸ਼ਨ ਨੂੰ ਕੇਸ ਦਾਇਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਬਗ਼ੈਰ ਸਬੂਤ ਅਤੇ ਨਾਂਅ ਲਏ ਮਨਘੜਤ ਦੋਸ਼ ਲਾ ਕੇ ਦਵਿੰਦਰ ਸਹਿਰਾਵਤ ਨੇ ਸਮੁੱਚੇ ਪੰਜਾਬ ਦੀਆਂ ਬੀਬੀਆਂ ਦੀ ਬੇਇਜ਼ਤੀ ਕੀਤੀ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਵਿੰਦਰ ਸਹਿਰਾਵਤ ਉੱਤੇ ਬਾਦਲਾਂ ਦੇ ਇਸ਼ਾਰੇ ‘ਤੇ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦ ਕਿ ਦਵਿੰਦਰ ਸਹਿਰਾਵਤ ਦੇ ਪਿਤਾ ਨੇ ਦਵਿੰਦਰ ਸਹਿਰਾਵਤ ਨੂੰ ਮਾਨਸਿਕ ਤੌਰ ‘ਤੇ ਬੀਮਾਰ ਦੱਸ ਕੇ ਸਹਿਰਾਵਤ ਉੱਤੇ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਅਤੇ ਆਪਣੀ ਹੀ ਇੱਕ ਰਿਸ਼ਤੇਦਾਰ ਕੁੜੀ ਨਾਲ ਛੇੜਖਾਨੀ ਕਰਨ ਦੀ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ। ਆਪਣੀ ਸ਼ਿਕਾਇਤ ਵਿੱਚ ਪਿਤਾ ਨੇ ਦਵਿੰਦਰ ਸਹਿਰਾਵਤ ਉੱਤੇ ਕਾਲਾ ਜਾਦੂ ਕਰਨ ਦੇ ਦੋਸ਼ ਵੀ ਲਾਏ ਹਨ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਹਿਲਾ ਵਿੰਗ ਪਹਿਲਾਂ ਹੀ ਪੰਜਾਬ ਮਹਿਲਾ ਕਮਿਸ਼ਨ ਨੂੰ ਦਵਿੰਦਰ ਸਹਿਰਾਵਤ ਵਿਰੁੱਧ ਯਾਦ-ਪੱਤਰ ਦੇ ਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਸ਼ਿਕਾਇਤ ਕਰ ਚੁੱਕਾ ਹੈ ਪਰ ਪੰਜਾਬ ਮਹਿਲਾ ਕਮਿਸ਼ਨ ਨੇ ਕੋਈ ਕਦਮ ਨਹੀਂ ਚੁੱਕਿਆ ਕਿਉਂਕਿ ਮਹਿਲਾ ਕਮਿਸ਼ਨ ਬਾਦਲ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।

