ਮੁੱਖ ਮੰਤਰੀ ਤੇ ਮੰਤਰੀਆਂ ਵੱਲੋਂ ਆਮਦਨ ਕਰ ਖੁਦ ਅਦਾ ਕਰਨ ਦਾ ਫੈਸਲਾ
ਚੰਡੀਗੜ੍ਹ, 15 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਸਾਰੇ ਮੰਤਰੀਆਂ ਨੇ ਸਵੈ-ਇਛੁਕ ਤੌਰ ‘ਤੇ ਆਪਣਾ ਆਮਦਨ ਕਰ ਭਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ ਜੋ ਇਸ ਵੇਲੇ ਸਰਕਾਰੀ ਖਜ਼ਾਨੇ ਵਿੱਚੋਂ ਅਦਾ ਕੀਤਾ ਜਾ ਰਿਹਾ ਹੈ।
ਇਹ ਐਲਾਨ ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਨਿੱਜੀ ਤੌਰ ‘ਤੇ ਕੀਤੀ ਅਪੀਲ ਤੋਂ ਬਾਅਦ ਕੀਤਾ ਗਿਆ।
ਵਿਧਾਇਕਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਵੱਲੋਂ ਆਮਦਨ ਕਰ ਦੀ ਸਵੈ-ਅਦਾਇਗੀ ਬਾਰੇ ਅੰਤਿਮ ਫੈਸਲਾ ਇਸ ਬਾਰੇ ਤਜਵੀਜ਼ ‘ਤੇ ਵਿਧਾਇਕਾਂ ਦੀ ਫੀਡਬੈਕ ਮਿਲਣ ਤੋਂ ਬਾਅਦ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਸੂਬੇ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਚੁਣੇ ਹੋਏ ਨੁਮਾਇੰਦਿਆਂ ਨੂੰ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਆਪਣਾ ਆਮਦਨ ਕਰ ਖੁਦ ਅਦਾ ਕਰਨਾ ਚਾਹੀਦਾ ਹੈ ਜਿਸ ਤੋਂ ਬਾਅਦ ਸਮੁੱਚੇ ਮੰਤਰੀ ਮੰਡਲ ਨੇ ਪਹਿਲ ਕਰਦਿਆਂ ਇਹ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਆਮਦਨ ਕਰ ਸਰਕਾਰ ਵੱਲੋਂ ਅਦਾ ਕੀਤਾ ਜਾ ਰਿਹਾ ਹੈ ਜਿਸ ਦਾ ਸੇਕ ਸਰਕਾਰੀ ਖਜ਼ਾਨੇ ਨੂੰ ਲਗਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੁਲਕ ਵਿੱਚ ਸ਼ਾਇਦ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿੱਥੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦਾ ਆਮਦਨ ਕਰ ਸਰਕਾਰ ਵੱਲੋਂ ਭਰੇ ਜਾਣ ਦੀ ਪ੍ਰਣਾਲੀ ਅਪਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਸਰਕਾਰ ਵੱਲੋਂ 11.08 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਜਾ ਰਿਹਾ ਹੈ। ਇਸ ਵਿੱਚੋਂ ਵਿਧਾਇਕਾਂ ਲਈ 10.72 ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ ਜਦ ਕਿ ਬਾਕੀ ਪੈਸੇ ਮੰਤਰੀਆਂ ਲਈ ਅਦਾ ਕੀਤੇ ਜਾਂਦੇ ਹਨ।
ਮੁੱਖ ਮੰਤਰੀ ਨੇ ਆਪਣੇ ਪਾਰਟੀ ਸਾਥੀਆਂ ਅਤੇ ਧਨਾਢ ਕਿਸਾਨਾਂ ਨੂੰ ਸੂਬੇ ਦੇ ਵਡੇਰੇ ਜਨਤਕ ਹਿੱਤ ਵਿੱਚ ਖੇਤੀ ਟਿਊਬਵੈਲਾਂ ‘ਤੇ ਮੁਫਤ ਬਿਜਲੀ ਦੀ ਸਬਸਿਡੀ ਛੱਡਣ ਦੀ ਵੀ ਅਪੀਲ ਕੀਤੀ।

