ਰੱਖੜਾ ਨੇ ਅਨਾਜ ਮੰਡੀ ਪੁੱਜਕੇ ਖੋਲ੍ਹੀ ਸਰਕਾਰੀ ਪ੍ਰਬੰਧਾਂ ਦੀ ਪੋਲ !
-ਮਾਈਨਿੰਗ ਕਰਨ ਵਾਲੇ ਕਾਂਗਰਸੀਆਂ ਖਿਲਾਫ਼ ਆਖਿਰ ਕਾਰਵਾਈ ਕਿਉਂ ਨਹੀਂ : ਰੱਖੜਾ
-ਕੈਪਟਨ ਦੀ ਨਲਾਇਕੀ ਕਾਰਨ ਮੰਡੀਆਂ ’ਚ ਨਹੀਂ ਪੁੱਜ ਰਿਹਾ ਬਾਰਦਾਨਾ
-‘ਸਿੱਧੂ’ ਜੋੜੇ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਕੈਪਟਨ
ਪਟਿਆਲਾ 19 ਅਪ੍ਰੈਲ (ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਜ਼ਿਲ੍ਹਾ ਪਟਿਆਲਾ ਦੀ ਅਨਾਜ ਮੰਡੀ ਦਾ ਦੋਰਾ ਕੀਤਾ ਅਤੇ ਸਰਕਾਰੀ ਪ੍ਰਬੰਧ ਦੀ ਪੋਖ ਖੋਲ੍ਹਦਿਆਂ ਕਿਹਾ ਕਿ ਸੀ.ਐਮ. ਸਿਟੀ ਦੀ ਮੰਡੀ ਅਤੇ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬਾਰਦਾਨਾ ਨਾ ਪੁੱਜਣ ਦਾ ਕਾਰਨ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਧਰਨੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ। ਸ. ਰੱਖੜਾ ਨੇ ਅਨਾਜ ਮੰਡੀ ਵਿਚ ਪੁੱਜ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਰੋਨਾ ਦਾ ਬਹਾਨਾ ਲਗਾਕੇ ਮੁੱਖ ਮੰਤਰੀ ਕੈਪਟਨ ਆਪਣੇ ਸਰਕਾਰੀ ਬੰਗਲੇ ਵਿਚੋਂ ਬਾਹਰ ਨਹੀਂ ਆ ਰਿਹਾ ਹੈ, ਉਥੇ ਹੀ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਦਫਤਰ ਬੈਠਣ ਨੂੰ ਤਰਜੀਹ ਦਿੰਦਾ ਹੈ ਅਤੇ ਇਕ ਦਿਨ ਵੀ ਕਿਸੇ ਵੀ ਮੰਡੀ ’ਚ ਸਥਿਤੀ ਵੇਖਣ ਨਹੀਂ ਪੁੱਜਿਆ।

ਰੱਖੜਾ ਨੇ ਕਿਹਾ ਕਿ ਇਕ ਤਾਂ ਸਰਕਾਰ ਨੇ 1 ਅਪ੍ਰੈਲ ਦੀ ਬਜਾਏ ਖਰੀਦ 10 ਅਪ੍ਰੈਲ ਨੂੰ ਕੀਤੀ, ਦੂਸਰਾ ਫਸਲੀ ਸੀਜ਼ਨ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਸਕਿਆ। ਇਕ ਸਵਾਲ ਦੇ ਜਵਾਬ ’ਚ ਸ. ਰੱਖੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਅਤੇ ਆੜ੍ਹਤੀਆਂ ’ਚ ਤਲਖ਼ੀ ਪੈਦਾ ਕਰਨ ਅਤੇ ਆਪਸੀ ਰਿਸ਼ਤਿਆਂ ਨੂੰ ਤੋੜਨ ਲਈ ਵੱਡੀ ਚਾਲ ਚੱਲੀ, ਪਰ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੇ ਖੇਤੀ ਬਿੱਲਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਭਰਮ ਭੁਲੇਖੇ ਦੂਰ ਕੀਤੇ ਹੁੰਦੇ ਤਾਂ ਅੱਜ ਦੇਸ਼ ਵਿਚ ਇਹ ਹਾਲਾਤ ਪੈਦਾ ਨਾ ਹੁੰਦੇ।
ਸ. ਰੱਖੜਾ ਨੇ ਕਿਹਾ ਕਿ ਮਾਈਨਿੰਗ ਧੰਦੇ ਨੂੰ ਲੈ ਕੇ ਕੈਪਟਨ ਸਰਕਾਰ ਇਸ ਕਰਕੇ ਗੰਭੀਰ ਨਹੀਂ ਹੋਈ ਕਿਉਂਕਿ ਮਾਈਨਿੰਗ ਧੰਦੇ ਨਾਲ ਜੁੜਕੇ ਬਹੁਤ ਸਾਰੇ ਕਾਂਗਰਸੀ ਆਪਣੀਆਂ ਜੇਬਾਂ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਮਿੱਟੀ ਪੁੱਟਣ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਖਿਲਾਫ਼ ਤਾਂ ਮਾਮਲੇ ਦਰਜ ਹੁੰਦੇ ਹਨ, ਪਰ ਜਿਹੜੇ ਕਾਂਗਰਸੀ ਜ਼ਮੀਨਾਂ ’ਚ ਵੱਡੇ ਵੱਡੇ ਟੋਏ ਪੁੱਟਕੇ ਮਾਈਨਿੰਗ ਦਾ ਧੰਦਾ ਕਰ ਰਹੇ ਹਨ, ਉਨ੍ਹਾਂ ਖਿਲਾਫ਼ ਸਰਕਾਰ ਕਾਰਵਾਈ ਤੋਂ ਗੁਰੇਜ਼ ਕਿਉਂ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਮਾਈਨਿੰਗ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ, ਪਰ ਜਾਣ ਬੁੱਝਕੇ ਕਾਂਗਰਸੀਆਂ ਖਿਲਾਫ਼ ਕਾਰਵਾਈ ਕਰਨ ਤੋਂ ਘੇਸਲ ਵੱਟੀ ਜਾ ਰਹੀ ਹੈ।
ਸ. ਰੱਖੜਾ ਨੇ ਕਿਹਾ ਕਿ ਅੱਜ ਹਰ ਵਰਗ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਿਹਾ, ਉਥੇ ਹੀ ਕਾਂਗਰਸ ਦੇ ਖੁਦ ਮੰਤਰੀ ਵੀ ਕਾਂਗਰਸ ਸਰਕਾਰ ਦੇ ਕੰਮਾਂ ਦੀ ਪੋਲ ਖੋਲ੍ਹ ਰਹੇ ਹਨ। ਸਵਾਲ ਦਾ ਜਵਾਬ ਦਿੰਦਿਆਂ ਰੱਖੜਾ ਨੇ ਕਿਹਾ ਕਿ ਸਿੱਧੂ ਜੋੜੇ ਵੱਲੋਂ ਸੀ.ਐਮ. ਸਿਟੀ ਵਿਚ ਪੁੱਜ ਕੇ ਆਪਣੀ ਹੀ ਸਰਕਾਰ ਖਿਲਾਫ਼ ਵੱਡੇ ਸਵਾਲ ਖੜਾ ਕਰਨਾ ਇਹ ਮੰਗ ਕਰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾਲਾਂ ਦਾ ਜਵਾਬ ਦੇਣ ਅਤੇ ਹੁਣ ਲੋਕ ਪੰਜ ਸਾਲਾਂ ਦੀ ਕਾਰਗੁਜ਼ਾਰੀ ਦਾ ਜਵਾਬ ਮੰਗ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਬੀਰ ਸਿੰਘ ਖੱਟੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਕੌਂਸਲਰ ਸੁਖਮਿੰਦਰਪਾਲ ਸਿੰਘ ਮਿੰਟਾ, ਗੁਰਪ੍ਰੀਤ ਸਿੰਘ ਚੱਠਾ, ਰਣਬੀਰ ਸਿੰਘ ਵਿਰਕ, ਮਾਲਵਿੰਦਰ ਸਿੰਘ ਮਾਲੀ, ਯੂਥ ਆਗੂ ਅਮਿਤ ਰਾਠੀ, ਰਵਿੰਦਰਪਾਲ ਸਿੰਘ ਵਿੰਦਾ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਸ਼ਿਵਰਾਜ ਸਿੰਘ ਅਬਲੋਵਾਲ ਆਦਿ ਹਾਜ਼ਰ ਸਨ।

