ਕਤਲ ਮਾਮਲੇ ‘ਚ ਗਾਗੂ ਮੁਜ਼ਰਮ ਨਹੀਂ, ਵਿੱਕੀ ਤੇ ਰਾਜਾ ਸਨ ਅਸਲ ਦੋਸ਼ੀ : ਮਾਪੇ
ਕਤਲ ਮਾਮਲੇ ‘ਚ ਗਾਗੂ ਹੋ ਚੁੱਕੈ ਬਰੀ, ਵਿੱਕੀ ਤੇ ਰਾਜਾ ਖਿਲਾਫ਼ ਹੋਵੇ ਜਾਂਚ : ਮਾਪੇ
ਸੁਖਵਿੰਦਰ ਗਾਗੂ ਦੇ ਮਾਪਿਆਂ ਨੇ ਵਿੱਕੀ ਰਿਵਾਜ ਵਲੋਂ ਲਾਏ ਦੋਸ਼ਾਂ ਨੂੰ ਨਕਾਰਿਆ
ਗਾਗੂ ਨੂੰ ਸਾਜਿਸ਼ ਤਹਿਤ ਫਸਾਇਆ ਜਾ ਰਿਹਾ
ਪਟਿਆਲਾ (ਮਧੂਸਾਰ ਬਿਊਰੋ) ਸੁਖਵਿੰਦਰ ਸਿੰਘ ਗਾਗੂ ਦੇ ਪਿਤਾ ਜ਼ੋਗਿੰਦਰ ਸਿੰਘ ਅਤੇ ਮਾਤਾ ਸ਼ਵਿੰਦਰ ਕੌਰ ਨੇ ਗਾਗੂ ਉੱਪਰ ਅਕਾਲੀ ਆਗੂ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਵਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਗਾਗੂ ਦੇ ਮਾਪਿਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪੁੱਤਰ ਨੂੰ ਸਾਜਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ, ਜਦੋਂ ਕਿ ਗਾਗੂ ਬਿਲਕੁਲ ਨਿਰਦੋਸ਼ ਹੈ।
ਉਹਨਾਂ ਨੇ ਕਿਹਾ ਕਿ ਸਾਲ 2009 ਵਿੱਚ ਮੁਕੱਦਮਾ ਨੰ 285 ਜ਼ੋ ਕਿ ਕਤਲ ਦਾ ਮੁਕੱਦਮਾ ਸੀ ਵਿੱਕੀ ਰਿਵਾਜ ਅਤੇ ਰਾਜਾ ਡੈਰੀ ਵਾਲਾ ਇਸ ਵਿੱਚ ਮੁੱਖ ਦੋਸ਼ੀ ਸਨ, ਜਦੋ ਕਿ ਉਸ ਵੇਲੇ ਇਨਾਂ ਨੇ ਜਾਣ ਬੁੱਝ ਕੇ ਗਾਗੂ ਦਾ ਨਾਮ ਕੇਸ ਵਿੱਚ ਪੁਆ ਦਿੱਤਾ ਸੀ, ਜਦੋ ਕਿ ਸੁਖਵਿੰਦਰ ਗਾਗੂ ਉਸ ਵੇਲੇ ਪੰਜਾਬ ਵਿੱਚ ਨਾ ਹੋ ਕੇ ਮਨੀਕਰਨ ਸਾਹਿਬ ਵਿਖੇ ਗਿਆ ਹੋਇਆ ਸੀ ਜਿਸ ਦੀ ਜਾਂਚ ਉਸ ਸਮੇਂ ਪਟਿਆਲਾ ਦੇ ਐਸ.ਐਸ.ਪੀ ਅਰਪਿਤ ਸ਼ੁਕਲਾ ਨੇ ਕੀਤੀ ਸੀ ਅਤੇ ਗਾਗੂ ਨੂੰ ਨਿਰਦੋਸ਼ ਹੋਣ ਤੇ ਕੇਸ ਵਿੱਚੋਂ ਕੱਢ ਦਿੱਤਾ ਸੀ।
ਗਾਗੂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਵਿੱਕੀ ਰਿਵਾਜ ਖੁਦ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜਿਸ ਉੱਪਰ 307 ਅਤੇ ਜੁੱਤੀਆਂ ਵਾਲਾ ਬਾਜਾਰ ਪਟਿਆਲਾ ਵਿਖੇ ਲੁੱਟ ਖੋਹ ਦੇ ਕੇਸ ਦਰਜ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿੱਕੀ ਰਿਵਾਜ ਦੀ ਪੁਲਿਸ ਵਾਲਿਆਂ ਨਾਲ ਗੰਢਤੁਪ ਹੈ, ਜਿਸ ਦੀ ਜਾਂਚ ਕਰਵਾਈ ਜਾਵੇ, ਜਿਸ ਦੀ ਪੋਲ ਮੋਬਾਇਲ ਲੋਕੇਸ਼ਨਾਂ ਦੀ ਜਾਂਚ ਕਰਵਾਉਣ ‘ਤੇ ਸਾਹਮਣੇ ਆ ਸਕਦੀ ਹੈ।
ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਗਾਗੂ ਖਿਲਾਫ਼ ਜਿਹੜੇ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਉਹ ਬਾਇਜ਼ਤ ਬਰੀ ਹੈ, ਜਿਸ ਦੀ ਜੱਜਮੈਂਟ ਕਾਪੀਆਂ ਅਸੀਂ ਮੀਡੀਏ ਨੂੰ ਮੁਹੱਈਆ ਕਰਵਾ ਸਕਦੇ ਹਾਂ। ਗਾਗੂ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਸੁਖਵਿੰਦਰ ਸਿੰਘ ਗਾਗੂ ਦੀ ਜਾਨ ਮਾਲੀ ਦੀ ਰਾਖੀ ਕੀਤੀ ਜਾਵੇ ਨਾ ਕਿ ਉਸ ਖਿਲਾਫ਼ ਝੂਠੇ ਮਾਮਲੇ ਦਰਜ ਕਰਕੇ ਉਸ ਦੀ ਅਤੇ ਸਾਡੀ ਜ਼ਿੰਦਗੀ ਤਬਾਹ ਕੀਤੀ ਜਾਵੇ।

