ਐਸ.ਸੀ/ਬੀ.ਸੀ ਕਰਮਚਾਰੀ ਫੈਡਰੇਸ਼ਨ ਦੀ ਮੁੱਖ ਮੰਤਰੀ ਦੇ ਓ.ਐਸ.ਡੀ ਨਾਲ ਹੋਈ ਅਹਿਮ ਮੀਟਿੰਗ
ਮੁੱਖ ਮੰਤਰੀ ਨਾਲ ਜਲਦ ਮੁਲਾਕਾਤ ਕਰਵਾ ਕੇ ਮੰਗਾਂ ਹੱਲ ਕਰਵਾਉਣ ਦਾ ਓ.ਐਸ.ਡੀ ਵਲੋਂ ਭਰੋਸਾ
ਪਟਿਆਲਾ 21 ਫਰਵਰੀ (ਮਧੂਸਾਰ ਬਿਊਰੋ) ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼ੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸਟੇਟ ਆਗੂਆਂ ਦੀ ਇਕ ਅਹਿਮ ਮੀਟਿੰਗ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸ. ਸੰਦੀਪ ਬਰਾੜ ਨਾਲ ਹੋਈ।
ਮੀਟਿੰਗ ਵਿਚ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਅਮਰੀਕ ਸਿੰਘ ਬੰਗੜ, ਸਟੇਟ ਆਗੂਆਂ ਲਖਵਿੰਦਰ ਪਠਾਨਕੋਟ, ਡਾ. ਜਤਿੰਦਰ ਸਿੰਘ ਮੱਟੂ, ਸਵਰਨ ਸਿੰਘ ਲੁਧਿਆਣਾ, ਰੌਸ਼ਨ ਲਾਲ ਭਗਤ, ਬਾਬੂ ਸਿੰਘ ਮੋਹਾਲੀ, ਨਰਿੰਦਰ ਸਿੰਘ ਸ਼ਾਮਿਲ ਸਨ। ਇਸ ਮੌਕੇ ਬੋਲਦਿਆਂ ਫੈਡਰੇਸ਼ਨ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਕਿਹਾ ਕਿ ਕਾਂਗਰਸ ਮੈਨੀਫੈਸਟੋ ਵਿਚ ਇਹਨਾਂ ਵਰਗਾਂ ਲਈ ਬਾਬਾ ਸਾਹਿਬ ਵੱਲੋਂ ਦਿਤੇ ਹੱਕਾਂ ਅਧੀਨ ਰਾਖਵਾਕਰਨ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਸ ਸਰਕਾਰ ਦਾ ਇੱਕ ਸਾਲ ਬੀਤ ਜਾਣ ਬਾਅਦ ਵੀ ਇਹਨਾਂ ਵਰਗਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀ ਕੀਤਾ। ਜਿਸ ਕਾਰਨ ਇਹਨਾ ਵਰਗਾਂ ਵਿਚ ਸਰਕਾਰ ਪ੍ਰਤੀ ਬਹੁਤ ਭਾਰੀ ਰੋਸ ਹੈ। ਇਹਨਾ ਵਰਗਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਸੰਵਿਧਾਨ ਦੀ 85ਵੀਂ ਸੋਧ 16 ਜੂਨ 1995 ਤੋਂ ਲਾਗੂ ਕਰਨ ਅਤੇ 22-10 1999 ਦਾ ਸਰਕੂਲਰ ਵਾਪਿਸ ਲੈਣ ਦੇ ਨਾਲ-2 ਪਰਸੋਨਲ ਵਿਭਾਗ ਦਾ 10-10-2014 ਦਾ ਗੈਰ ਸੰਵਿਧਾਨਿਕ ਪੱਤਰ ਜਿਸ ਨਾਲ ਰੋਸਟਰ ਪੁਆਇੰਟ ਸੀਨੀਅਰਤਾ ਪੁਆਇੰਟ ਨਾ ਮੰਨਣ ਨੂੰ ਵਾਪਿਸ ਲੈਣਾ, ਵੱਖ-2 ਵਿਭਾਗਾਂ ਵਿਚ ਪਿਆ ਬੈਕਲਾਗ ਪੂਰਾ ਕਰਨ, 2011 ਦੀ ਜਨਗਣਨਾ ਮੁਤਾਬਿਕ ਰਾਖਵਾਕਰਨ 25 ਪ੍ਰਤੀਸ਼ਤ ਤੋਂ ਵਧਾ ਕੇ 31.94 ਪ੍ਰਤੀਸ਼ਤ ਕਰਨ, ਐਲੋਕੇਸ਼ ਆਫ ਬਿਜ਼ਨਸ 2007 ਮੁਤਾਬਿਕ ਪਰਸੋਨਲ ਵਿਭਾਗ ਦਖਲ ਅੰਦਾਜੀ ਖਤਮ ਕਰਨ, ਆਮਦਨ ਦੀ ਸ਼ਰਤ 2.50ਲੱਖ ਰੁਪਏ ਤੋਂ 10.00 ਲੱਖ ਰੁਪਏ ਪ੍ਰਤੀ ਸਾਲ ਕਰਨ, ਗੈਰ ਸਰਕਾਰੀ ਅਦਾਰਿਆਂ ਵਿਚ ਰਾਖਵਾਂਕਰਨ ਲਾਗੂ ਕਰਨ, ਇਹਨਾ ਵਰਗਾਂ ਦੇ ਗਰੀਬੀ ਰੇਖਾ ਤੋਂ ਨੀਚੇ ਰਹਿੰਦੇ ਦਲਿਤਾਂ ਦੇ ਕਰਜ਼ੇ ਮਾਫ ਕਰਨ ਤੇ ਸਗਨ ਸਕੀਮ 51000/-ਰੁਪਏ ਕਰਨ ਅਤੇ ਇਸ ਸਕੀਮ ਅਧੀਨ ਆਮਦਨ ਦੀ ਸ਼ਰਤ 4.50 ਲੱਖ ਰੁਪਏ ਕੀਤੀ ਜਾਵੇ, ਐਸ.ਸੀ ਭਾਈਚਾਰੇ ਦੀ 200 ਯੁਨਿਟ ਅਤੇ ਮਨਜੂਰ ਸ਼ੁਦਾ ਲੋਡ 2 ਕਿਲੋਵਾਟ ਕਰਨ, ਬੇ-ਰੁਜਗਾਰਾਂ ਨੂੰ ਘੱਟੋ ਘੱਟ 5000/ਰੁਪਏ ਬੇ-ਰੁਜਗਾਰੀ ਭੱਤਾ ਦਿੱਤਾ ਜਾਵੇ। ਇਸ ਮੌਕੇ ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇੰਨਾਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਿਆਂ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੈਡਰੇਸ਼ਨ ਦੇ ਨੁਮਾਇੰਦਿਆਂ ਦੀ ਮੁਲਾਕਾਤ ਬਹੁਤ ਜਰੂਰੀ ਹੈ। ਜਿਸ ‘ਤੇ ਮੁੱਖ ਮੰਤਰੀ ਦੇ ਓ.ਐਸ.ਡੀ ਸੰਦੀਪ ਬਰਾੜ ਨੇ ਭਰੋਸਾ ਦਿਵਾਇਆ ਕਿ ਫੈਡਰੇਸ਼ਨ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਜਲਦ ਗੱਲਬਾਤ ਕੀਤੀ ਜਾਵੇਗੀ ਅਤੇ ਜਲਦ ਤੋਂ ਜਲਦ ਫੈਡਰੇਸ਼ਨ ਆਗੂਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾ ਕੇ ਫੈਡਰੇਸ਼ਨ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਵਾਈਆਂ ਜਾਣਗੀਆਂ। ਫੈਡਰੇਸ਼ਨ ਆਗੂਆਂ ਵਿਚ ਪ੍ਰਧਾਨ ਅਮਰੀਕ ਸਿੰਘ ਬੰਗੜ, ਸਟੇਟ ਆਗੂ ਡਾ. ਜਤਿੰਦਰ ਸਿੰਘ ਮੱਟੂ, ਸਕੱਤਰ ਜਰਨਲ ਲਖਵਿੰਦਰ ਪਠਾਨਕੋਟ, ਜਰਨਲ ਸਕੱਤਰ ਸਵਰਨ ਸਿੰਘ ਲੁਧਿਆਣਾ, ਰੌਸ਼ਨ ਲਾਲ ਭਗਤ, ਸਲਾਹਕਾਰ ਬਾਬੂ ਸਿੰਘ ਮੋਹਾਲੀ, ਨਰਿੰਦਰ ਸਿੰਘ ਸ਼ਾਮਿਲ ਸਨ।

