ਪੰਜਾਬਪਟਿਆਲਾ

‘ਪੋਲ ਖੋਲ ਰੈਲੀਆਂ’ ਦਾ ਐਲਾਨ, ਮੁੱਖ ਮੰਤਰੀ ਦਾ ਸ਼ਾਹੀ ਸ਼ਹਿਰ ਪਟਿਆਲਾ ‘ਨਦਾਰਦ’

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਘੇਰਨ ਦੀ ਕੀਤੀ ਤਿਆਰੀ
ਪਟਿਆਲਾ 29 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵਾਈਜ਼ ‘ਪੋਲ ਖੋਲ ਰੈਲੀਆਂ’ ਦੀਆਂ ਤਾਰੀਕਾਂ ਦੇ ਐਲਾਨ ਕਰਕੇ ਪੰਜਾਬ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਨੂੰ ਘੇਰਨ ਲਈ ਬਿਗੁਲ ਤਾਂ ਵਜਾ ਦਿੱਤਾ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਪਟਿਆਲਾ ‘ਪੋਲ ਖੋਲ ਰੈਲੀ’ ‘ਚੋਂ ਨਦਾਰਦ ਨਜ਼ਰ ਆ ਰਿਹਾ ਹੈ, ਜਦਕਿ ਅਕਾਲੀ ਦਲ ਵੱਲੋਂ ਸਮਾਣਾ ਵਿਧਾਨ ਸਭਾ ਹਲਕੇ ‘ਚ ਪੋਲ ਖੋਲ ਰੈਲੀ 13 ਮਾਰਚ ਨੂੰ ਰੱਖੀ ਗਈ ਹੈ।

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਨੂੰ ਪੋਲ ਖੋਲ ਰੈਲੀ ਦੇ ਘੇਰੇ ‘ਚ ਬਾਹਰ ਰੱਖਣ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਢਾ ਲਾਉਣ ਤੋਂ ਕੰਨੀ ਕਤਰਾ ਰਹੇ ਹਨ। ਸਿਆਸੀ ਸਮਝ ਰੱਖਣ ਵਾਲੇ ਕਾਰਨ ਇਹ ਵੀ ਮੰਨਦੇ ਹਨ ਕਿ ਪਟਿਆਲਾ ਲੀਡਰਸ਼ਿਪ ਮੁੱਖ ਮੰਤਰੀ ਨਾਲ ਸਿੱਧੀ ਟੱਕਰ ਲੈਣ ਦੇ ਮੂਡ ‘ਚ ਨਹੀਂ ਹੈ।
ਸਿਆਸੀ ਸੂਤਰ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ‘ਪੋਲ ਖੋਲ ਰੈਲੀਆਂ’ ਕਰਕੇ ਜ਼ਿਆਦਾ ਧਿਆਨ ਮਾਲਵਾ ਅਤੇ ਦੋਆਬੇ ਖੇਤਰ ਵੱਲ ਦਿੰਦਾ ਨਜ਼ਰ ਆ ਰਿਹਾ ਹੈ, ਜਦਕਿ ਅਕਾਲੀ ਦਲ ਨੂੰ ਸ਼ਾਹੀ ਸ਼ਹਿਰ ‘ਚ ਅਕਾਲੀ ਦਲ ਦੀ ਕਮਜ਼ੋਰ ਲੀਡਰਸ਼ਿਪ ਅਤੇ ਆਪਸੀ ਧੜੇਬੰਦੀ ਨੂੰ ਖ਼ਤਮ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜੋ ਅਕਾਲੀ ਦਲ ਦੇ ਹਾਰ ਦਾ ਮੁੱਖ ਕਾਰਨ ਬਣਦੀ ਹੈ। ਅਸਲ ਸੱਚਾਈ ਤਾਂ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਚੁਣੌਤੀ ਭਰਪੂਰ ਲੀਡਰਸ਼ਿਪ ਖੜੀ ਹੀ ਨਹੀਂ ਕਰਨਾ ਚਾਹੁੰਦੇ?
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਵੱਲੋਂ ਪਿਛਲੇ ਦਿਨੀ ਕੀਤੇ ਫੈਸਲੇ ਅਨੁਸਾਰ ਪੰਜਾਬ ਭਰ ਵਿੱਚ ਹਲਕਾ ਵਾਈਜ਼ ‘ਪੋਲ ਖੋਲ ਰੈਲੀਆਂ’ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਸੀ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ ਰੈਲੀਆਂ ਦਾ ਆਰੰਭ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 7 ਫਰਵਰੀ ਨੂੰ ਫਾਜਲਿਕਾ ਤੋ ਕਰਨਗੇ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਰੈਲੀਆਂ ਨੂੰ ਸੰਬੋਧਨ ਕਰੇਗੀ। ਉਨ੍ਹਾਂ ਦੱਸਿਆ ਕਿ 9 ਫਰਵਰੀ ਨੂੰ ਵਿਧਾਨ ਸਭਾ ਹਲਕਾ ਰਾਮਪੁਰਾਫੂਲ, 13 ਫਰਵਰੀ ਨੂੰ ਬਾਘਾਪੁਰਾਣਾ, 14 ਫਰਵਰੀ ਨੂੰ ਦਾਖਾ, 15 ਫਰਵਰੀ ਨੂੰ ਗੜ•ਸੰਕਰ, 22 ਫਰਵਰੀ ਨੂੰ ਅਮਲੋਹ, 27 ਫਰਵਰੀ ਨੂੰ ਭੁਲੱਥ ਅਤੇ 28 ਫਰਵਰੀ ਨੂੰ ਗੁਰੂਹਰਸਹਾਏ ਹਲਕਿਆਂ ਵਿੱਚ ‘ਪੋਲ ਖੋਲ ਰੈਲੀਆਂ’ ਕੀਤੀਆਂ ਜਾਣਗੀਆਂ। ਉਹਨਾਂ ਅੱਗੇ ਕਿਹਾ ਕਿ 1 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਇਤਿਹਾਸਕ ਦਿਹਾੜੇ ‘ਤੇ ਸ੍ਰੋਮਣੀ ਅਕਾਲੀ ਦਲ ਦੀ ਸਲਾਨਾ ਕਾਨਫਰੰਸ ਹੋਵੇਗੀ। ਇਸ ਤੋਂ ਬਾਅਦ 6 ਮਾਰਚ ਨੂੰ ਵਿਧਾਨ ਸਭਾ ਹਲਕਾ ਕੋਟਕਪੁਰਾ, 7 ਮਾਰਚ ਨੂੰ ਸ਼ਾਹਕੋਟ, 8 ਮਾਰਚ ਨੂੰ ਸਾਹਨੇਵਾਲ, 12 ਮਾਰਚ ਨੂੰ ਲਹਿਰਾ ਅਤੇ 13 ਮਾਰਚ ਨੂੰ ਸਮਾਣਾ ਵਿਧਾਨ ਸਭਾ ਹਲਕਿਆਂ ਵਿੱਚ ‘ਪੋਲ ਖੋਲ ਰੈਲੀਆਂ ‘ ਕੀਤੀਆਂ ਜਾਣਗੀਆਂ।
ਡਾ. ਚੀਮਾ ਨੇ ਇਹ ਵੀ ਦੱਸਿਆ ਕਿ 8 ਫਰਵਰੀ ਨੂੰ ਬਰਨਾਲਾ ਜਿਲੇ ਦੇ ਪਿੰਡ ਕੁਤਬਾ ਬਾਹਮਣੀਆਂ ਵਿਖੇ ਵੱਡੇ-ਘੱਲੂਘਾਰੇ ਦੀ ਯਾਦ ਵਿੱਚ ਹੋ ਰਹੀ ਸਾਲਾਨਾ ਕਾਨਫਰੰਸ ਵਿੱਚ ਵੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਇਹਨਾਂ ਰੈਲੀਆਂ ਦੀਆਂ ਤਿਆਰੀਆਂ ਲਈ ਸਬੰਧਤ ਵਿਧਾਨ ਸਭਾ ਦੇ ਨੇਤਾਵਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੀ ਸਾਰੀ ਕਾਰਗੁਜਾਰੀ ਦੀ ‘ਪੋਲ ਖੋਲ’ ਦਿੱਤੀ ਜਾਵੇਗੀ।

Leave a Reply

Your email address will not be published. Required fields are marked *