ਪੰਜਾਬਪਟਿਆਲਾ

ਮੇਅਰ ਦੀ ਚੋਣ : ਅਬਜ਼ਰਵਰ ਧਰਮਸੌਤ ਵੱਲੋਂ ਕੌਂਸਲਰਾਂ ਨਾਲ ਮੰਥਨ

ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ) : ਨਗਰ ਨਿਗਮ ਪਟਿਆਲਾ ਦੇ ਮੇਅਰ ਲਈ ਅੱਜ ਮੰਥਨ ਕੀਤਾ ਗਿਆ। ਇਸ ਮੌਕੇ ਚੋਣ ਅਬਜ਼ਰਵਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕੱਲੇ-ਇਕੱਲੇ ਕੌਂਸਲਰ ਨਾਲ ਗੱਲਬਾਤ ਕੀਤੀ ਅਤੇ ਮੇਅਰ ਦੇ ਨਾਮ ਬਾਰੇ ਵਿਚਾਰ ਜਾਣੇ।

ਸਰਕਟ ਹਾਊਸ ਵਿਖੇ ਨਿਗਮ ਚੋਣਾਂ ਵਿਚ ਚੁਣੇ ਕਾਂਗਰਸ ਦੇ 59 ਕੌਂਸਲਰ ਨਾਲ ਪਹਿਲਾਂ ਨਿਗਮ ਕਮਿਸ਼ਨਰ ਗੁਰਪੀਤ ਸਿੰਘ ਖਹਿਰਾ ਨੇ ਕੌਂਸਲਰਾਂ ਨਾਲ ਗੱਲਬਾਤ ਕੀਤੀ ਤੇ ਮੰਗਲਵਾਰ ਨੂੰ ਨਿਗਮ ਦਫਤਰ ਵਿਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਬਾਰੇ ਚਰਚਾ ਕੀਤੀ ਗਈ। ਇਸ ਤੋਂ ਬਾਅਦ 10 ਕੁ ਵਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਰਕਟ ਹਾਊਸ ਪੁੱਜੇ ‘ਤੇ ਕੌਂਸਲਰਾਂ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਕੀਤਾ। ਕੈਬਨਿਟ ਮੰਤਰੀ ਧਰਮਸੋਤ ਨੇ ਸਮੂਹ ਕੌਂਸਲਰਾਂ ਨਾਲ ਗੱਲਬਾਤ ਤੋਂ ਬਾਅਦ ਚਾਹ ਦਾ ਕੱਪ ਵੀ ਸਾਂਝਾ ਕੀਤਾ। ਅੱਜ ਹੋਈ ਮੀਟਿੰਗ ‘ਤੇ ਕੌਂਸਲਰਾਂ ਦੇ ਵਿਚਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਅੱਗੇ ਰੱਖੇ ਜਾਣਗੇ। ਉਸ ਤੋਂ ਬਾਅਦ ਤਿੰਨੋਂ ਅਹੁਦਿਆਂ ਲਈ ਨਾਵਾਂ ਦੀ ਘੋਸ਼ਣਾ ਮੰਗਲਵਾਰ ਨੂੰ ਸਹੁੰ ਚੁੱਕਕ ਸਮਾਗਮ ਵਿਚ ਦਿੱਤੀ ਜਾਵੇਗੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਜੇ ਇਸ ਸਬੰਧੀ ਜ਼ਿਆਦਾ ਕੁਝ ਵੀ ਨਹੀਂ ਕਹਿਣਗੇ। ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਸ਼ਾਹੀ ਸ਼ਹਿਰ ਨੂੰ ਵਿਕਾਸ ਪਸੰਦ ਮੇਅਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਵਾਰਡ ਦੀ ਸਫਾਈ, ਸੀਵਰੇਜ ਤੇ ਵਾਟਰ ਸਪਲਾਈ ਦੇ ਨਾਲ-ਨਾਲ ਸਹਿਤ ਸੁਵਿਧਾਵਾਂ ਦਾ ਧਿਆਨ ਕੌਂਸਲਰ ਪੂਰੀ ਜ਼ਿੰਮੇਵਾਰੀ ਨਾਲ ਰੱਖਣ।
ਉਨ੍ਹਾਂ ਨੇ ਦੱਸਿਆ ਕਿ ਕਿਸੇ ਕੌਂਸਲਰ ਨੇ ਅਹੁਦੇ ਦੀ ਦਾਅਵੇਦਾਰੀ ਨਾ ਕਰਕੇ ਆਖਰੀ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਛੱਡਿਆ ਹੈ। ਅੱਜ ਜਿਸ ਸਮੇਂ ਮੰਥਨ ਮੀਟਿੰਗ ਦੇ ਮੱਦੇਨਜ਼ਰ ਇਕੱਲੇ-ਇਕੱਲੇ ਕੌਂਸਲਰ ਨੂੰ ਅੰਦਰ ਬੁਲਾ ਕੇ ਗੱਲਬਾਤ ਕੀਤੀ ਜਾ ਰਹੀ ਸੀ। ਉਸ ਸਮੇਂ ਸਿਰਫ ਸ. ਧਰਮਸੋਤ ਹੀ ਮੌਜੂਦ ਸਨ। ਇਸ ਮੌਕੇ ਮੀਡੀਆ ਦੀ ਐਂਟਰੀ ਬਿਲਕੁੱਲ ਨਹੀਂ ਸੀ। ਮੇਅਰ ਸਬੰਧੀ ਗੱਲਬਾਤ ਕਰਕੇ ਆਏ ਕੁਝ ਕੌਂਸਲਰਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਸਿਰਫ ਇਹ ਹੀ ਪੁੱਛਿਆ ਗਿਆ ਹੈ ਕਿ ਉਹ ਕਿਸ ਆਗੂ ਨੂੰ ਮੇਅਰ ਬਣਾਉਣਾ ਪਸੰਦ ਕਰਦੇ ਹਨ। ਜਦਕਿ ਕਿਸੇ ਨੇ ਵੀ ਨਾ ਤਾਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਅਤੇ ਨਾ ਹੀ ਕਿਸੇ ਵੀ ਕੌਂਸਲਰ ਨੇ ਆਪਣਾ ਨਾਮ ਜਾਂ ਕਿਸੇ ਵੀ ਕੌਂਸਲਰ ਦਾ ਨਾਮ ਰੱਖਿਆ। ਸੂਤਰ ਦੱਸਦੇ ਹਨ ਕਿ ਲਗਭਗ ਸਾਰੇ ਕੌਂਸਲਰਾਂ ਨੂੰ ਵਿਚਾਰਾਂ ਕਰਨ ਤੋਂ ਬਾਅਦ ਇਹੀ ਕਿਹਾ ਗਿਆ ਹੈ ਕਿ ਜੋ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਪੰਜਾਬਾ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਕਰਨਗੇ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ, ਜਿਸ ‘ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਉਂਦਿਆਂ ਇਹੀ ਕਿਹਾ ਕਿ ਜੋ ਹਾਈਕਮਾਨ ਕਰੇਗਾ। ਉਹ ਸਾਰਿਆਂ ਨੂੰ ਹੀ ਮਨਜ਼ੂਰ ਹੋਵੇਗਾ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਵਿਚ 60 ਕੌਂਸਲਰਾਂ ਤੋਂ ਇਲਾਵਾ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਗਰ ਨਿਗਮ ਦੀ ਜਨਰਲ ਹਾਊਸ ਦੇ ਐਕਸ ਆਫੀਸੀਓ ਮੈਂਬਰ ਹੋਣਗੇ। ਇਸ ਵਾਰ ਕੌਂਸਲਰਾਂ ਦੀ ਗਿਣਤੀ 50 ਤੋਂ ਵੱਧ ਕੇ 60 ਹੋ ਗਈ ਹੈ। ਇਸ ਲਈ ਉਸ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਦਿੱਲੀ ਵਿਚ ਬੈਠ ਕੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਫਾਈਨਲ ਕਰ ਲਏ ਹਨ। ਮੇਅਰ ਬਣਾਉਣ ਦੀ ਸਮੁੱਚੀ ਕਮਾਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਦੇ ਹੱਥ ਵਿਚ ਹੈ। ਲਿਹਾਜ਼ਾ ਜਿਸ ‘ਤੇ ਵੀ ਪ੍ਰਨੀਤ ਕੌਰ ਦਾ ਹੱਥ ਹੋਵੇਗਾ, ਉਹ ਮੇਅਰ ਬਣਨ ਵਿਚ ਸਫਲ ਰਹੇਗਾ। ਜਦਕਿ ਅੱਜ ਸ. ਸਾਧੂ ਸਿੰਘ ਧਰਮਸੋਤ ਵੱਲੋਂ ਕੀਤੀ ਗਈ ਮੰਥਨ ਮੀਟਿੰਗ ਮਹਿਜ਼ ਇਕ ਕਾਰਵਾਈ ਪੂਰੀ ਦੀ ਪ੍ਰਕਿਰਿਆ ਦਾ ਹਿੱਸਾ ਹੀ ਸੀ।

Leave a Reply

Your email address will not be published. Required fields are marked *