ਅਸ਼ਲੀਲ ਵੀਡੀਓ ਮਾਮਲਾ: ਚਰਨਜੀਤ ਚੱਢਾ ਨੂੰ ਮਿਲੀ ਅੰਤ੍ਰਿਮ ਜ਼ਮਾਨਤ
ਅੰਮ੍ਰਿਤਸਰ 11 ਜਨਵਰੀ (ਮਧੂਸਾਰ ਬਿਊਰੋ)ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਮਾਮਲੇ ਵਿੱਚ ਉਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਮਿਲ ਗਈ ਹੈ। ਜ਼ਿਲ੍ਹਾ ਐਡੀਸ਼ਨਲ ਸੈਸ਼ਨ ਜੱਜ ਨੇ ਜ਼ਮਾਨਤ ਦਿੰਦਿਆਂ ਕਿਹਾ ਹੈ ਕਿ ਉਹ 10 ਦਿਨਾਂ ਦੇ ਅੰਦਰ-ਅੰਦਰ ਜਾਂਚ ਵਿੱਚ ਸ਼ਾਮਲ ਹੋਣ।
ਸਵੇਰੇ ਦੋਵਾਂ ਧਿਰਾਂ ਵਿਚਾਲੇ ਬਹਿਸ ਮੁਕੰਮਲ ਹੋਣ ਮਗਰੋਂ ਅਦਾਲਤ ਨੇ ਫੈਸਲਾ ਦੁਪਹਿਰ ਤੱਕ ਰਾਖਵਾਂ ਰੱਖ ਲਿਆ ਸੀ। ਚੀਫ ਖਾਲਸਾ ਦੀਵਾਨ ਦੇ ਵਕੀਲ ਨੇ ਵੀ ਆਪਣਾ ਪੱਖ ਰੱਖਿਆ। ਅਦਾਲਤ ਨੇ ਸਾਰੀਆਂ ਧਿਰਾਂ ਦਾ ਪੱਖ ਸੁਣ ਕੇ ਫੈਸਲਾ ਰਾਖਵਾਂ ਰੱਖ ਲਿਆ ਸੀ। ਬਾਅਦ ਦੁਪਹਿਰ ਅਦਾਲਤ ਨੇ ਚੱਢਾ ਦੀ ਜ਼ਮਾਨਤ ਮਨਜ਼ੂਰ ਕਰ ਲਈ।
ਕਾਬਲੇਗੌਰ ਹੈ ਕਿ ਚਰਨਜੀਤ ਚੱਢਾ ਖਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਸੀ ਪਰ ਉਸ ਦੇ ਬੇਟੇ ਇੰਦਰਪ੍ਰੀਤ ਚੱਢਾ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਮਗਰੋਂ ਚੱਢਾ ਨੇ ਅਦਾਲਤ ਕੋਲੋਂ 10 ਜਨਵਰੀ ਤੱਕ ਅਗਾਊਂ ਜ਼ਮਾਨਤ ਲਈ ਲਈ ਸੀ। ਇਸ ਦੀ ਮਿਆਦ ਬੁੱਧਵਾਰ ਨੂੰ ਖਤਮ ਹੋ ਗਈ ਸੀ। ਬੁੱਧਵਾਰ ਨੂੰ ਚੱਢਾ ਮਾਮਲੇ ਸਬੰਧੀ ਪੁਲਿਸ ਵੱਲੋਂ ਜ਼ਰੂਰੀ ਰਿਕਾਰਡ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਕੇਸ ਦੀ ਸੁਣਵਾਈ ਹੁਣ ਵੀਰਵਾਰ ‘ਤੇ ਟਾਲ ਦਿੱਤੀ ਸੀ।

