ਪੰਜਾਬਪਟਿਆਲਾ

ਹਲਕਾ ਦਿਹਾਤੀ ‘ਚ ਠੱਠਾਂ ਮਾਰਦੇ ਇਕੱਠ ਨੇ ਸਤਬੀਰ ਖੱਟੜਾ ਦੀ ਜਿੱਤ ‘ਤੇ ਲਗਾਈ ਮੋਹਰ

ਕਾਂਗਰਸ 50 ਸਾਲ ਸੱਤਾ ‘ਚ ਰਹੀ, ਜੋ ਇਕ ਵੀ ਪ੍ਰਾਪਤੀ ਦੱਸੇ : ਸੁਖਬੀਰ ਬਾਦਲ
ਕਾਂਗਰਸੀ ਵਿਧਾਇਕ ਨੇ ਜਿੱਤਣ ਮਗਰੋਂ ਲੋਕਾਂ ਦੀ ਕਦੇ ਸਾਰ ਨਹੀਂ ਲਈ : ਸਤਬੀਰ ਖੱਟੜਾ
ਅਰਵਿੰਦ ਕੇਜਰੀਵਾਲ ਗੈਰ ਪੰਜਾਬੀ, ਜਿਸ ਨੂੰ ਲੋਕ ਮੂੰਹ ਨਾ ਲਾਉਣ : ਰੂਬੀ ਢੱਲਾ
ਮਾਝੇ,ਦੋਆਬੇ ‘ਚ ਆਪ ਦਾ ਮੁਕੰਮਲ ਸਫਾਇਆ, ਮਾਲਵੇ ‘ਚ 21 ਸੀਟਾਂ ‘ਤੇ ਤਿਕੌਣੀ ਟੱਕਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਦਿਹਾਤੀ ਤੋਂ ਸ੍ਰੋਮਣੀ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸਤਬੀਰ ਸਿੰਘ ਖੱਟੜਾ ਦੀ ਜਿੱਤ ‘ਤੇ ਉਸ ਸਮੇਂ ਮੋਹਰ ਲੱਗ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ‘ਚ ਹਲਕਾ ਦਿਹਾਤੀ ਦੇ ਲੋਕਾਂ ਨੇ ਵਿਸ਼ਾਲ ਇਕੱਠ ਕਰਕੇ ਇਹ ਸੰਕੇਤ ਦਿੱਤੇ ਕਿ ਇਸ ਵਾਰ ਲੋਕ ਵੱਡੇ ਬਹੁਮਤ ਨਾਲ ਸਤਬੀਰ ਸਿੰਘ ਖੱਟੜਾ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਗੇ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਾਂਗਰਸ ਨੇ ਸੂਬੇ ‘ਚ ਲੰਮਾ ਸਮਾਂ ਰਾਜ ਕੀਤਾ, ਪ੍ਰੰਤੂ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਲੋਕਾਂ ਤੋਂ ਸੱਤਾ ਪ੍ਰਾਪਤੀ ਦਾ ਮੌਕਾ ਮੰਗ ਰਿਹਾ ਹੈ, ਪ੍ਰੰਤੂ ਕਾਂਗਰਸ ਦੀ ਕੋਈ ਵੀ ਪ੍ਰਾਪਤੀ ਦੱਸਣ ‘ਚ ਅਸਫਲ ਸਾਬਤ ਹੋ ਰਹੇ ਹਨ, ਜਿਸ ਕਾਰਨ ਸੂਬੇ ਦੇ ਲੋਕ ਕਾਂਗਰਸ ਨੂੰ ਲਿਆਉਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿੱਤਣ ਮਗਰੋਂ ਮਹਿਲ ‘ਚ ਅਯਾਸ਼ੀ ਕਰਨ ‘ਚ ਮਸ਼ਰੂਫ ਹੋ ਜਾਂਦਾ ਅਤੇ ਲੋਕਾਂ ‘ਚ ਧੰਨਵਾਦ ਕਰਨ ਵੀ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ ਕੀਤੀ ਅਤੇ ਹਰ ਵਰਗ ਨੂੰ ਬਰਬਾਦ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਪਾ੍ਰਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ‘ਚ ਬਹੁਪੱਖੀ ਵਿਕਾਸ ਕਰਦਿਆਂ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਨੂੰ ਖੁਸ਼ਹਾਲ ਬਣਾਇਆ ਅਤੇ ਅਜਿਹੀਆਂ ਭਲਾਈ ਸਕੀਮਾਂ ਲਿਆਂਦੀ, ਜਿਸ ਦਾ ਲਾਭ ਲੋਕ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ 3500 ਹਜ਼ਾਰ ਕਰੋੜ ਨਾਲ ਸੂਬੇ ‘ਚ ਚਾਰ ਮਾਰਗੀ, ਛੇ-ਮਾਰਗੀ ਸੜਕਾਂ ਦਾ ਜਾਲ ਵਿਛਾਉਣ ਤੋਂ ਇਲਾਵਾ 160 ਸ਼ਹਿਰਾਂ ਦੀਆਂ ਮੰਡੀਆਂ ‘ਚ ਸੀਵੇਰਜ, ਪਾਣੀ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰੋੜਾਂ ਰੁਪਏ ਵਿਰਾਸਤੀ ਇਮਾਰਤਾਂ, ਇਤਿਹਾਸਕ ਯਾਦਗਾਰਾਂ ਬਣਾਉਣ ‘ਤੇ ਖਰਚੇ।
ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਟੋਪੀ ਵਾਲਿਆਂ ਦੀ ਪਾਰਟੀ ਝੂਠੇ ਤੇ ਫਰੇਬੀ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਖ਼ੁਦ ਹੀ ਆਪ ਪਾਰਟੀ ਨੂੰ ਠੱਗ ਪਾਰਟੀ ਘੋਸ਼ਿਤ ਕਰ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹਾ ਵਿਅਕਤੀ ਹੈ, ਉਹ ਜਿਸ ਦੀ ਵੀ ਬਾਂਹ ਫੜਦਾ ਬਾਂਹ ਵੱਢ ਕੇ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਝਾ ਅਤੇ ਦੋਆਬੇ ‘ਚ ਆਪ ਪਾਰਟੀ ਦਾ ਮੁਕੰਮਲ ਸਫਾਇਆ ਹੋ ਚੁੱਕਾ ਹੈ ਅਤੇ ਮਾਲਵੇ ਦੀਆਂ 21 ਸੀਟਾਂ ‘ਤੇ ਤਿਕੌਣੀ ਟੱਕਰ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਲੋਕਾਂ ਨੂੰ ਸੂਬੇ ਦੀ ਬੇਹਤਰੀ ਲਈ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਬਣਾਉਣੀ ਚਾਹੀਦੀ ਹੈ ਅਤੇ ਚਾਰ ਫਰਵਰੀ ਨੂੰ ਤੱਕੜੀ ਦੇ ਬੱਟਨ ਦਬਾ ਕੇ ਸਰਕਾਰ ਦੇ ਕੰਮਾਂ ‘ਤੇ ਮੋਹਰ ਲਗਾਉਂਦੇ ਹੋਏ ਮੁੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਹਲਕਾ ਦਿਹਾਤੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਲੋਕਾਂ ਨੇ ਕਾਂਗਰਸੀ ਵਿਧਾਇਕ ਨੂੰ ਜਿਤਾ ਕੇ ਵੇਖ ਲਿਆ, ਜੋ ਜਿੱਤਣ ਮਗਰੋਂ ਕਦੇ ਵੀ ਇਲਾਕੇ ਦੇ ਲੋਕਾਂ ਦੀ ਸਾਰ ਲੈਣ ਤੱਕ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਅਹਿਮ ਜ਼ਿੰਮੇਵਾਰੀ ਮਿਲਣ ‘ਤੇ ਹਲਕਾ ਦਿਹਾਤੀ ‘ਚ ਸੀਵਰੇਜ ਲਿਆਉਣ ਲਈ 109 ਕਰੋੜ ਰੁਪਏ ਮਨਜ਼ੂਰ ਕਰਵਾਏ, ਡੀਐਲਐਫ ਕਾਲੋਨੀ ਨੂੰ ਸਵਰਗ ਬਣਾਇਆ ਗਿਆ ਅਤੇ ਡੀਸੀਡਬਲਿਊ ਵਿਖੇ ਬਣਾਇਆ ਗਿਆ ਓਵਰ ਬ੍ਰਿਜ ਅਕਾਲੀ ਭਾਜਪਾ ਸਰਕਾਰ ਦੀ ਵੱਡੀ ਦੇਣ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਲਈ ਸੰਗਤ ਦਰਸ਼ਨ ‘ਚ ਮੁੱਖ ਮੰਤਰੀ ਨੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ, ਜਿਸ ਨੂੰ ਪੂਰੀ ਪਾਰਦਰਸ਼ਤਾ ਨਾਲ ਖਰਚਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਵਿਸ਼ਾਲ ਇਕੱਠ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਲਕਾ ਦਿਹਾਤੀ ਦੇ ਲੋਕ ਬਦਲਾਅ ਚਾਹੁੰਦੇ ਹਨ।
ਇਸ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕੈਨੇਡੀਅਨ ਮੈਂਬਰ ਪਾਰਲੀਮੈਂਟ ਰੂਬੀ ਢੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਅਮਨ, ਸ਼ਾਂਤੀ ਨੂੰ ਭੰਗ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਜਿਨ੍ਹਾਂ ਦੇ ਮਨਸੂਬਿਆਂ ਨੂੰ ਪੰਜਾਬੀ ਕਦੇ ਵੀ ਸਫਲ ਨਹੀਂ ਹੋਣ ਦੇਣਗੇ।
ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਲ ਦਿੱਲੀ ‘ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ, ਜੋ ਹੁਣ ਪੰਜਾਬ ‘ਚ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਗੈਰ ਪੰਜਾਬੀ ਵਿਅਕਤੀ, ਜਿਸ ਨੂੰ ਸੂਬੇ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ‘ਚ ਸੂਬੇ ਨੂੰ ਖੁਸ਼ਹਾਲ ਬਣਾਉਣ ਦੇ ਨਾਲ-ਨਾਲ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ‘ਚ ਵਿਦੇਸ਼ੀ ਤਰਜ਼ ‘ਤੇ ਬਣੀਆਂ ਚਹੁੰ ਤੇ ਛੇ ਮਾਰਗੀ ਸੜਕਾਂ ਤੋਂ ਇਲਾਵਾ ਓਵਰ ਬ੍ਰਿਜਾਂ ਦਾ ਨਿਰਮਾਣ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸਮੁਖੀ ਕੰਮਾਂ ਦਾ ਨਜ਼ਾਰਾ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਲੋਕ ਸੂਬੇ ‘ਚ ਵਿਕਾਸ ਕੰਮਾਂ ਦੀ ਹੋਰ ਵੀ ਹਨੇਰੀ ਝੱਲਦੀ ਵੇਖਣਾ ਚਾਹੁੰਦੇ ਹਨ ਤਾਂ ਬਿਨਾਂ ਸੰਕੋਚ ਤੋਂ ਅਕਾਲੀ-ਭਾਜਪਾ ਦੀ ਤੀਜੀ ਵਾਰ ਸਰਕਾਰ ਬਣਾਉਣ ਲਈ ਆਪਣਾ ਕੀਮਤੀ ਵੋਟ ਸਾਂਝੇ ਉਮੀਦਵਾਰਾਂ ਨੂੰ ਪਾਉਣ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਚਰਨਜੀਤ ਸਿੰਘ ਬਰਾੜ, ਮੇਅਰ ਅਮਰਿੰਦਰ ਬਜਾਜ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ, ਹਰਬਖਸ਼ ਸਿੰਘ ਚਹਿਲ, ਡਾ. ਮਨਪ੍ਰੀਤ ਸਿੰਘ ਚੱਢਾ, ਕੌਂਸਲਰ ਬਿੱਟੂ ਚੱਠਾ, ਕੌਂਸਲਰ ਪੰਮਾ, ਅਮਰਜੀਤ ਸਿੰਘ ਬਠਲਾ, ਕੌਂਸਲਰ ਰਛਪਾਲ ਸਿੰਘ ਧੰਜੂ, ਮਨਵੀਰ ਸਿੰਘ ਵਿਰਕ, ਬਲਵਿੰਦਰ ਸਿੰਘ ਕੰਗ, ਅਮਰੀਕ ਸਿੰਘ ਸਿਉਣਾ, ਗੁਰਮੁੱਖ ਸਿੰਘ ਠੇਕੇਦਾਰ, ਤਰਸੇਮ ਸਿੰਘ ਕਸਿਆਣਾ, ਬੱਬੀ ਟਿਵਾਣਾ, ਬਲਵਿੰਦਰ ਲੰਗਰ, ਅਮਰੀਕ ਸਿੰਘ ਲੰਗ, ਜਥੇਦਾਰ ਜ਼ੋਰਾਵਰ ਸਿੰਘ, ਲਖਵਿੰਦਰ ਸਿੰਘ ਲੌਟ ਚੇਅਰਮੈਨ, ਸੂਬੇਦਾਰ ਗੁਰਨਾਹਰ ਸਿੰਘ, ਕੁਲਵੰਤ ਸਿੰਘ ਸਰਪੰਚ ਰੋਘਲ, ਕਰਮਜੀਤ ਸਰਪੰਚ ਸਿੱਧੂਵਾਲ, ਭਗਵੰਤ ਸਿੰਘ ਗੁੜਥਲੀ ਸਤਨਾਮ ਸਿੰਘ ਛੰਨਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *