ਕੌਮੀ ਸਕੂਲ ਖੇਡਾਂ ਦੇ ਤਲਵਾਰਬਾਜ਼ੀ ਮੁਕਾਬਲਿਆਂ ਦੌਰਾਨ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ
(ਅੰਡਰ-14 ਟੀਮ ਨੇ ਹਾਸਲ ਕੀਤਾ ਗੋਲਡ ਮੈਡਲ)
ਪਟਿਆਲਾ (ਮਧੂਸਾਰ ਬਿਊਰੋ) ਤੇਲੰਗਾਨਾ ਸਟੇਟ ਦੇ ਸ਼ਹਿਰ ਨਾਲਗੋਂਡਾ ਵਿਖੇ 63 ਵੀਆਂ ਕੌਮੀ ਸਕੂਲ ਖੇਡਾਂ ਦੇ ਤਲਵਾਰ ਬਾਜੀ ਮੁਕਾਬਲਿਆਂ ਦੌਰਾਨ ਅੰਡਰ -14 (ਸੇਬਰ) ਮੁੰਡਿਆਂ ਦੀ ਟੀਮ ਨੇ ਗੋਲਡ ਮੈਡਲ ਹਾਸਲ ਕੀਤਾ।
ਜਾਣਕਾਰੀ ਦਿੰਦਿਆਂ ਪੰਜਾਬ ਦੀ ਟੀਮ ਦੇ ਮੈਨੇਜਰ ਪੁਨੀਤ ਚੋਪੜਾ ਨੇ ਦੱਸਿਆ ਕਿ ਖਿਡਾਰੀਆਂ ਮਨਮੀਤ ਸਿੰਘ, ਗੁਰਮਨਜੋਤ ਸਿੰਘ, ਵੈਭਵ ਕੁਮਾਰ, ਅਤੇ ਗੁਰਸਿਮਰਨ ਤੇ ਆਧਰਿਤ ਟੀਮ ਨੇ ਫਾਈਨਲ ਮੁਕਾਬਲੇ ਦੌਰਾਨ ਤਾਮਿਲਨਾਡੂ ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਉਹਨਾਂ ਕਿਹਾ ਕਿ ਤਲਵਾਰ ਬਾਜੀ ਦੇ ਹੋਏ ਸਖਤ ਮੁਕਾਬਲਿਆਂ ਦੋਰਾਨ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਉਹਨਾਂ ਕਿਹਾ ਕਿ ਇਹ ਖਿਡਾਰੀ ਪਹਿਲਾ ਵੀ ਰਾਜਪੱਧਰੀ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਅੰਡਰ-14 ਦੀ ਇੱਪੀ ਟੀਮ ਨੇ ਕਾਂਸੀ ਦਾ ਤਗਮਾ ਅਤੇ ਅੰਡਰ 17 ਦੀ ਟੀਮ ਨੇ ਸਿਲਵਰ ਤਗਮਾ ਜਿੱਤਿਆ। ਇਸ ਮੌਕੇ ਖਿਡਾਰੀਆਂ ਨੇ ਆਪਣੇ ਕੋਚ ਮੋਹਿਤ ਅਸ਼ਵਣੀ ਅਤੇ ਟੀਮ ਮੈਨੇਜਰ ਪੁਨੀਤ ਚੋਪੜਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਹੀ ਇਹ ਜਿੱਤ ਹਾਸਲ ਕਰ ਸਕੇ ਹਨ। ਜਾਣਕਾਰੀ ਅਨੁਸਾਰ ਸੇਂਟ ਪੀਟਰਜ਼ ਅਕੈਡਮੀ ਪਟਿਆਲਾ ਦਾ ਵਿਦਿਆਰਥੀ ਗੁਰਮਨਜੋਤ ਸਿੰਘ ਪਹਿਲਾਂ ਵੀ ਅੰਮ੍ਰਿਤਸਰ ਵਿਖੇ ਹੋਏ ਰਾਜ ਪੱਧਰੀ ਹੋਏ ਮੁਕਾਬਲਿਆਂ ਦੌਰਾਨ ਗੋਲਡ ਅਤੇ ਕਾਂਸੀ ਦੇ ਤਗਮੇ ਜਿੱਤ ਚੁੱਕਿਆ ਹੈ। ਖਿਡਾਰੀਆਂ ਦੀ ਇਸ ਪ੍ਰਾਪਤੀ ਤੇ ਫਖ਼ਰ ਕਰਦਿਆਂ ਜਿਲਾ ਸਿੱਖਿਆ ਅਫ਼ਸਰ ਸ੍ਰੀ ਮਤੀ ਕੰਵਲ ਕੁਮਾਰੀ, ਸੇਂਟ ਪੀਡਰਜ਼ ਅਕੈਡਮੀ ਦੇ ਪ੍ਰਿੰਸੀਪਲ , ਏ.ਈ.ਓ. ਸਪਰੋਟਸ ਅਫਸਰ ਜਗਤਾਰ ਸਿੰਘ ਟਿਵਾਣਾ ਨੇ ਸ੍ਰੀ ਪੁਨੀਤ ਚੋਪੜਾ ਅਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਤਹਾਸ ਰਚਣਗੇ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰਨਗੇ। ਉਹਨਾਂ ਦੱਸਿਆ ਕਿ ਤਲਵਾਰਬਾਜੀ ਦੇ ਮੁਕਾਬਲਿਆਂ ਦੌਰਾਨ ਪੰਜਾਬ ਦੀਆਂ ਟੀਮਾਂ ਨੇ ਦੋ ਗੋਲਡ ਮੈਡਲ ਦੋ ਸਿਲਵਰ ਮੈਡਲ ਅਤੇ ਛੇ ਕਾਂਸੀ ਦੇ ਤਗਮੇ ਹਾਸਲ ਕੀਤੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਰਣਜੀਤ ਮਾਣ, ਪਰਮਜੀਤ ਪਟਿਆਲਾ, ਕੋਚ ਹਰੀਸ਼ ਕੁਮਾਰ, ਅਤੇ ਖਿਡਾਰੀਆਂ ਦੇ ਮਾਪੇ ਹਾਜ਼ਰ ਸਨ।

