ਪੰਜਾਬੀ ਯੂਨੀਵਰਸਿਟੀ ਮੀਡੀਆ ਸੈਂਟਰ ਵਲੋਂ ਨਵੇਂ ਨੌਕਰੀ-ਆਧਾਰਿਤ ਈਵਨਿੰਗ ਕੋਰਸ ਸ਼ੁਰੂ ਕੀਤੇ ਜਾਣਗੇ
ਪਟਿਆਲਾ, 29 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ (ਕੈਮਜ਼) ਵਲੋਂ ਵਿਦਿਆਰਥੀਆਂ ਨੂੰ ਡਿਜੀਟਲ ਮੀਡੀਆ ਦਾ ਗਿਆਨ ਅਤੇ ਪੇਸ਼ੇਵਰ ਹੁਨਰ-ਅਧਾਰਿਤ ਸਿਖਲਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਵੇਂ ਸ਼ਾਰਟ-ਟਰਮ ਸਰਟੀਫਿਕੇਟ, ਮਿਡ-ਟਰਮ ਡਿਪਲੋਮਾ ਅਤੇ ਫੁੱਲ-ਟਰਮ ਐਡਵਾਂਸਡ ਡਿਪਲੋਮਾ ਪਾਰਟ-ਟਾਈਮ ਈਵਨਿੰਗ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਇਹ ਕੋਰਸ ਵਿਦਿਆਰਥੀਆਂ ਨੂੰ ਵਪਾਰਕ ਉੱਦਮੀਆਂ ਵਜੋਂ ਪੇਸ਼ੇਵਰ ਕੈਰੀਅਰ ਬਣਾਉਣ ਵਿੱਚ ਮਦਦ ਕਰਨਗੇ। ਇਹ ਕੋਰਸ, ਸਰਕਾਰ ਦੀ ਸ਼ਾਰਟ-ਟਰਮ, ਹੁਨਰ ਅਤੇ ਨੌਕਰੀ-ਆਧਾਰਿਤ ਕੋਰਸਾਂ ਨੂੰ ਉਤਸ਼ਾਹਿਤ ਕਰਨ ਦੀ ਸਕੀਮ ਅਧੀਨ ਯੂਜੀਸੀ-ਐਮਐਚਆਰਡੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਜਾਣਗੇ ।
ਇਹ ਜਾਣਕਾਰੀ ਦਿੰਦਿਆਂ ਡਾ. ਗੁਰਮੀਤ ਸਿੰਘ ਮਾਨ, ਡਾਇਰੈਕਟਰ , ਕੈਮਜ਼ ਅਤੇ ਈਐਮਆਰਸੀ ਨੇ ਕਿਹਾ ਕਿ ਇਹ ਕੋਰਸ ਅਗਾਮੀ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਕੀਤੇ ਜਾਣ ਦੀ ਤਜਵੀਜ਼ ਹੈ ਜਿਸ ਲਈ ਵਾਈਸ-ਚਾਂਸਲਰ ਡਾ. ਬੀ ਐਸ ਘੁੰਮਣ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਦਾ ਡਰਾਫਟ ਡੀਨ ਅਕਾਦਮਿਕ ਮਾਮਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਵੱਖ-ਵੱਖ ਸੰਸਥਾਵਾਂ ਤੋਂ ਸਰਕਾਰੀ ਕਲੀਅਰੈਂਸ ਪ੍ਰਾਪਤ ਕਰਨ ਲਈ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਕੋਰਸਾਂ ਵਿੱਚ ਡਿਜੀਟਲ ਗਰਾਫਿਕਸ; ਸਟਿੱਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ; 3 ਡੀ ਗਰਾਫਿਕਸ ਅਤੇ ਐਨੀਮੇਸ਼ਨ; ਵੀਡੀਓ ਐਡੀਟਿੰਗ ਤੇ ਕੰਪੋਜ਼ਿਟਿੰਗ ਅਤੇ ਐਕਟਿੰਗ ਅਤੇ ਡਾਇਰੈਕਸ਼ਨ ਸ਼ਾਮਲ ਹਨ।
ਤਕਨਾਲੋਜੀ ਅਤੇ ਮੀਡੀਏ ਦੇ ਅੰਤਰ-ਪ੍ਰਵਾਹ ਨਾਲ ਮੀਡੀਆ ਪ੍ਰੋਫੈਸ਼ਨਲਜ਼ ਲਈ ਟੀ.ਵੀ. ਅਤੇ ਫਿਲਮਾਂ ਸਮੇਤ ਮਾਸ ਮੀਡੀਆ ਦੇ ਵੱਖ ਵੱਖ ਖੇਤਰਾਂ ਵਿੱਚ ਸਮੱਗਰੀ ਅਤੇ ਤਕਨਾਲੋਜੀ ਨਿਵੇਸ਼ ਲਈ ਭਾਰੀ ਮੰਗ ਦੇ ਮੱਦੇਨਜ਼ਰ ਡਾ. ਘੁੰਮਣ ਨੇ ਡਾ. ਮਾਨ ਦੇ ਇਸ ਢੁਕਵੇਂ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਡਾ. ਮਾਨ ਨੇ ਅੱਗੇ ਕਿਹਾ ਕਿ ਇਹਨਾਂ ਕੋਰਸਾਂ ਦਾ ਵਾਧੂ ਫਾਇਦਾ ਇਹ ਹੋਵੇਗਾ ਕਿ ਕੰਮ ਕਰਨ ਵਾਲੇ ਟੀਵੀ ਪੇਸ਼ਾਵਰਾਂ ਦੇ ਇਲਾਵਾ, ਯੂਨੀਵਰਸਿਟੀ ਦੇ ਇੱਛਾਵਾਨ ਅਧਿਆਪਕ, ਖੋਜ ਵਿਦਵਾਨ, ਗੈਰ-ਅਧਿਆਪਨ ਸਟਾਫ ਅਤੇ ਹੋਰ ਵਿਭਾਗਾਂ ਦੇ ਵਿਦਿਆਰਥੀ, ਇਨ੍ਹਾਂ ਕੋਰਸਾਂ ਰਾਹੀਂ ਆਪਣੇ ਗਿਆਨ ਵਿੱਚ ਬਹੁ-ਪੱਖੀ ਵਾਧਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀ, ਜੋ ਬੀ.ਏ.(ਆਨਰਜ਼) ਇਨ ਟੀ.ਵੀ. ਅਤੇ ਫਿਲਮ ਉਤਪਾਦਨ ਜਾਂ ਜਰਨਲਿਜ਼ਮ, ਮਾਸ ਸੰਚਾਰ ਅਤੇ ਮੀਡੀਆ ਤਕਨਾਲੋਜੀ ਕੋਰਸਾਂ ਵਿਚ ਵਿਚ 80% ਤੱਕ ਮੈਰਿਟ ਹੋਣ ਕਾਰਨ ਸਿੱਧਾ ਦਾਖਲਾ ਲੈਣ ਦੇ ਯੋਗ ਨਹੀਂ ਹੋਏ ਹਨ, ਇਸ ਨਵੇਂ ਉਪਰਾਲੇ ਨਾਲ ਲਾਭ ਉਠਾ ਸਕਣਗੇ।
ਡਾ. ਮਾਨ ਅਨੁਸਾਰ ਇਹ ਕੋਰਸ ‘ਮਲਟੀਪਲ-ਐਗਜ਼ਿਟ ਪੁਆਇੰਟ ਅਧਾਰ’ ‘ਤੇ ਵਿਉਂਤਬੱਧ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ ਸਰਟੀਫਿਕੇਟ, ਡਿਪਲੋਮਾ ਜਾਂ ਅਡਵਾਂਸਡ ਡਿਪਲੋਮਾ ਪੱਧਰ ਦੇ ਕੋਰਸ ਤੋਂ ਬਾਹਰ ਜਾਣ ਦੀ ਸੁਵਿਧਾ ਪ੍ਰਦਾਨ ਕਰਦੇ ਹਨ ਜਾਂ ਬੈਚਲਰ ਕੋਰਸ ਵਿਚ ਮੈਰਿਟ-ਅਧਾਰਿਤ ਦਾਖਲਾ ਲੈਣ ਅਤੇ ਕੈਮਜ਼ ਦੇ ਮਾਸਟਰਜ਼ ਪੱਧਰ ਦੇ ਕੋਰਸ ਕਰਨ ਦੀ ਸਹੂਲੀਅਤ ਪ੍ਰਦਾਨ ਕਰਦੇ ਹਨ। ਇਹ ਕੋਰਸ ਸਵੈ-ਪੈਸਾ ਲਗਾਉਣ ਦੀ ਵਿਉਂਤਬੰਦੀ ਵਾਲੇ ਹਨ ਤਾਂ ਜੋ ਯੂਨੀਵਰਸਿਟੀ ‘ਤੇ ਕਿਸੇ ਵੀ ਕਿਸਮ ਦਾ ਆਰਥਿਕ ਬੋਝ ਨਾ ਪਵੇ ਸਗੋਂ ਲੋੜੀਂਦੀ ਆਮਦਨ ਦਾ ਜ਼ਰੀਆ ਵੀ ਬਣਨਗੇ। ਡਾ. ਮਾਨ ਨੇ ਹੋਰ ਕਿਹਾ ਕਿ ਕੈਮਜ਼ ਅਤੇ ਈਐਮਆਰਸੀ ਵਿੱਚ ਉਚ-ਯੋਗਤਾ ਪ੍ਰਾਪਤ ਪੇਸ਼ੇਵਰ ਅਤੇ ਤਕਨੀਕੀ ਮਨੁੱਖੀ ਸ਼ਕਤੀ ਉਪਲਬਧ ਹੈ ਜੋ ਥਿਊਰੀ ਅਤੇ ਪ੍ਰੈਕਟੀਕਲ ਸਿਖਲਾਈ ਪ੍ਰਦਾਨ ਕਰਨ ਦੇ ਸਮਰੱਥ ਹੈ ਅਤੇ ਲੋੜ ਪੈਣ ਤੇ ਹੀ ਮਾਹਿਰ ਫੈਕਲਟੀ ਅਤੇ ਮੀਡੀਆ ਉਦਯੋਗ ਪੇਸ਼ੇਵਰਾਂ ਵਿਅਕਤੀਆਂ ਨੂੰ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਸੈਂਟਰ ਜਿਸ ਵਿੱਚ ਕੈਮਜ਼ ਅਤੇ ਈਐਮਆਰਸੀ ਸਥਿਤ ਹਨ, ਵਿਖੇ ਨਵੀਨਤਮ, ਸਨਅਤੀ ਪੱਧਰ ਦੇ ਸਾਜ਼ੋ-ਸਮਾਨ ਨਾਲ ਲੈਸ ਟੀ.ਵੀ. ਅਤੇ ਫਿਲਮ ਸਟੂਡੀਓ ਹਨ ਅਤੇ ਇਨ੍ਹਾਂ ਲਈ ਹੋਰ ਲੋੜੀਂਦਾ ਸਾਜ਼ੋ-ਸਮਾਨ ਸਮੇਂ ਅਨੁਸਾਰ ਖਰੀਦਿਆ ਜਾਏਗਾ ਜਿਸ ਲਈ ਵਾਈਸ-ਚਾਂਸਲਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।

