ਸਰਸ ਮੇਲੇ ਦੀ ਸਫ਼ਲਤਾ ਲਈ ਅਧਿਕਾਰੀਆਂ ਦੀਆਂ ਕਮੇਟੀਆਂ ਦਾ ਗਠਨ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ
ਸਰਸ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਤਨਦੇਹੀ ਤੇ ਜਿੰਮੇਵਾਰੀ ਨਾਲ ਡਿਊਟੀ ਦੇਣ ਅਧਿਕਾਰੀ ਤੇ ਕਰਮਚਾਰੀ-ਕੁਮਾਰ ਅਮਿਤ
21 ਫਰਵਰੀ ਤੋਂ 4 ਮਾਰਚ ਤੱਕ ਲੱਗੇਗਾ ਸ਼ੀਸ਼ ਮਹਿਲ ‘ਚ ਸਰਸ ਮੇਲਾ
ਪਟਿਆਲਾ, 17 ਜਨਵਰੀ (ਮਧੂਸਾਰ ਬਿਊਰੋ) ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 4 ਮਾਰਚ 2018 ਤੱਕ ਲੱਗਣ ਜਾ ਰਹੇ ਸਰਸ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਕਰਕੇ ਉਨ੍ਹਾਂ ਨੂੰ ਜਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੂੰ ਇਨ੍ਹਾਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਉਣ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਦੇਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਅੱਜ ਸ਼ਾਮ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਸ ਮੇਲੇ ਲਈ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵਿਰਾਸਤੀ ਮੇਲੇ ਮੁੜ ਸੁਰਜੀਤ ਕੀਤੇ ਜਾ ਰਹੇ ਹਨ ਅਤੇ ਸਰਸ ਮੇਲੇ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਦੇ ਮੱਦੇਨਜ਼ਰ ਪਟਿਆਲਾ ਵਿਖੇ 18 ਤੋਂ 24 ਫਰਵਰੀ ਤੱਕ ਵਿਰਾਸਤੀ ਮੇਲਾ ਕਿਲਾ ਮੁਬਾਰਕ, ਐਨ.ਆਈ.ਐਸ. ਅਤੇ ਵਾਈ.ਪੀ.ਐਸ. ਸਟੇਡੀਅਮ ਵਿਖੇ ਲੱਗੇਗਾ ਜਦੋਂਕਿ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 4 ਮਾਰਚ ਤੱਕ ਸਰਸ ਮੇਲਾ ਲੱਗੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦੀ ਸਫ਼ਲਤਾ ਲਈ ਜ਼ਿਲ੍ਹਾ ਅਧਿਕਾਰੀ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਕਿ ਇਨ੍ਹਾਂ ਦੋਵਾਂ ਮੇਲਿਆਂ ਨੂੰ ਪੂਰੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਪੂਰੇ ਤਾਣ ਨਾਲ ਨਿਭਾਉਣਗੇ।
ਇਸ ਮੌਕੇ ਏ.ਡੀ.ਸੀ. (ਵਿ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਰਸ (ਸੇਲ ਆਫ਼ ਆਰਟੀਕਲਜ ਆਫ਼ ਰੂਰਲ ਆਰਟੀਸਨਸ ਸੁਸਾਇਟੀ) ਮੇਲੇ ‘ਚ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਸ਼ਿਲਪਕਾਰ ਅਤੇ ਕਲਾਕਾਰ ਪੁੱਜਣਗੇ, ਜਿਨ੍ਹਾਂ ਵੱਲੋਂ ਆਪਣੀ ਦਸਤਕਾਰੀ ਰਾਹੀਂ ਬਣਾਈਆਂ ਗਈਆ ਵਸਤਾਂ ਲੋਕਾਂ ਦੇ ਖਰੀਦਣ ਅਤੇ ਕਲਾਕਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਪੇਸ਼ਕਾਰੀਆਂ ਦਰਸ਼ਕਾਂ ਨੂੰ ਕੀਲਣ ਲਈ ਪੇਸ਼ ਕੀਤੀਆਂ ਜਾਣਗੀਆਂ। ਇਸ ਲਈ ਸਮੁੱਚੇ ਪ੍ਰਬੰਧ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੇ ਜਾਣ ਲਈ ਸਮੁੱਚੇ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਜਿੰਮੇਵਾਰੀਆਂ ਨੂੰ ਆਪਸੀ ਤਾਲਮੇਲ ਨਾਲ ਨਿਭਾਉਣ ਤਾਂ ਕਿ ਸਰਸ ਮੇਲੇ ਨੂੰ ਨਿਰਵਿਘਨਤਾ ਸਹਿਤ ਨੇਪਰੇ ਚੜ੍ਹਾਇਆ ਜਾ ਸਕੇ।
ਇਸ ਮੌਕੇ ਏ.ਡੀ.ਸੀ. (ਜ) ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਇਸ ਮੇਲੇ ਦੌਰਾਨ ਪਟਿਆਲਾ ਹੀ ਨਹੀਂ ਬਲਕਿ ਪੂਰੇ ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ ਅਤੇ ਹੋਰਨਾਂ ਰਾਜਾਂ ਤੋਂ ਦਰਸ਼ਕਾਂ ਅਤੇ ਖਰੀਦਦਾਰਾਂ ਦੇ ਪੁੱਜਣ ਦੀ ਉਮੀਦ ਹੈ, ਜਿਸ ਲਈ ਪੂਰੇ ਪ੍ਰਬੰਧ ਅਜਿਹੇ ਤਰੀਕੇ ਨਾਲ ਕੀਤੇ ਜਾਣ ਤਾਂ ਕਿ ਕਿਸੇ ਦਸਤਕਾਰ, ਕਲਾਕਾਰ ਸਮੇਤ ਆਮ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਵੱਡੀ ਭੀੜ ਦੇ ਜੁਟਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਵੱਲੋਂ ਆਵਾਜਾਈ ਅਤੇ ਸੁਰੱਖਿਆ ਦੇ ਪੁੱਖਤਾ ਇੰਤਜਾਮ ਕੀਤੇ ਜਾਣ, ਜਦੋਂ ਕਿ ਝੂਲਿਆਂ ਆਦਿ ਤੋਂ ਕਿਸੇ ਦੁਰਘਟਨਾ ਅਤੇ ਅੱਗ ਆਦਿ ਤੋਂ ਬਚਾਉਣ ਲਈ ਅੱਗ ਬੁਝਾਊ ਦਸਤੇ ਅਗੇਤੇ ਮਜਬੂਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਆਮ ਲੋਕਾਂ ਦੇ ਪੀਣ ਵਾਲੇ ਪਾਣੀ ਅਤੇ ਜਨਤਕ ਪਖਾਨਿਆਂ ਆਦਿ ਸਮੇਤ ਹੋਰ ਕਈ ਅਹਿਮ ਪ੍ਰਬੰਧਾਂ ਬਾਬਤ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸੁਰਿੰਦਰ ਕੌਰ, ਡੀ.ਐਸ.ਪੀ. ਸੌਰਵ ਜਿੰਦਲ, ਏ.ਪੀ.ਓ. ਲਾਲ ਵਿਸ਼ਵਾਸ਼, ਡੀ.ਡੀ.ਪੀ.ਓ. ਸ. ਸੁਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਸ. ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਮਾਲ ਅਫ਼ਸਰ ਸ. ਹਰਸ਼ਰਨ ਸਿੰਘ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਐਕਸੀਐਨ ਸ. ਸੁਰਿੰਦਰ ਸਿੰਘ ਮਠਾੜੂ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਉਤਰ ਕੇਂਦਰੀ ਸੱਭਿਆਰਕ ਕੇਂਦਰ ਤੋਂ ਸ੍ਰੀ ਰਵਿੰਦਰ ਸ਼ਰਮਾ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।

