ਵਾਈਸ ਚਾਂਸਲਰ ਨੇ ਅਰਥ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ
ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਨੂੰ ਯੂਜੀਸੀ ਵਲੋਂ ਸਮੇਂ ਸਿਰ ‘ਅਕਾਦਮਿਕ ਖ਼ੁਦਮੁਖ਼ਤਿਆਰੀ’ ਮਿਲਣ ਨਾਲ ਅਰਥਸ਼ਾਸਤਰ ਵਿਭਾਗ ਦੇ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ਵਲੋਂ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਕੋਲ, ਜੋ ਖੁਦ ਵਿਭਾਗ ਵਿੱਚ ਪਹੁੰਚੇ ਸਨ, ਉਠਾਏ ਗਏ ਵਿਵਾਦਪੂਰਨ ਮੁੱਦਿਆਂ ਨੂੰ ਸੁਲਝਾਉਣ ਵਿੱਚ ਸਹਾਇਤਾ ਮਿਲੀ।
ਨੈਕ ਪ੍ਰਮਾਣਿਕਤਾ ਦੇ ਆਧਾਰ ਤੇ ਮਾਨਤਾ ਪ੍ਰਾਪਤ ਕਰਨ ਨਾਲ ਯੂਨੀਵਰਸਿਟੀ ਨੂੰ ਯੂਜੀਸੀ ਦੀ ਪੂਰਵ ਪ੍ਰਵਾਨਗੀ ਲਏ ਬਿਨਾਂ ਯੂਨੀਵਰਸਿਟੀ ਦੁਆਰਾ ਕੁਝ ਮਾਮਲਿਆਂ ਨੂੰ ਆਪਣੇ ਤੌਰ ਤੇ ਨਿਪਟਾਉਣ ਲਈ ਲਚਕਦਾਰ ਸਹੂਲਤ ਦਿੱਤੀ ਜਾਂਦੀ ਹੈ।
ਇਨ੍ਹਾਂ ਮੁੱਦਿਆਂ ਵਿਚੋਂ ਵਿਦਿਆਰਥੀਆਂ ਦੀ ਇਕ ਮੰਗ ਪੰਜ ਸਾਲਾ ਮਾਸਟਰਜ਼ ਇੰਟੈਗਰੇਟਿਡ ਕੋਰਸ ਵਿੱਚ ਤਿੰਨ ਸਾਲ ਪੂਰੇ ਕਰਨ ਉਪਰੰਤ ਬੈਚਲਰਜ਼ ਡਿਗਰੀ ਹਾਸਲ ਕਰਨਾ ਸੀ। ‘ਅਕਾਦਮਿਕ ਖ਼ੁਦਮੁਖ਼ਤਿਆਰੀ’ ਨੇ ਵਾਈਸ-ਚਾਂਸਲਰ ਨੂੰ ਵਿਦਿਆਰਥੀਆਂ ਨੂੰ ਇਹ ਭਰੋਸਾ ਦੇਣ ਵਿੱਚ ਵੀ ਮਦਦ ਕੀਤੀ ਕਿ ਜਿਥੋਂ ਤੱਕ ਕੋਰਸਾਂ ਦੀ ਨਾਮਾਵਲੀ ਦਾ ਸੰਬੰਧ ਹੈ, ਉਨ੍ਹਾਂ ਨੂੰ ਕਿਸੇ ਵੀ ਪੱਧਰ ‘ਤੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਡਾ. ਘੁੰਮਣ ਨੇ ਵਾਅਦਾ ਕੀਤਾ ਕਿ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਉਨ੍ਹਾਂ ਨਾਲ ਅਤੇ ਸਬੰਧਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਕਰਨ ਉਪਰੰਤ ਬਿਨਾਂ ਕਿਸੇ ਝਿਜਕ ਦੇ ਸਵੀਕਾਰ ਕੀਤੀਆਂ ਜਾਣਗੀਆਂ ਹਾਲਾਂਕਿ ਬਾਕੀ ਮਾਮਲਿਆਂ ਵਿੱਚ ਸਿਸਟਮ ਦੀਆਂ ਸੀਮਾਵਾਂ ਧਿਆਨ ਵਿੱਚ ਰੱਖੀਆਂ ਜਾਣੀਆਂ ਜ਼ਰੂਰੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੇਤਰਤੀਬੀ ਜਾਣਕਾਰੀ ਰੱਖਣ ਅਤੇ ਸਿਆਸੀ ਜਥੇਬੰਦੀਆਂ ਦੇ ਹੱਥਾਂ ਵਿਚ ਖੇਡਣ ਤੋਂ ਬਚਣ ਲਈ ਸਾਵਧਾਨ ਕੀਤਾ ਕਿਉਂਕਿ ਇਨ੍ਹਾਂ ਜਥੇਬੰਦੀਆਂ ਦੇ ਆਪਣੇ ਨਿਜੀ ਹਿੱਤ ਹੁੰਦੇ ਹਨ ਅਤੇ ਆਮ ਤੌਰ ‘ਤੇ ਵਿਦਿਆਰਥੀਆਂ ਵਰਗ ਦੀ ਭਲਾਈ ਨਾਲ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਨੁਚਿਤ ਅੰਦੋਲਨਕਾਰੀ ਦ੍ਰਿਸ਼ਟੀਕੋਣ ਨੂੰ ਛੱਡ ਕੇ ਯੂਨੀਵਰਸਿਟੀ ਦੇ ਸਭ ਤੋਂ ਜ਼ਿਆਦਾ ਪ੍ਰਤਿਸ਼ਾਠਾਵਾਨ ਵਿਭਾਗਾਂ ਵਿਚ ਉਪਲਬਧ ਸਾਜ਼ੋ-ਸਾਮਾਨ ਅਤੇ ਸਹੂਲਤਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਡਾ. ਘੁੰਮਣ ਨੇ ਕਿਹਾ ਕਿ ਉਨ੍ਹਾਂ ਨੂੰ ਇੰਟਰਨਸ਼ਿਪਾਂ ਅਤੇ ਰੁਜ਼ਗਾਰ ਦੇ ਰੂਪ ਵਿੱਚ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੀ ਸਹੂਲਤ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਡਾ. ਘੁੰਮਣ ਨਾਲ ਡੀਨ ਅਕਾਦਮਿਕ ਮਾਮਲੇ, ਡਾ. ਜੀ.ਐਸ. ਬੱਤਰਾ, ਵਿਭਾਗ ਦੇ ਮੁਖੀ, ਡਾ. ਲਖਵਿੰਦਰ ਗਿੱਲ ਅਤੇ ਮੀਡੀਆ ਸੈਂਟਰ ਦੇ ਡਾਇਰੈਕਟਰ ਡਾ. ਗੁਰਮੀਤ ਮਾਨ ਵੀ ਮੌਜੂਦ ਸਨ।

