ਡੀਜੀਪੀ ਨੂੰ ਅਖੌਤੀ ਗੁੰਡਾ ਟੈਕਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ
ਚੰਡੀਗੜ੍ਹ, 15 ਫਰਵਰੀ (ਮਧੂਸਾਰ ਬਿਊਰੋ) ਸੂਬੇ ਵਿੱਚ ਸਨਅਤਾਂ ਤੇ ਕਾਰੋਬਾਰ ਤੋਂ ਗ਼ੈਰਕਾਨੂੰਨੀ ਢੰਗ ਨਾਲ ਉਗਰਾਹੀ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡੀਜੀਪੀ ਨੂੰ ਇਸ ਅਖੌਤੀ ਗੁੰਡਾ ਟੈਕਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਸਾਰੇ ਉਪਲੱਬਧ ਸਰੋਤਾਂ ਰਾਹੀਂ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਅਤੇ ਨਿਰਪੱਖ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ।
ਕੈਬਨਿਟ ਮੀਟਿੰਗ ਵਿੱਚ ਮੰਤਰੀਆਂ ਨੇ ਇਹ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੂੰ ਗੁੰਡਾ ਟੈਕਸ ਬਾਰੇ ਰਿਪੋਰਟਾਂ ਦਾ ਨੋਟਿਸ ਲੈਣ ਲਈ ਬੇਨਤੀ ਕੀਤੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਘਟਨਾਕ੍ਰਮ ‘ਚ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ ਅਤੇ ਕਾਰੋਬਾਰੀ ਭਾਵਨਾਵਾਂ ਅਸਰਅੰਦਾਜ਼ ਹੋ ਰਹੀਆਂ ਹਨ, ਜਿਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਖ਼ਤ ਮੁਸ਼ੱਕਤ ਕਰ ਰਹੀ ਹੈ।
ਮੰਤਰੀਆਂ ਵੱਲੋਂ ਚਿੰਤਾ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਡੀਜੀਪੀ ਨੂੰ ਅਜਿਹਾ ਟੈਕਸ ਉਗਰਾਹੁਣ ਵਾਲਿਆਂ ਦੇ ਸਿਆਸੀ ਪ੍ਰਭਾਵ ਜਾਂ ਹੋਰ ਕਿਸੇ ਅਹੁਦੇ ਦੀ ਪ੍ਰਵਾਹ ਕੀਤੇ ਬਗ਼ੈਰ ਇਨ੍ਹਾਂ ਖਿਲਾਫ ਤੁਰੰਤ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਹ ਸੰਦੇਸ਼ ਹਰੇਕ ਪੁਲੀਸ ਮੁਲਾਜ਼ਮ ਨੂੰ ਮਿਲ ਜਾਵੇ ਕਿ ਇਸ ਮਸਲੇ ‘ਚ ਕੋਈ ਢਿੱਲ ਜਾਂ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸੂਬੇ ‘ਚ ਸਨਅਤਾਂ ਲਿਆਉਣ ਅਤੇ ਆਰਥਿਕ ਵਿਕਾਸ ਨੂੰ ਮੁੜ ਲੀਹ ‘ਤੇ ਚਾੜ੍ਹਨ ਬਾਰੇ ਸਰਕਾਰ ਦੇ ਯਤਨਾਂ ਵਿੱਚ ਵਿਘਨ ਪਾ ਰਹੀਆਂ ਹਨ। ਅਜਿਹੀਆਂ ਗਤੀਵਿਧੀਆਂ ਸੂਬੇ ‘ਚ ਨਿਵੇਸ਼ ਤੇ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਸਾਫ਼-ਸੁਥਰਾ ਅਤੇ ਪਾਰਦਰਸ਼ੀ ਮਾਹੌਲ ਮੁਹੱਈਆ ਕਰਾਉਣ ਅੱਗੇ ਵੀ ਅੜਿੱਕਾ ਹਨ। ਭ੍ਰਿਸ਼ਟਾਚਾਰ ਤੇ ਹਰੇਕ ਦੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸਰਕਾਰ ਦੀ ਅਸਹਿਣਯੋਗ ਨੀਤੀ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਸੂਬੇ ‘ਚ ਗ਼ੈਰਕਾਨੂੰਨੀ ਖਣਨ ਖ਼ਿਲਾਫ਼ ਕਾਇਮ ਕੀਤੀ ਕਮੇਟੀ ਦੇ ਕੰਮ ਦੀ ਨਿਗਰਾਨੀ ਕਰਨ ਲਈ ਕਿਹਾ ਹੈ।

