ਕਾਂਗਰਸ ਸਰਕਾਰਾਂ ਨੇ ਹਮੇਸ਼ਾ ਹੀ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਮਦਦ ਲਈ ਅਹਿਮ ਉਪਰਾਲੇ ਕੀਤੇ-ਪਰਨੀਤ ਕੌਰ
ਡਾ. ਮਨਮੋਹਨ ਸਿੰਘ ਨੇ ਦੁਬਈ ‘ਚ 17 ਪੰਜਾਬੀਆਂ ਦੀਆਂ ਜਾਨਾ ਬਚਾਉਣ ਲਈ ਕਾਨੂੰਨੀ ਚਾਰਾਜੋਈ ਵਾਸਤੇ ਇੱਕ ਕਰੋੜ ਰੁਪਏ ਜਾਰੀ ਕੀਤੇ ਸਨ-ਪਰਨੀਤ ਕੌਰ
ਐਸ.ਪੀ.ਸਿੰਘ ਉਬਰਾਏ, ਕੇ.ਸੀ. ਸੁਲੇਖ ਤੇ ਪ੍ਰੋ. ਹਰਭਜਨ ਸਿੰਘ ਦਾ ਸਨਮਾਨ
ਪਟਿਆਲਾ, 3 ਫਰਵਰੀ (ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਮਦਦ ਲਈ ਆਪਣੀ ਕੇਂਦਰ ‘ਚ ਸਰਕਾਰ ਸਮੇਂ ਅਹਿਮ ਉਪਰਾਲੇ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਦੁਬਈ ‘ਚ 2013 ਦੌਰਾਨ 17 ਪੰਜਾਬੀਆਂ ਨੂੰ ਹੋਈ ਫਾਂਸੀ ਦੀ ਸਜਾ ਤੋਂ ਬਚਾਉਣ ਦੇ ਕੀਤੇ ਜਾ ਰਹੇ ਯਤਨਾਂ ਸਮੇਂ ਉਨ੍ਹਾਂ ਦੀ ਮਦਦ ਲਈ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੁਬਈ ਦੀ ਅਦਾਲਤ ‘ਚ ਕਾਨੂੰਨੀ ਚਾਰਜੋਈ ਕਰਨ ਲਈ 1 ਕਰੋੜ ਰੁਪਏ ਜਾਰੀ ਕਰਨ ‘ਚ ਇੱਕ ਮਿੰਟ ਵੀ ਨਹੀਂ ਸੀ ਲਾਇਆ ਅਤੇ ਤੁਰੰਤ ਇਸ ਰਾਸ਼ੀ ਦੀ ਅਦਾਇਗੀ ਉਥੋਂ ਦੇ ਵਕੀਲ ਨੂੰ ਕੀਤੀ ਗਈ। ਸਿੱਟੇ ਵਜੋਂ ਦੁਬਈ ‘ਚ ਭਾਰਤੀ ਸਫ਼ਾਰਤਖਾਨੇ ਅਤੇ ਐਨ.ਆਰ.ਆਈ. ਐਸ.ਪੀ. ਸਿੰਘ ਉਬਰਾਏ ਦੇ ਸਾਂਝੇ ਯਤਨਾਂ ਸਦਕਾ ਇਨ੍ਹਾਂ ਪੰਜਾਬੀਆਂ ਦੀਆਂ ਜਾਨਾਂ ਬਚ ਗਈਆਂ। ਉਨ੍ਹਾਂ ਕਿਹਾ ਕਿ ਇਹ ਸਭ ਤਾਂ ਹੀ ਸੰਭਵ ਹੋਇਆ ਜੇਕਰ ਪਟਿਆਲਵੀਆਂ ਨੇ ਉਨ੍ਹਾਂ ਨੂੰ ਤਾਕਤ ਬਖ਼ਸ਼ੀ ਸੀ ਅਤੇ ਇਸੇ ਕਰਕੇ ਉਹ ਖਾੜੀ ਮੁਲਕਾਂ ‘ਚ ਵੱਸਦੇ ਪੰਜਾਬੀਆਂ ਲਈ ਕੁਝ ਕਰਨ ਦੇ ਯੋਗ ਹੋਏ।
ਸ੍ਰੀਮਤੀ ਪਰਨੀਤ ਕੌਰ ਅੱਜ ਇਥੇ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਸ੍ਰੀ ਬੇਗ਼ਮਪੁਰਾ ਮਿਸ਼ਨ ਵੱਲੋਂ ਕਰਵਾਏ ਗਏ ਇਕ ਸਨਮਾਨ ਸਮਾਰੋਹ ‘ਚ ਸ਼ਿਰਕਤ ਕਰਦਿਆਂ ਸਰਬੱਤ ਦਾ ਭਲਾ ਟ੍ਰੱਸਟ ਦੇ ਚੇਅਰਮੈਨ ਸ. ਐਸ.ਪੀ.ਐਸ. ਉਬਰਾਏ ਦਾ ਬੇਗ਼ਮਪੁਰਾ ਅਵਾਰਡ, ਉੱਘੇ ਲੇਖਕ ਤੇ ਡਾ. ਬੀ.ਆਰ. ਅੰਬੇਦਕਰ ਦੇ ਨਾਲ ਸਮਾ ਬਿਤਾਉਣ ਵਾਲੇ ਸ੍ਰੀ ਕੇ.ਸੀ ਸੁਲੇਖ ਅਤੇ ਪ੍ਰੋ. ਹਰਭਜਨ ਸਿੰਘ ਸੱਜਣ ਦਾ ਗੁਸੱਈਆਂ ਅਵਾਰਡ ਨਾਲ ਸਨਮਾਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਮਹੀਨਾਵਾਰੀ ਮੈਗਜ਼ੀਨ ਗੁਸੱਈਆਂ ਦੇ 11ਵੇਂ ਵਰ੍ਹੇ ‘ਚ ਪ੍ਰਵੇਸ਼ ਕਰਨ ਦਾ ਅੰਕ ਵੀ ਜਾਰੀ ਕੀਤਾ। ਇਸ ਦੌਰਾਨ ਸ੍ਰੀ ਗੁਰਚਰਨ ਸਿੰਘ ਚੰਨ ਪਟਿਆਲਵੀ ਦੀ ਪੁਸਤਕ ਦਾ ਅਲੋਚਨਾਤਮਕ ਅਧਿਐਨ ਵਾਲੀ ਪੁਸਤਕ ਵੀ ਜਾਰੀ ਕੀਤੀ ਗਈ।
ਇਸ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਰਿਆਸਤੀ ਸ਼ਹਿਰ ਪਟਿਆਲਾ, ਜੋ ਕਿ, ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਮਾੜੇ ਵਤੀਰੇ ਕਰਕੇ, ਵਿਕਾਸ ਪੱਖੋਂ 10 ਸਾਲ ਪਿੱਛੇ ਚਲਾ ਗਿਆ ਸੀ ਦੇ ਵਿਕਾਸ ‘ਚ ਹੁਣ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬੰਦ ਪਏ ਸੀਵਰੇਜ ਦੀ ਬੰਦ ਹੋਈ 25 ਕਿਲੋਮੀਟਰ ਲਾਇਨ ਦੀ ਪਛਾਣ ਕਰਕੇ ਇਸਦੀ ਸਫ਼ਾਈ ਸ਼ੁਰੂ ਕਰਕੇ ਡੇਢ ਕਿਲੋਮੀਟਰ ਦਾ ਕੰਮ ਮੁਕਾ ਲਿਆ ਗਿਆ ਹੈ। ਉਨ੍ਹਾਂ ਸ਼ਹਿਰੀਆਂ ਨੂੰ ਸਰਕਾਰ ਅਤੇ ਨਗਰ ਨਿਗਮ ਵੱਲੋਂ ਕੀਤੇ ਯਤਨਾਂ ਦੇ ਨਾਲ-ਨਾਲ ਸ਼ਹਿਰ ਦੀ ਸਫ਼ਾਈ ਲਈ ਖ਼ੁਦ ਜਿੰਮੇਵਾਰ ਬਨਣ ਦਾ ਵੀ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ”ਮੇਰਾ ਸ਼ਹਿਰ ਮੈਂ ਖ਼ੁਦ ਸੰਵਾਰਾਂ” ਤਾਂ ਹੀ ਸ਼ਹਿਰ ਸਾਫ਼ ਸੁਥਰਾ ਬਣ ਸਕੇਗਾ। ਉਨ੍ਹਾਂ ਨੇ ਸ੍ਰੀ ਬੇਗ਼ਮਪੁਰਾ ਮਿਸ਼ਨ ਅਤੇ ਸ. ਕੁਲਵੰਤ ਸਿੰਘ ਨਾਰੀਕੇ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਡਾ. ਐਸ.ਪੀ. ਸਿੰਘ ਉਬਰਾਏ ਨੇ ਆਪਣੇ ਵੱਲੋਂ ਦੁਬਈ ‘ਚ ਪੰਜਾਬੀਆਂ ਦੀ ਮਦਦ ਕਰਨ ਦੀ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਨੂੰ ਬਚਾਉਣ ਲਈ ਸ੍ਰੀਮਤੀ ਪਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਸੇ ਭਾਰਤੀ ਦੇ ਖਾੜੀ ਮੁਲਕਾਂ ਦੀ ਜੇਲ ‘ਚ ਬੰਦ ਹੋਣ ਦੀ ਸੂਚਨਾ ਭਾਰਤ ਨੂੰ ਨਹੀਂ ਸੀ ਮਿਲਦੀ ਪਰੰਤੂ ਜਦੋਂ ਸ੍ਰੀਮਤੀ ਪਰਨੀਤ ਕੌਰ ਕੇਂਦਰੀ ਵਿਦੇਸ਼ ਰਾਜ ਮੰਤਰੀ ਸਨ ਤਾਂ ਇਨ੍ਹਾਂ ਦੇ ਯਤਨਾਂ ਸਦਕਾ ਉਥੇ ਕਿਸੇ ਵੀ ਜੇਲ ‘ਚ ਬੰਦ ਹੋਣ ਵਾਲੇ ਭਾਰਤੀ ਦੀ ਸੂਚਨਾ ਭਾਰਤੇ ਸਫ਼ਾਰਤਖਾਨੇ ਨੂੰ ਦੇਣੀ ਸ਼ੁਰੂ ਹੋ ਗਈ। ਡਾ. ਉਬਰਾਏ ਨੇ ਹੋਰ ਦੱਸਿਆ ਕਿ ਜਦੋਂ ਦੁਬਈ ਦੀ ਜੇਲ ‘ਚ 17 ਪੰਜਾਬੀ ਬੰਦ ਸਨ ਤਾਂ ਉਨ੍ਹਾਂ ਦੀ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਾਹਮਣੇ ਆਏ ਸਨ ਅਤੇ ਇਨ੍ਹਾਂ ਨੇ ਇਕੱਲੇ-ਇਕੱਲੇ ਨੂੰ 300-300 ਦਰਾਮ ਦੇਣ ਦੀ ਮਾਲੀ ਮਦਦ ਕੀਤੀ ਅਤੇ ਭਰੋਸਾ ਦਿੱਤਾ ਸੀ ਕਿ ਉਹ ਇਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਯਤਨ ਕਰਨਗੇ ਤੇ ਸਿੱਟੇ ਵਜੋਂ ਉਨ੍ਹਾਂ ਦੀਆਂ ਜਾਨਾਂ ਬਚ ਵੀ ਗਈਆਂ ਸਨ।
ਗੁਸੱਈਆਂ ਮੈਗਜ਼ੀਨ ਦੇ ਐਡੀਟਰ ਤੇ ਸ੍ਰੀ ਬੇਗ਼ਮਪੁਰਾ ਮਿਸ਼ਨ ਦੇ ਮੋਢੀ ਸ੍ਰੀ ਕੁਲਵੰਤ ਸਿੰਘ ਨਾਰੀਕੇ ਨੇ ਸ੍ਰੀਮਤੀ ਪਰਨੀਤ ਕੌਰ ਸਮੇਤ ਹੋਰਨਾਂ ਦਾ ਸਵਾਗਤ ਕੀਤਾ ਅਤੇ ਗੁਸੱਈਆਂ ਅਤੇ ਸ੍ਰੀ ਬੇਗ਼ਮਪੁਰਾ ਮਿਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ੍ਰੀ ਅੰਗਰੇਜ ਸਿੰਘ ਵਿਰਕ ਅਤੇ ਸ੍ਰੀਮਤੀ ਵੰਦਨਾ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਜਦੋਂ ਕਿ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਪੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਪੰਜਾਬ ਐਗਰੋ ਦੇ ਸਾਬਕਾ ਉਪ ਚੇਅਰਮੈਨ ਸ੍ਰੀ ਸੰਜੀਵ ਗਰਗ, ਕਾਂਗਰਸ ਦੇ ਸ਼ਹਿਰੀ ਉਪ ਪ੍ਰਧਾਨ ਸ੍ਰੀ ਸਤਿੰਦਰ ਸੰਧੂ, ਆਮਦਨ ਕਰ ਵਿਭਾਗ ਦੇ ਸਾਬਕਾ ਪ੍ਰਿੰਸੀਪਲ ਕਮਿਸ਼ਨ ਡਾ. ਜਗਤਾਰ ਸਿੰਘ, ਡਾ. ਜੀ.ਐਸ. ਅਨੰਦ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਸ੍ਰੀ ਰਜਿੰਦਰ ਸ਼ਰਮਾ, ਕੌਂਸਲਰ ਰਜੇਸ਼ ਮੰਡੋਰਾ, ਸ੍ਰੀਮਤੀ ਰਾਜਵਿੰਦਰ ਕੌਰ ਨਾਰੀਕੇ, ਸ੍ਰੀ ਜਸਵਿੰਦਰ ਜੁਲਕਾ, ਐਡਵੋਕੇਟ ਬਲਬੀਰ ਸਿੰਘ ਬਲਿੰਗ ਸਰਬੱਤ ਦਾ ਭਲਾ ਟ੍ਰਸਟ ਤੋਂ ਡਾ. ਅਮਰ ਸਿੰਘ ਅਜਾਦ, ਜੱਸਾ ਸਿੰਘ ਸੰਧੂ ਤੇ ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਹੋਰ ਅਹਿਮ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।

