ਪੰਜਾਬ

ਪੰਜਾਬ ਦੀ ਖੁਸ਼ਹਾਲੀ ਦੇ ਰਾਖੇ ਸਰਕਾਰੀ ਸਕੀਮਾਂ ਤੇ ਰੱਖਣਗੇ ਨਜ਼ਰ: ਸ਼ੇਰਗਿੱਲ

ਮੁੱਖ ਮੰਤਰੀ ਦੇ ਸਲਾਹਾਕਾਰ ਨੇ ਗਾਰਡੀਅਨਜ਼ ਆਫ ਗਵਰਨੈਂਸ ਦੀ ਚੱਲ ਰਹੀ ਟ੍ਰੇਨਿੰਗ ਵਿੱਚ ਨੁਕਤੇ ਕੀਤੇ ਸਾਂਝੇ
ਪਟਿਆਲਾ, 25 ਜਨਵਰੀ (ਮਧੂਸਾਰ ਬਿਊਰੋ) ਦੇਸ਼ ਦੇ ਕਿਸੇ ਰਾਜ ਵਿੱਚ ਪਹਿਲੀ ਵਾਰ ਸਾਬਕਾ ਫੌਜੀਆਂ ਨੂੰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਵੇਲੇ ਹੋਣ ਵਾਲੀਆਂ ਕੁਤਾਹੀਆਂ ਨੂੰ ਰੋਕਣ ਲਈ ਜ਼ਿੰਮੇਵਾਰੀ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫ. ਜਨਰਲ ਟੀ.ਐਸ ਸ਼ੇਰਗਿੱਲ (ਸੇਵਾ ਮੁਕਤ) ਨੇ ਅੱਜ ਥਾਪਰ ਯੂਨੀਵਰਸਿਟੀ ਵਿਖੇ ਗਾਰਡੀਅਨਜ਼ ਆਫ ਗਵਰਨੈਂਸ ਦੀ ਚੱਲ ਰਹੀ ਟ੍ਰੇਨਿੰਗ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਇਸ ਦੌਰਾਨ ਸ੍ਰੀ ਸ਼ੇਰਗਿੱਲ ਨੇ ਜ਼ਿਲ੍ਹਾ, ਤਹਿਸੀਲ ਅਤੇ ਪਿੰਡ ਪੱਧਰ ‘ਤੇ ਤੈਨਾਤ ਕੀਤੇ ਜਾਣ ਵਾਲੇ ਸਾਬਕਾ ਫੌਜੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਕੇਂਦਰ ਦੀ ਯੋਜਨਾ ਹੋਵੇ ਜਾਂ ਰਾਜ ਸਰਕਾਰ ਦੀ ਅਕਸਰ ਵੇਖਿਆ ਜਾਂਦਾ ਹੈ ਕਿ 1 ਰੁਪਏ ਚੋਂ ਸਿਰਫ਼ 15 ਪੈਸੇ ਹੀ ਅਖੀਰਲੇ ਲਾਭਪਾਤਰੀ ਤੱਕ ਪੁਜੱਦੇ ਹਨ ਜੇਕਰ ਇਹੋ ਪੈਸਾ ਠੀਕ ਤਰੀਕੇ ਨਾਲ ਲੱਗ ਜਾਵੇ ਤਾਂ 6 ਸਾਲ ਦਾ ਕੰਮ 1 ਸਾਲ ਵਿੱਚ ਹੋ ਸਕਦਾ ਹੈ। ਉਹਨਾਂ ਸਾਬਕਾ ਸੈਨਿਕਾਂ ਨੂੰ ਕਿਹਾ ਕਿ ਉਹ ਯੋਧੇ ਹਨ ਅਤੇ ਲੀਡਰ ਵੀ ਹਨ ਇਸ ਕਰਕੇ ਉਹਨਾਂ ਨੂੰ ਚੁਣਿਆ ਗਿਆ ਹੈ। ਹੁਣ ਪੰਜਾਬ ਦੀ ਖੁਸ਼ਹਾਲੀ ਦੇ ਰਾਖਿਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਨਾਂ ਕੇਵਲ ਉਹ ਸਰਕਾਰੀ ਸਕੀਮਾਂ ‘ਤੇ ਨਜ਼ਰ ਰੱਖਣ ਬਲਕਿ ਪਿੰਡ ਪੱਧਰ ‘ਤੇ ਸਰਕਾਰੀ ਯੋਜਨਾ ਨੂੰ ਲਾਗੂ ਕਰਨ ਵੇਲੇ ਦਿਖਾਈ ਦੇਣ ਵਾਲੀਆਂ ਕਮੀਆਂ ‘ਤੇ ਵੀ ਨਜ਼ਰ ਰੱਖਣ ਜੇਕਰ ਕੋਈ ਕੰਮ ਠੀਕ ਹੋ ਰਿਹਾ ਹੈ ਤਾਂ ਉਸ ਦੀ ਵੀ ਰਿਪੋਰਟ ਸਰਕਾਰ ਨੂੰ ਕਰਨ।
ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ‘ਚ ਭ੍ਰਿਸ਼ਟਾਚਾਰ ਨਾ ਹੋਵੇ, ਫੰਡ ਦਾ ਸੁਚੱਜਾ ਪ੍ਰਬੰਧ ਹੋਵੇ ਅਤੇ ਹਰ ਲਾਭਪਾਤਰੀ ਕੋਲ ਯੋਜਨਾ ਪਹੁੰਚੇ ਇਸ ਦੀ ਲਗਾਤਾਰ ਫੀਡ ਬੈਕ ਦੇਣ ਦਾ ਕੰਮ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਫੌਜੀਆਂ ਨੂੰ ਸੌਂਪਿਆ ਹੈ।
ਇਸ ਮੌਕੇ ਗਾਰਡੀਅਨਜ਼ ਆਫ ਗਵਰਨੈਂਸ ਦੇ ਜ਼ਿਲ੍ਹਾ ਪ੍ਰਧਾਨ ਬ੍ਰਿਗੇਡੀਅਰ ਦਵਿੰਦਰ ਸਿੰਘ ਗਰੇਵਾਲ (ਸੇਵਾ ਮੁਕਤ) ਨੇ ਦੱਸਿਆ ਕਿ ਰਾਜ ਸਰਕਾਰ ਦੀਆਂ ਡੇਢ ਦਰਜ਼ਨ ਤੋਂ ਵੱਧ ਯੋਜਨਾਵਾਂ ਦੀ ਫੀਡ ਬੈਕ ਰਾਜ ਸਰਕਾਰ ਨੂੰ ਅਤੇ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਪੱਧਰ ‘ਤੇ ਦੇਣ ਲਈ ਪੰਜਾਬ ਦੀ ਖੁਸਹਾਲੀ ਦੇ ਇਹਨਾਂ ਰਾਖਿਆਂ ਨੂੰ ਇੱਕ ਮੋਬਾਇਲ ਐਪ ਰਾਹੀਂ ਫੀਡ ਬੈਕ ਭੇਜਣ ਦੀ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਰਾਹੀਂ ਇਹ ਕਿਸੇ ਵੀ ਯੋਜਨਾ ਦੀ ਕਮੀ ਅਤੇ ਲਾਭਪਾਤਰੀ ਕੋਲ ਸਮੇਂ ਸਿਰ ਨਾ ਪੁੱਜਣ ਵਾਲੀ ਜਾਣਕਾਰੀ ਆਪਣੇ ਮੋਬਾਇਲ ਰਾਹੀਂ ਦੇ ਸਕਣਗੇ।

Leave a Reply

Your email address will not be published. Required fields are marked *