ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੈਬਨਿਟ ਸਬ-ਕਮੇਟੀ ਕਾਇਮ
ਚੰਡੀਗੜ੍ਹ, 15 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਸੂਬੇ ‘ਚ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੈਬਨਿਟ ਸਬ-ਕਮੇਟੀ ਕਾਇਮ ਕੀਤੀ ਹੈ।
ਪਿੰਡਾਂ ਤੇ ਸ਼ਹਿਰਾਂ ‘ਚ ਸਰਕਾਰੀ ਸੰਪਤੀਆਂ ਉਤੇ ਗ਼ੈਰਕਾਨੂੰਨੀ ਕਬਜ਼ਿਆਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕੈਬਨਿਟ ਨੇ ਵੀਰਵਾਰ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਇਹ ਕਮੇਟੀ ਕਾਇਮ ਕੀਤੀ।
ਕੈਬਨਿਟ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇਸ ਕਮੇਟੀ ਦੇ ਮੈਂਬਰ ਹਨ। ਸਬ-ਕਮੇਟੀ ਵੱਲੋਂ ਅਜਿਹੇ ਨਾਜਾਇਜ਼ ਕਬਜ਼ਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਇਸ ਕਮੇਟੀ ਵੱਲੋਂ ਅਜਿਹੀਆਂ ਜ਼ਮੀਨਾਂ ਛੁਡਾਉਣ ਲਈ ਸੁਝਾਅ ਦਿੱਤੇ ਜਾਣਗੇ ਤਾਂ ਜੋ ਇਸ ਜ਼ਮੀਨ ਦੀ ਸੂਬੇ ਦੇ ਖ਼ਜ਼ਾਨੇ ਦੀ ਹਾਲਤ ਸੁਧਾਰਨ ‘ਚ ਮਦਦ ਲਈ ਜਾ ਸਕੇ। ਵਿੱਤੀ ਤੰਗੀ ‘ਚੋਂ ਗੁਜ਼ਰ ਰਹੀ ਸੂਬਾਈ ਸਰਕਾਰ ਵੱਲੋਂ ਵਸੀਲੇ ਜਟਾਉਣ ਲਈ ਰਾਹ ਤਲਾਸ਼ੇ ਜਾ ਰਹੇ ਹਨ ਅਤੇ ਮੰਤਰੀ ਮੰਡਲ ਨੂੰ ਲੱਗਾ ਕਿ ਇਹ ਕਦਮ ਸਰਕਾਰ ਦੇ ਯਤਨਾਂ ‘ਚ ਸਹਾਈ ਹੋਵੇਗਾ।

