ਪੀਐਨਬੀ ਬੈਂਕਿੰਗ ਘੁਟਾਲੇ ਦਾ ਪਰਦਾਫਾਸ਼
ਨਵੀਂ ਦਿੱਲੀ 15 ਫਰਵਰੀ (ਏਜੰਸੀਆਂ) ਦੇਸ਼ ਦੇ ਸਭ ਤੋਂ ਵੱਡੇ 11300 ਕਰੋੜ ਰੁਪਏ ਦੇ ਬੈਂਕਿੰਗ ਘੁਟਾਲੇ ਦਾ ਪੰਜਾਬ ਨੈਸ਼ਨਲ ਬੈਂਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪਰਦਾਫਾਸ਼ ਕੀਤਾ ਗਿਆ ਹੈ।
ਬੈਂਕ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਣਕਾਰੀ ਸੀਬੀਆਈ, ਸੇਬੀ ਅਤੇ ਸਬੰਧਤ ਏਜੰਸੀਆ ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਸਬੰਧੀ ਬੈਂਕ ਦੇ ਕੁਝ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਕੁਝ ਖਿਲਾਫ਼ ਕਾਰਵਾਈ ਜਾਰੀ ਹੈ।
ਪੀਐਨਬੀ ਦੇ ਐਮਡੀ ਨੇ ਕਿਹਾ ਕਿ 124 ਸਾਲ ਪੁਰਾਣਾ ਬੈਂਕ ਹੈ, ਜਿਸ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਬੈਂਕ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਰਾਸ਼ਟਰੀਯੁਕਤ ਬੈਂਕ 2011 ਵਿਚ ਸ਼ੁਰੂ ਹੋਇਆ। ਬੈਂਕ ਵੱਲੋਂ ਘੁਟਾਲੇ ‘ਚ ਸ਼ਾਮਲ ਕੁਝ ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਜਨਵਰੀ ਦੇ ਤੀਸਰੇ ਹਫਤੇ ਵਿਚ ਮਿਲ ਗਈ ਸੀ ਅਤੇ 29 ਜਨਵਰੀ ਨੂੰ ਇਸ ਦੀ ਜਾਣਕਾਰੀ ਸੀਬੀਆਈ ਨੂੰ ਦਿੱਤੀ ਗਈ ਅਤੇ 30 ਜਨਵਰੀ ਨੂੰ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਗਈ। ਪੀਐਨਬੀ ਦੇ ਐਮ ਡੀ ਨੇ ਕਿਹਾ ਕਿ ਬੈਂਕ ਇਸ ਸਮੱਸਿਆ ਨਾਲ ਨਿਪਟਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਠਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਮ.ਡੀ. ਸੁਨੀਲ ਮਹਿਤਾ ਨੇ ਕਿਹਾ ਕਿ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਹੈ ਇਸ ਲਈ ਸਾਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਗਲਤ ਕੰਮ ਨੂੰ ਬੜਾਵਾ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਵੱਛ ਬੈਂਕਿੰਗ ਵਿਚ ਯਕੀਨ ਰੱਖਦੇ ਹਾਂ ਅਤੇ ਆਰਬੀਆਈ ਗਾਈਡਲਾਈਨ ਦਾ ਪਾਲਣਾ ਕਰਦੇ ਹਾਂ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੈਂਕ ਨੂੰ ਇਸ ਮਾਮਲੇ ਦੀ ਜਾਣਕਾਰੀ ਇਕ ਗ੍ਰਾਹਕ ਦੇ ਕੇਸ ਦੀ ਪੜਤਾਲ ਦੇ ਦੌਰਾਨ ਸਾਹਮਣੇ ਆਈ ਹੈ। ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਸ ਘੁਟਾਲੇ ਨੂੰ ਅੰਜ਼ਾਮ ਦਿੱਤਾ ਗਿਆ। ਇਹ ਘੁਟਾਲਾ ਸਿਰਫ ਇਕ ਬ੍ਰਾਂਚ ਵਿਚ ਹੋਇਆ ਹੈ। ਦੋਸ਼ੀਆਂ ਤੋਂ ਪੈਸਾ ਵਸੂਲਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਦੋਸ਼ੀ ਨੇ ਪੈਸਾ ਵਾਪਸ ਕਰਨ ਦਾ ਕੋਈ ਠੋਸ ਪਲਾਣ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਦੇ ਸੀਬੀਐਸ ਵਿਚ ਲੈਟਰ ਆਫ ਅੰਡਰਟੇਕਿੰਗ ਦਰਜ ਨਹੀਂ ਹੋਇਆ ਸੀ ਇਸ ਲਈ ਘੁਟਾਲੇ ਦੀ ਜਾਣਕਾਰੀ ਨਹੀਂ ਮਿਲ ਸਕੀ।

