ਪੰਜਾਬ

ਹਰਸਿਮਰਤ ਬਾਦਲ ਵੱਲੋਂ ਬਠਿੰਡਾ ਵਿਖੇ ਆਈਆਈਐਫਪੀਟੀ ਸੈਂਟਰ ਸਥਾਪਤ ਕਰਨ ਦਾ ਐਲਾਨ

ਚੰਡੀਗੜ੍ਹ/24 ਫਰਵਰੀ (ਮਧੂਸਾਰ ਬਿਊਰੋ) ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨਾਲੌਜੀ (ਆਈਆਈਐਫਪੀਟੀ) ਦਾ ਇੱਕ ਬਿਜ਼ਨਸ ਸਿਖਲਾਈ ਕੇਂਦਰ ਸਥਾਪਤ ਕਰਨ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ 27 ਫਰਵਰੀ ਨੂੰ ਸੈਂਟਰ ਵਿਖੇ ਇੱਕ ਸਿਖਲਾਈ ਕੈਂਪ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 27 ਫਰਵਰੀ ਨੂੰ ਲਗਾਈ ਜਾਣ ਵਾਲੀ ਇੱਕ ਰੋਜ਼ਾ ਵਰਕਸ਼ਾਪ ਉਹਨਾਂ ਅਗਾਂਹਵਧੂ ਕਿਸਾਨਾਂ ਨੂੰ ਇੱਕ ਨਿਵੇਕਲਾ ਮੌਕਾ ਪ੍ਰਦਾਨ ਕਰੇਗੀ, ਜਿਹੜੇ ਆਪਣਾ ਖੁਦ ਦਾ ਕਾਰੋਬਾਰ ਮੱਛੀ ਪਾਲਣ, ਸ਼ਹਿਦ ਦੀ ਖੇਤੀ ਜਾਂ ਡੇਅਰੀ ਫਾਰਮ ਵਾਸਤੇ ਕਰਜ਼ਾ ਲੈਣਾ ਚਾਹੁੰਦੇ ਹਨ। ਮੰਤਰੀ ਨੇ ਕਿਹਾ ਕਿ ਇਹ ਵਰਕਸ਼ਾਪ ਵਿਚ ਨਾ ਸਿਰਫ ਕਿਸਾਨਾਂ ਨੂੰ ਸਬਸਿਡੀ ਵਾਲਾ ਕਰਜ਼ਾ ਮੁਹੱਈਆ ਕਰਵਾਉਣ ਉੱਤੇ ਕੇਂਦਰਿਤ ਹੋਵੇਗੀ, ਸਗੋਂ ਉਹਨਾਂ ਨੂੰ ਇਹਨਾਂ ਕਾਰੋਬਾਰਾਂ ਵਿਚ ਕਾਮਯਾਬੀ ਹਾਸਿਲ ਕਰਨ ਲਈ ਲੋੜੀਂਦੀ ਸਿਖਲਾਈ ਵੀ ਦਿੱਤੀ ਜਾਵੇਗੀ।
ਬੀਬੀ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਦੀ ਗੁਣਵੱਤਾ ਵਧਾ ਕੇ ਇਸ ਨੂੰ ਬਾਜ਼ਾਰ ਵਿਚ ਵੇਚਣ ਦੀ ਹੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ, ਸਗੋਂ ਕਿਸਾਨਾਂ ਨੂੰ ਉਹਨਾਂ ਕੰਪਨੀਆਂ ਨਾਲ ਵੀ ਮਿਲਾਇਆ ਜਾਵੇਗਾ, ਜਿਹੜੀਆਂ ਕਿਸਾਨਾਂ ਦੀ ਫਸਲਾਂ ਵਿਕਵਾਉਣ ਵਿਚ ਮੱਦਦ ਕਰਨਗੀਆਂ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਇੱਕ ਮੁਕੰਮਲ ਪੈਕੇਜ ਦੇਣਾ ਚਾਹੁੰਦੇ ਹਾਂ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਉਹਨਾਂ ਕੰਪਨੀਆਂ ਨਾਲ ਵਪਾਰਕ ਸਾਂਝਾਂ ਪੈ ਜਾਣ, ਜਿਹੜੀਆਂ ਉਹਨਾਂ ਦੀ ਫਸਲ ਨੂੰ ਆਖਰੀ ਖਪਤਕਾਰ ਤਕ ਲੈ ਕੇ ਜਾਣਗੀਆਂ। ਜਿਹੜੇ ਕਿਸਾਨ ਆਪਣੀਆਂ ਫਸਲਾਂ ਖੁਦ ਰਿਟੇਲ ਵਿਚ ਵੇਚਣ ਦੇ ਚਾਹਵਾਨ ਹਨ, ਉਹਨਾਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ।
ਕਿਸਾਨਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਦੀ ਤਾਕੀਦ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਮੰਤਰਾਲੇ ਦੁਆਰਾ ਅਗਲੇ ਦੋ ਸਾਲਾਂ ਵਿਚ ਕਿਸਾਨਾਂ ਅਤੇ ਖੇਤੀ ਕਾਰੋਬਾਰੀਆਂ ਲਈ 6000 ਕਰੋੜ ਰੁਪਏ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਪੰਜਾਬ ਦੇ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।

Leave a Reply

Your email address will not be published. Required fields are marked *