ਪੰਜਾਬਪਟਿਆਲਾ

ਵੀਰਪਾਲ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸ਼ੁਰੂ

-ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ‘ਚ ਹੋਵੇਗਾ ਪਟਿਆਲਾ ‘ਚ ਦਲਿਤਾਂ ਦਾ ਇਕੱਠ
ਪਟਿਆਲਾ 29 ਜਨਵਰੀ (ਮਧੂਸਾਰ ਬਿਊਰੋ) ਜਿਲਾ ਪਟਿਆਲਾ ਦੇ ਪਿੰਡ ਰਾਮਪੁਰ ਸਾਹੀਵਾਲ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿਖੇ ਪੜਦੀ 11 ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਕੁੱਟਮਾਰ ਕਰਨ, ਉਸਨੂੰ ਸੋਸ਼ਲ ਮੀਡੀਆ ‘ਤੇ ਬਦਨਾਮ ਕਰਨ ਅਤੇ ਉਸਨੂੰ ਜਾਤੀ ਪ੍ਰਤੀ ਅਪਸ਼ਬਦ ਬੋਲਣ ਵਾਲੇ ਸਕੂਲੀ ਸਟਾਫ ਖਿਲਾਫ ਅਜੇ ਤੱਕ ਕਾਨੂੰਨੀ ਕਾਰਵਾਈ ਨਾ ਹੋਣ ਕਾਰਣ ਵੀਰਪਾਲ ਦਾ ਮਾਮਲਾ ਆਉਣ ਵਾਲੇ ਦਿਨਾਂ ਭਖੇਗਾ। ਜਿਸ ਲਈ ਦਲਿਤ ਸਮਾਜ ਦੇ ਨੁਮਾਇੰਦਿਆਂ ਵਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ।

ਵੀਰਪਾਲ ਕੌਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਦਲਿਤ ਨੇਤਾ ਅਤੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਵਿਚ ਜਿਲਾ ਪ੍ਰਸ਼ਾਸ਼ਨ ਖਿਲਾਫ ਵੱਡਾ ਪ੍ਰਦਰਸ਼ਨ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਵਲੋਂ ਦਲਿਤ ਭਾਈਚਾਰੇ ਨਾਲ ਅਤੇ ਦਲਿਤ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਪਿਛਲੇ ਦਿਨੀਂ 21 ਜਨਵਰੀ ਨੂੰ ਜਲੰਧਰ ਸ਼ਹਿਰ ਵਿਚ ਪੰਜਾਬ ਦੇ ਸਮੁੱਚੇ ਵਾਲਮੀਕਿ ਭਾਈਚਾਰੇ ਨੇ ਵੀਰਪਾਲ ਕੌਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿਢਣ ਦਾ ਮਤਾ ਪਾਸ ਕੀਤਾ ਹੈ। ਜਿਸ ਵਿਚ ਸਮੁੱਚੇ ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਨੇ ਹਰ ਜਿਲੇ ਵਿਚ ਰੋਸ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਲੋੜ ਪੈਣ ‘ਤੇ ਪੰਜਾਬ ਬੰਦ ਦੀ ਕਾਲ ਦੇਣ ‘ਤੇ ਵੀ ਵਿਚਾਰ ਕੀਤਾ। ਸਮੁੱਚੇ ਦਲਿਤ ਭਾਈਚਾਰੇ ਨੇ ਡਾ. ਜਤਿੰਦਰ ਸਿੰਘ ਮੱਟੂ ਨਾਲ ਮਿਲ ਕੇ ਵੀਰਪਾਲ ਕੌਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਲੜਾਈ ਲੜਨ ਦਾ ਬਿਗੁਲ ਵਜਾ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜਿਲਾ ਪਟਿਆਲਾ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ 11 ਜਨਵਰੀ ਦੇ ਰੋਸ ਧਰਨੇ ਵਿਚ ਦੋ ਦਿਨ ਤੱਕ ਜਾਂਚ ਕਰਕੇ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕਰਨ ਦਾ ਵਿਸ਼ਵਾਸ਼ ਦਿਵਾਇਆ ਸੀ। 13 ਜਨਵਰੀ ਤੋਂ ਇਹ ਵਾਅਦਾ 16 ਜਨਵਰੀ ਤੱਕ ਚਲਾ ਗਿਆ। ਇਸ ਤੋਂ ਬਾਅਦ ਵੀ ਅੱਜ ਤੱਕ 17 ਦਿਨ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਬੱਚੀ ਨਾਲ ਸਕੂਲ ਵਿਚ ਕੁੱਟਮਾਰ ਕਰਨ ਵਾਲੇ ਕਲਰਕ ਅਤੇ ਲੜਕਿਆਂ ਖਿਲਾਫ ਕੋਈ ਮੁਕੱਦਮਾ ਦਰਜ ਹੋਇਆ, ਨਾ ਹੀ ਸੋਸ਼ਲ ਮੀਡੀਆ ‘ਤੇ ਵੀਰਪਾਲ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਹੋਈ, ਨਾ ਹੀ ਸਾਡੀ ਵਾਲਮੀਕਿ ਜਾਤੀ ਪ੍ਰਤੀ ਵਿਦਿਆਰਥਣ ਨੂੰ ਅਪਸ਼ਬਦ ਬੋਲਣ ਵਾਲਿਆਂ ਖਿਲਾਫ ਐਸ.ਸੀ/ਐਸ.ਟੀ ਐਕਟ ਤਹਿਤ ਮੁਕੱਦਮਾ ਦਰਜ ਹੋਇਆ।ਜਿਲਾ ਪ੍ਰਸ਼ਾਸ਼ਨ ਨੇ ਸਿਰਫ ਸਟਾਫ ਦੀਆਂ ਬਦਲੀਆਂ ਕਰਕੇ ਆਪਣਾ ਪੱਲਾ ਝਾੜ ਲਿਆ ਹੈ। ਜਿਸ ਕਾਰਣ ਹੁਣ ਮਜਬੂਰਨ ਸਾਨੂੰ ਆਪਣੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਸੜਕਾਂ ‘ਤੇ ਉਤਰਨਾ ਪਵੇਗਾ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜਾਤੀਵਾਦੀ ਮਾਨਸਿਕਤਾ ਵਾਲੇ ਅਨਸਰ ਸਾਡੇ ਸਮਾਜ ਲਈ ਖਤਰਾ ਹਨ, ਐਸੇ ਅਨਸਰਾਂ ਖਿਲਾਫ ਸਖਤ ਕਾਰਵਾਈ ਹੀ ਅਜਿਹੀਆਂ ਘਟਨਾਵਾਂ ਨੂੰ ਰੋਕ ਸਕਦੀ ਹੈ। ਡਾ. ਜਤਿੰਦਰ ਮੱਟੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਅੰਦਰ ਸਮੁੱਚਾ ਦਲਿਤ ਸਮਾਜ ਵੀਰਪਾਲ ਕੌਰ ਨੂੰ ਇਨਸਾਫ ਦਿਵਾਉਣ ਲਈ ਸੜਕਾਂ ‘ਤੇ ਉਤਰੇਗਾ ਜਿਸ ਲਈ ਦਲਿਤ ਸਮਾਜ ਦੇ ਜਿੰਮੇਵਾਰ ਨੁਮਾਇੰਦਿਆਂ ਨਾਲ ਵਿਚਾਰ ਚਰਚਾ ਚੱਲ ਰਹੀ ਹੈ। ਇਹ ਰੋਸ ਪ੍ਰਦਰਸ਼ਨ ਕਿਸ ਦਿਨ ਕੀਤਾ ਜਾਵੇਗਾ ਇਸ ਲਈ ਦਲਿਤ ਸਮਾਜ ਦੇ ਨੁਮਾਇੰਦਿਆਂ ਵਲੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *