ਪੰਜਾਬਪਟਿਆਲਾ

ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿਜੀ ਹਸਪਤਾਲਾਂ ਦਾ ਯੋਗਦਾਨ ਵੀ ਅਹਿਮ- ਪਰਨੀਤ ਕੌਰ

ਕੂੜੇ ਦੇ ਡੰਪ ਦੁਆਲੇ ਮੁੱਖ ਮੰਤਰੀ ਫੰਡ ਵਿੱਚੋਂ ਛੇਤੀ ਉਗਣ ਵਾਲੇ ਦਰਖ਼ਤ ਲਗਾਏ ਜਾਣਗੇ
ਪਰਨੀਤ ਕੌਰ ਵੱਲੋਂ ਡਾਕਟਰਾਂ ਦਾ ਸਨਮਾਨ
ਪਟਿਆਲਾ, 3 ਫਰਵਰੀ (ਮਧੂਸਾਰ ਬਿਊਰੋ) ”ਨਾਗਰਿਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿਜੀ ਹਸਪਤਾਲਾਂ ਦੇ ਡਾਕਟਰਾਂ ਦਾ ਯੋਗਦਾਨ ਵੀ ਅਹਿਮ ਹੈ।” ਇਹ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇਥੇ ਇੱਕ ਨਿਜੀ ਸਨਮਾਨ ਸਮਾਰੋਹ ਮੌਕੇ ਡਾਕਟਰਾਂ ਨੂੰ ਸਨਮਾਨਤ ਕਰਨ ਮਗਰੋਂ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪਟਿਆਲਾ ਜਿਥੇ ਸਿੱਖਿਆ ਦਾ ਗੜ੍ਹ ਰਿਹਾ ਹੈ, ਉਥੇ ਹੀ ਇਹ ਮਾਹਰ ਅਤੇ ਪ੍ਰਸਿੱਧ ਡਾਕਟਰਾਂ ਦਾ ਸ਼ਹਿਰ ਵੀ ਸੀ ਅਤੇ ਇਸੇ ਪਰੰਪਰਾ ਨੂੰ ਮੌਜੂਦਾ ਡਾਕਟਰ ਵੀ ਅੱਗੇ ਵਧਾ ਰਹੇ ਹਨ, ਜਿਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਇਕੱਲੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਹੀ ਨਹੀਂ ਬਲਕਿ ਦੂਸਰੇ ਇਲਾਕਿਆਂ ਦੇ ਲੋਕਾਂ ਨੂੰ ਵੀ ਮਿਲ ਰਿਹਾ ਹੈ, ਜਿਸ ਦਾ ਧੰਨਵਾਦ ਅਤੇ ਸ਼ਲਾਘਾ ਕਰਨੀ ਬਣਦੀ ਹੈ।
ਇਸ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਦੇ ਵਿਕਾਸ ‘ਚ ਲੰਘੇ 10 ਸਾਲਾਂ ਦੌਰਾਨ ਆਈ ਖੜੋਤ ਖ਼ਤਮ ਹੋਣ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਟਿਆਲਾ ਦੇ ਵਿਕਾਸ ‘ਚ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਗਰ ਨਿਗਮ ਇਸ ‘ਚ ਕੋਈ ਘਾਟ ਨਹੀਂ ਰਹਿਣ ਦੇਵੇਗੀ ਪਰੰਤੂ ਆਮ ਲੋਕਾਂ ਦਾ ਵੀ ਫ਼ਰਜ ਬਣਦਾ ਹੈ ਕਿ ਉਹ ਜਿੰਮੇਵਾਰ ਬਣਕੇ ਇਸ ਸ਼ਹਿਰ ਨੂੰ ਸੰਵਾਰਨ ‘ਚ, ਖਾਸ ਕਰਕੇ ਕੂੜਾ ਕਰਕਟ ਸੰਭਾਲਣ, ਦੁਕਾਨਦਾਰ ਸੜਕਾਂ ‘ਤੇ ਆਪਣਾ ਸਮਾਨ ਨਾ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਣਾ ਯੋਗਦਾਨ ਪਾਉਣ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਕੂੜੇ ਦੇ ਡੰਪ ਨੂੰ ਜਿੰਨੀ ਦੇਰ ਤੱਕ ਰੀਸਾਇਕਲ ਨਹੀਂ ਕੀਤਾ ਜਾ ਸਕਦਾ ਉਨੇ ਸਮੇਂ ਤੱਕ ਮੁੱਖ ਮੰਤਰੀ ਫੰਡ ਵਿੱਚੋਂ ਖਰਚਾ ਕਰਕੇ ਇਸਦੇ ਆਲੇ ਦੁਆਲੇ ਛੇਤੀ ਉਗਣ ਵਾਲੇ ਦਰਖ਼ਤ ਲਗਾਏ ਜਾਣਗੇ ਤਾਂ ਕਿ ਕੂੜੇ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ। ਇਸ ਤੋਂ ਬਿਨ੍ਹਾਂ ਸ਼ਹਿਰ ‘ਚ ਸੀਵਰੇਜ ਪਾਇਪ ਲਾਇਨ ਦੀ ਸਫ਼ਾਈ ਸ਼ੁਰੂ ਹੋ ਗਈ ਹੈ, ਇਸਦੇ ਸਮੇਤ ਹੋਰ ਵਿਕਾਸ ਕੰਮਾਂ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ ਜਲਦ ਹੀ ਦਿਸਣ ਵੀ ਲੱਗ ਜਾਣਗੇ।
ਦੈਨਿਕ ਜਾਗਰਣ ਵੱਲੋਂ ਚਕਿਤਸਕ ਸਨਮਾਨ ਦੇ ਕਰਵਾਏ ਇਸ ਸਮਾਰੋਹ ‘ਚ ਸ਼੍ਰੀਮਤੀ ਪਰਨੀਤ ਕੌਰ ਨੇ ਜਿਹੜੇ ਡਾਕਟਰਾਂ ਨੂੰ ਸਨਮਾਨਤ ਕੀਤਾ, ਉਨ੍ਹਾਂ ‘ਚ ਦਿਲ ਦੇ ਰੋਗਾਂ ਦੇ ਮਾਹਰ ਡਾ. ਮਨਮੋਹਨ ਸਿੰਘ, ਅਸ਼ੋਕ ਲੈਬ ਤੋਂ ਡਾ. ਅਸ਼ੋਕ, ਅਮਰ ਹਸਪਤਾਲ ਤੋਂ ਡਾ. ਕੇ.ਐਸ. ਗਰੋਵਰ, ਡਾ. ਰਵਸ਼ਰਨ ਸਿੰਘ, ਡਾ. ਉਪਿੰਦਰ ਸਿੰਘ, ਡਾ. ਸਡਾਨਾ ਸਮੇਤ ਪਟਿਆਲਾ ਨਾਲ ਸਬੰਧਤ ਵੱਖ-ਵੱਖ ਰੋਗਾਂ ਦੇ ਮਾਹਰ ਹੋਰ ਕਈ ਪ੍ਰਸਿੱਧ ਡਾਕਟਰ ਸ਼ਾਮਲ ਸਨ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਪੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਦੈਨਿਕ ਜਾਗਰਣ ਦੇ ਸੀ.ਜੀ.ਐਮ. ਸ੍ਰੀ ਮਹਿੰਦਰ ਕੁਮਾਰ, ਰੈਜੀਡੈਂਟ ਐਡੀਟਰ ਸ੍ਰੀ ਅਮਿਤ ਸ਼ਰਮਾ, ਮਾਰਕੀਟਿੰਗ ਹੈਡ ਸ੍ਰੀ ਵਿਕਰਮ ਪਠਾਣੀਆ ਤੇ ਹੋਰ ਅਹੁਦੇਦਾਰਾਂ ਸਮੇਤ ਕੌਂਸਲਰ ਤੇ ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਰਜਨੀ ਸ਼ਰਮਾ, ਮੀਨਾਕਸ਼ੀ, ਸੋਨੂ ਸੰਗਰ, ਵਿਜੇ ਕੂਕਾ, ਜਸਵਿੰਦਰ ਜੁਲਕਾ, ਮੈਡਮ ਸੁਮਨ ਬੱਤਰਾ ਸਮੇਤ ਵੱਡੀ ਗਿਣਤੀ ‘ਚ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *