ਸਾਲ 2018 ਨੂੰ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ੀ ਵਰ੍ਹੇ ਵਜੋਂ ਮਨਾਉਣ ਦਾ ਫੈਸਲਾ
ਪਟਿਆਲਾ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਦੀ ਪ੍ਰਧਾਨਗੀ ਹੇਠ ਬੀ.ਐਮ.ਐਲ. ਕੰਪਲੈਕਸ ਪਟਿਆਲਾ ਵਿਖੇ ਹੋਈ।
ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾ ਜਾਰੀ ਕਰਦਿਆਂ ਜੋਨ ਪ੍ਰਧਾਨ ਜਸਵੀਰ ਸਿੰਘ ਖੋਖਰ ਅਤੇ ਹਰਬੀਰ ਸਿੰਘ ਸੁਨਾਮ ਨੇ ਦੱਸਿਆ ਕਿ ਮੀਟਿੰਗ ‘ਚ ਜਿੱਥੇ ਸਾਲ 2018 ਦਾ ਨਵਾਂ ਜੱਥੇਬੰਦੀ ਦਾ ਕੈਲੰਡਰ ਜਾਰੀ ਕੀਤਾ ਗਿਆ ਉਥੇ ਪੰਜਾਬ ਸਰਕਾਰ ਵੱਲੋਂ ਚੋਣ ਵਾਅਦਿਆਂ ਤੋਂ ਮੁਨਕਰ ਹੁੰਦਿਆਂ ਮੁਲਾਜਮ ਮੰਗਾਂ ਪ੍ਰਤੀ ਵਿਖਾਈ ਬੇਰੁੱਖੀ ਕਾਰਨ 2018 ਦਾ ਵਰ੍ਹਾਂ ਪੰਜਾਬ ਸਰਕਾਰ ਖਿਲਾਫ ਸੰਘਰਸ਼ੀ ਵਰ੍ਹੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਉਹਨਾਂ ਦੱਸਿਆ ਕਿ ਛੇਵੇ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ ਤਾ ਇੱਕ ਪਾਸੇ ਰਿਹਾ ਪ੍ਰੰਤੂ ਕਾਂਗਰਸ ਸਰਕਾਰ ਵੱਲੋਂ ਪਿਛਲੇ ਦੱਸ ਮਹੀਨਿਆਂ ਵਿੱਚ ਨਾਂ ਤਾਂ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕੀਤੀ ਅਤੇ ਨਾ ਹੀ ਪਿੱਛਲੇ 22 ਮਹੀਨਿਆਂ ਦਾ ਬਕਾਇਆ ਦੇਣ ਦੀ ਲੋੜ ਸਮਝੀ ਅਤੇ ਹਰ ਘਰ ਰੁਜਗਾਰ ਦੇਣ ਦੇ ਵਾਅਦੇ ਵੀ ਹਵਾ ਹੋ ਗਏ। ਸਰਕਾਰੀ ਵਿਭਾਗਾਂ ਅੰਦਰ 20-20 ਸਾਲਾਂ ਤੋਂ ਬਤੌਰ ਦਿਹਾੜੀਦਾਰ ਅਤੇ ਠੇਕੇਦਾਰੀ ਦੇ ਤੌਰ ਤੇ ਕੰਮ ਕਰਦੇ ਹਜਾਰਾਂ ਕਾਮਿਆਂ ਦੀਆਂ ਆਸਾਂ ਤੇ ਵੀ ਪਾਣੀ ਫਿਰ ਗਿਆ। ਜਦੋਂ ਸਰਕਾਰ ਵੱਲੋਂ 1 ਜਨਵਰੀ 2018 ਤੋਂ ਕੱਚੇ ਕਾਮਿਆਂ ਨੂੰ ਅੱਗੇ ਨੌਕਰੀ ਦੀ ਮਨਜੂਰੀ ਦੇਣ ਤੋਂ ਨਾਹ ਕਰ ਦਿੱਤੀ ਜਿਸ ਕਾਰਨ ਕੱਚੇ ਅਤੇ ਪੱਕੇ ਮੁਲਾਜ਼ਮਾ ਅੰਦਰ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਇਸ ਲਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜੇਕਰ ਚੋਣ ਵਾਅਦਿਆਂ ਅਨੁਸਾਰ ਕੱਚੇ ਕਾਮੇ ਪੱਕੇ ਨਾ ਕੀਤੇ, ਪੁਰਾਣੀ ਪੈਨਸ਼ਨ ਲਾਗੂ ਨਾ ਕੀਤੀ, ਮਹਿੰਗਾਈ ਅਨੁਸਾਰ ਮਹਿੰਗਾਈ ਵਿੱਚ ਭੱਤੇ ਵਿੱਚ ਵਾਧਾ ਨਾ ਕੀਤਾ ਤੇ ਰਹਿੰਦਾ ਬਕਾਇਆ ਜਾਰੀ ਨਾ ਕੀਤਾ ਅਤੇ ਛੇਵੇ ਪੇਕਮਿਸ਼ਨ ਦੀ ਰਿਪੋਰਟ ਜਾਰੀ ਨਾ ਕੀਤੀ ਤਾਂ ਜੱਥੇਬੰਦੀ ਸਾਲ 2018 ਦੇ ਵਰ੍ਹੇ ਨੂੰ ਸੰਘਰਸ਼ ਦੇ ਵਰ੍ਹੇ ਵਜੋਂ ਮਨਾਉਣ ਦੇ ਫੈਸਲੇ ਅਨੁਸਾਰ ਸੰਘਰਸ਼ ਦੇ ਪਹਿਲੇ ਪੜਾਅ ਵਜੋਂ ਸਾਰੇ ਪੰਜਾਬ ਅੰਦਰ 16 ਜਨਵਰੀ 2018 ਨੂੰ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ।
ਮੀਟਿੰਗ ਵਿੱਚ ਰਣਧੀਰ ਸਿੰਘ, ਮੁਖਤਿਆਰ ਸਿੰਘ, ਛੱਜ਼ੂ ਰਾਮ, ਪ੍ਰਕਾਸ ਸਿੰਘ, ਲਖਵਿੰਦਰ ਸਿੰਘ, ਕ੍ਰਿਸ਼ਨ ਕਲਵਾਣੂ, ਪਵਨ ਪਾਤੜਾ, ਮੋਤੀ ਲਾਲ, ਹਰੀ ਰਾਮ ਨਿੱਕਾ, ਗੁਰਮੀਤ ਸਿੰਘ ਪਟਿਆਲਾ ਆਦਿ ਹਾਜ਼ਰ ਸਨ।

