ਪੰਜਾਬਪਟਿਆਲਾ

ਲੁਧਿਆਣਾ ਨਿਗਮ ਚੋਣਾਂ ‘ਚ ਬੋਗਸ ਵੋਟਾਂ, ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ: ਅਕਾਲੀ ਦਲ

ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਨੇ ਕਾਂਗਰਸੀਆਂ ਦੀ ਭੀੜ ਲੈ ਕੇ ਵਿਭਿੰਨ ਬੂਥਾਂ ਤੋਂ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨੂੰ ਖਦੇੜਿਆ
ਕਿਹਾ ਕਿ ਸੂਬਾਈ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ
ਚੰਡੀਗੜ੍ਹ/24 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਹਿੰਸਾ ਦਾ ਸਹਾਰਾ ਲੈਂਦਿਆਂ ਬੂਥਾਂ ਉੱਤੇ ਕਬਜ਼ੇ ਕਰਕੇ ਅਤੇ ਜਾਅਲੀ ਵੋਟਾਂ ਭੁਗਤਾ ਕੇ ਕਾਂਗਰਸ ਪਾਰਟੀ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਲੁਧਿਆਣਾ ਸਾਂਸਦ ਰਵਨੀਤ ਸਿੰਘ ਬਿੱਟੂ ਵਰਗੇ ਕਾਂਗਰਸੀਆਂ ਆਗੂਆਂ ਅਤੇ ਭਾਰਤ ਭੂਸ਼ਣ ਵਰਗੇ ਵਿਧਾਇਕਾਂ ਨੇ ਕਾਂਗਰਸੀਆਂ ਦੀ ਭੀੜ ਲਿਜਾ ਕੇ ਵਿਭਿੰਨ ਬੂਥਾਂ ਤੋਂ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨੂੰ ਖਦੇੜ ਦਿੱਤਾ ਅਤੇ ਜੀਅ ਭਰ ਕੇ ਜਾਅਲੀ ਵੋਟਾਂ ਭੁਗਤਾਈਆਂ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਬਿੱਟੂ ਅਤੇ ਆਸ਼ੂ ਵੱਲੋਂ ਪੁਲਿਸ ਕਰਮਚਾਰੀਆਂ, ਕਾਂਗਰਸੀ ਵਰਕਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਕੀਤੀ ਗੁੰਡਾਗਰਦੀ ਦੀ ਸ਼ਿਕਾਇਤ ਕੀਤੀ ਗਈ ਸੀ, ਪਰ ਲੁਧਿਆਣਾ ਦੇ ਸਥਾਨਕ ਪ੍ਰਸਾਸ਼ਨ ਅਤੇ ਸੂਬਾਈ ਚੋਣ ਕਮਿਸ਼ਨ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ। ਲੁਧਿਆਣਾ ਪੁਲਿਸ ਨਾ ਸਿਰਫ ਇਸ ਗੁੰਡਾਗਰਦੀ ਨੂੰ ਮੂਕ ਦਰਸ਼ਕ ਬਣਕੇ ਵੇਖਦੀ ਰਹੀ, ਇਸ ਨੇ ਅਕਾਲੀ ਏਜੰਟਾਂ ਨੂੰ ਬੂਥਾਂ ਤੋਂ ਖਦੇੜਣ ਅਤੇ ਅਕਾਲੀ ਵੋਟਰਾਂ ਨੂੰ ਡਰਾਉਣ ਵਿਚ ਉਲਟਾ ਕਾਂਗਰਸੀ ਵਰਕਰਾਂ ਦਾ ਸਾਥ ਦਿੱਤਾ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਵਰਕਰਾਂ ਵਿਰੁੱਧ ਹਿੰਸਾ ਅਤੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਘਟਨਾਵਾਂ ਕੱਲ੍ਹ ਉਸ ਸਮੇਂ ਹੀ ਸ਼ੁਰੂ ਹੋ ਗਈਆਂ ਸਨ, ਜਦੋਂ ਕਾਂਗਰਸੀਆਂ ਨੇ ਵਾਰਡ ਨੰਬਰ 36 ਤੋਂ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਸੋਖੀ ਉੱਤੇ ਹਮਲਾ ਕਰਕੇ ਉਹਨਾਂ ਨੂੰ ਤਿੰਨ ਸਾਥੀਆਂ ਸਣੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਹਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਸੀ। ਉਹਨਾਂ ਕਿਹਾ ਕਿ ਸੋਖੀ ਦੇ ਹਮਲਾਵਰਾਂ ਉੱਤੇ ਮਾਮਲਾ ਦਰਜ ਕਰਨ ਦੀ ਥਾਂ ਉਲਟਾ ਅਕਾਲੀ ਉਮੀਦਵਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਉਹਨਾਂ ਕਿਹਾ ਕਿ ਇਸ ਨਾਲ ਕਾਂਗਰਸੀਆਂ ਦੇ ਹੌਂਸਲੇ ਖੁੱਲ੍ਹ ਗਏ ਅਤੇ ਉਹਨਾਂ ਨੇ ਅੱਜ ਅਕਾਲੀ ਵਰਕਰਾਂ ਨੂੰ ਖਦੇੜਣ ਲਈ ਉਹਨਾਂ ਉੱਤੇ ਸ਼ਰੇਆਮ ਪੱਥਰਬਾਜ਼ੀ ਕੀਤੀ। ਇੰਨਾ ਹੀ ਨਹੀਂ, ਨਿਰਮਲ ਸਕੂਲ ਦੇ ਪੋਲਿੰਗ ਬੂਥ ਉੱਤੇ ਉਹਨਾਂ ਨੇ ਇੱਕ ਪੱਤਰਕਾਰ ਉੱਤੇ ਵੀ ਹਮਲਾ ਕਰ ਦਿੱਤਾ।
ਡਾਕਟਰ ਚੀਮਾ ਨੇ ਕਿਹਾ ਕਿ ਵਾਰਡ ਨੰਬਰ 72 ਵਿਚ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਨੇ ਸ਼ਰੇਆਮ ਅਕਾਲੀ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਅਤੇ ਵਿਧਾਇਕ ਨਾਲ ਆਏ ਵਿਅਕਤੀਆਂ ਨੇ ਰੱਜ ਕੇ ਜਾਅਲੀ ਵੋਟਾਂ ਭੁਗਤਾਈਆਂ। ਉਹਨਾਂ ਕਿਹਾ ਕਿ 250 ਤੋਂ ਵਧੇਰੇ ਬਾਹਰਲੇ ਵਿਅਕਤੀ ਅੰਮ੍ਰਿਤਸਰ ਦੇ ਰਜਿਸਟਰਸ਼ਨ ਨੰਬਰਾਂ ਵਾਲੀਆਂ ਬੱਸਾਂ ਰਾਹੀਂ ਸਾਨੇਤ ਪਿੰਡ ਪੁੱਜੇ ਹੋਏ ਸਨ।
ਡਾਕਟਰ ਚੀਮਾ ਨੇ ਕਿਹਾ ਕਿ ਵਾਰਡ ਨੰਬਰ 38 ਵਿਚ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੁਆਰਾ ਬਾਕਾਇਦਾ ਇਜਾਜ਼ਤ ਲੈ ਕੇ ਲਗਾਏ ਗਏ ਇੱਕ ਵੀਡਿਓ ਕੈਮਰੇ ਨੂੰ ਤੋੜ ਦਿੱਤਾ। ਉਹਨਾਂ ਕਿਹਾ ਕਿ ਇਸ ਵਾਰਡ ਵਿਚ 100 ਦੇ ਕਰੀਬ ਕਾਂਗਰਸੀ ਵਰਕਰਾਂ ਨੇ 4 ਬੂਥਾਂ ਅੰਦਰ ਵੜ ਕੇ ਜਾਅਲੀ ਵੋਟਾਂ ਭੁਗਤਾਈਆਂ। ਅਕਾਲੀ ਆਗੂ ਨੇ ਕਿਹਾ ਕਿ ਵਾਰਡ ਨੰਬਰ 46 ਵਿਚ ਕਾਂਗਰਸੀਆਂ ਨੇ ਇੱਕ ਵੀਡਿਓ ਕੈਮਰਾ ਖੋਹ ਲਿਆ ਅਤੇ ਫਿਰ ਦੋ ਬੂਥਾਂ ਅੰਦਰ ਵੜ ਕੇ ਅਕਾਲੀ ਏਜੰਟਾਂ ਨੂੰ ਖਦੇੜ ਦਿੱਤਾ ਅਤੇ ਮੁੱਖ ਗੇਟ ਨੂੰ ਤਾਲਾ ਲਾ ਕੇ ਜਾਅਲੀ ਵੋਟਾਂ ਭੁਗਤਾਈਆਂ।
ਅਕਾਲੀ ਆਗੂ ਨੇ ਕਿਹਾ ਕਿ ਵਾਰਡ ਨੰਬਰ 54 ਵਿਚ ਇਵਿੰਗ ਕ੍ਰਿਸਚੀਅਨ ਸਕੂਲ ਅੰਦਰ ਬਣੇ ਤਿੰਨ ਬੂਥਾਂ ਅੰਦਰ ਵੀ ਕਾਂਗਰਸੀ ਗੁੰਡੇ ਜਬਰਦਸਤੀ ਜਾ ਵੜੇ। ਇਸ ਤੋਂ ਇਲਾਵਾ ਵਾਰਡ ਨੰਬਰ 67 ਦੇ ਤਿੰਨ ਪੋਲਿੰਗ ਬੂਥਾਂ ਤੋਂ ਅਕਾਲੀ ਏਜੰਟਾਂ ਨੂੰ ਜਬਰਦਸਤੀ ਬਾਹਰ ਕੱਢ ਕੇ ਕਾਂਗਰਸੀ ਵਰਕਰਾਂ ਨੇ ਜਾਅਲੀ ਵੋਟਾਂ ਭੁਗਤਾਈਆਂ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਵਾਰਡ ਨੰਬਰ 71 ਵਿਚ ਵੀ ਕਾਂਗਰਸੀ ਗੁੰਡਿਆਂ ਵੱਲੋਂ ਅਕਾਲੀ ਵਰਕਰਾਂ ਨਾਲ ਧੱਕਾਮੁੱਕੀ ਕੀਤੀ ਗਈ। ਉਹਨਾਂ ਕਿਹਾ ਕਿ ਵਾਰਡ ਨੰਬਰ 36 ਦੇ ਤਿੰਨ ਬੂਥਾਂ ਉੱਤੇ ਵੀ ਕਾਂਗਰਸੀ ਵਰਕਰਾਂ ਨੇ ਜਾਅਲੀ ਵੋਟਾਂ ਭੁਗਤਾਈਆਂ। ਵਾਰਡ ਨੰਬਰ 67 ਦੇ ਤਿੰਨ ਬੂਥਾਂ ਅਤੇ ਵਾਰਡ ਨੰਬਰ 12 ਦੇ 2 ਬੂਥਾਂ ਉੱਤੇ ਵੀ ਕਾਂਗਰਸੀ ਵਰਕਰਾਂ ਨੇ ਰੱਜ ਕੇ ਜਾਅਲੀ ਵੋਟਾਂ ਭੁਗਤਾਈਆਂ ਗਈਆਂ।

Leave a Reply

Your email address will not be published. Required fields are marked *