ਪੰਜਾਬ

ਅਕਾਲੀ ਦਲ ਵੱਲੋਂ ਪਾਤੜਾਂ ਨਗਰ ਕੌਂਸਲ ਦੀ ਜ਼ਿਮਨੀ ਚੋਣ ਰੱਦ ਕਰਵਾਉਣ ਲਈ ਚੋਣ ਕਮਿਸ਼ਨ ਕੋਲ ਸ਼ਿਕਾਇਤ

ਬੀਬੀ ਲੂੰਬਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਸਥਾਨਕ ਪ੍ਰਸਾਸ਼ਨ ਦੀ ਮਿਲੀ ਭੁਗਤ ਨਾਲ ਬੂਥਾਂ ਉੱਤੇ ਕਬਜ਼ੇ ਕੀਤੇ
ਚੰਡੀਗੜ੍ਹ/27 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਸੂਬਾਈ ਚੋਣ ਕਮਿਸ਼ਨ ਨੂੰ ਆਖਿਆ ਹੈ ਕਿ ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 11 ਦੀ ਜ਼ਿਮਨੀ ਚੋਣ ਮੌਕੇ ਕਾਂਗਰਸੀ ਆਗੂਆਂ ਵੱਲੋਂ ਕੀਤੀ ਧੱਕੇਸ਼ਾਹੀ ਅਤੇ ਹੇਰਾਫੇਰੀ ਨੂੰ ਮੱਦੇਨਜ਼ਰ ਰੱਖਦਿਆਂ ਇਸ ਚੋਣ ਨੂੰ ਤੁਰੰਤ ਰੱਦ ਕਰਕੇ ਦੁਬਾਰਾ ਚੋਣ ਕਰਵਾਈ ਜਾਵੇ ਅਤੇ ਦੋਸ਼ੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਇੱਥੇ ਹਲਕਾ ਸ਼ੁਤਰਾਣਾ ਦੀ ਸਾਬਕਾ ਅਕਾਲੀ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸਿੱਧੂ ਨੂੰ ਲਿਖ਼ਤੀ ਰੂਪ ਵਿਚ ਸ਼ਿਕਾਇਤ ਦਿੰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਥਾਨਕ ਪ੍ਰਸਾਸ਼ਨ ਨੂੰ ਜ਼ਿਮਨੀ ਚੋਣ ਆਜ਼ਾਦਾਨਾ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਦੇ ਦਿੱਤੇ ਹੁਕਮਾਂ ਦੇ ਬਾਵਜੂਦ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੇ ਅਕਾਲੀ-ਭਾਜਪਾ ਉਮੀਦਵਾਰ ਸ਼ਿਵ ਚੰਦ (ਡੀ ਸੀ) ਨੂੰ ਨਾ ਸਿਰਫ ਚੋਣ ਮੈਦਾਨ ਵਿਚੋਂ ਹਟਣ ਲਈ ਦਬਕਾਇਆ ਅਤੇ ਧਮਕਾਇਆ, ਸਗੋਂ ਪੋਲਿੰਗ ਨਾਲੇ ਦਿਨ ਉਮੀਦਵਾਰ ਅਗਵਾ ਕਰ ਲਿਆ ਗਿਆ ਤਾਂ ਕਿ ਕਾਂਗਰਸੀ ਆਗੂ ਅਤੇ ਵਰਕਰ ਜਾਅਲੀ ਵੋਟਾਂ ਭੁਗਤਾ ਸਕਣ।
ਕਾਂਗਰਸੀ ਆਗੂਆਂ ਵੱਲੋਂ ਕੀਤੀ ਧੱਕੇਸ਼ਾਹੀ ਅਤੇ ਹੇਰਾਫੇਰੀ ਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਕਾਂਗਰਸੀ ਆਗੂ ਜੈ ਪ੍ਰਤਾਪ ਸਿੰਘ ਉਰਫ ਡੀ ਜੇ ਦੀ ਅਗਵਾਈ ਵਿਚ 20-25 ਵਿਅਕਤੀਆਂ ਨੇ ਸ਼ਿਵ ਚੰਦ ਨੂੰ ਪੋਲਿੰਗ ਬੂਥ 20 ਵਿਚੋਂ ਜਬਰਦਸਤੀ ਚੁੱਕ ਲਿਆ ਅਤੇ ਉਸ ਦੀ ਕੁੱਟ ਮਾਰ ਕਰਕੇ ਕਮਰੇ ਵਿਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸੀਆਂ ਨੇ ਬੂਥ ਨੰਬਰ 19 ਅਤੇ 20 ਵਿਚ ਜਾਅਲੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
ਕਾਂਗਰਸੀਆਂ ਵੱਲੋਂ ਅਕਾਲੀ ਉਮੀਦਵਾਰ ਦੀ ਬੇਟੀ ਨਾਲ ਕੀਤੀ ਧੱਕਾਮੁੱਕੀ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਬੂਥ ਨੰਬਰ 20 ਉੱਤੇ ਪੋਲਿੰਗ ਏਜੰਟ ਵਜੋਂ ਬੈਠੀ ਉਮੀਦਵਾਰ ਦੀ ਬੇਟੀ ਦੀਪਿਕਾ ਨੂੰ ਕਾਂਗਰਸੀ ਵਰਕਰਾਂ ਨੇ ਘਸੀਟ ਕੇ ਬੂਥ ਵਿਚੋਂ ਬਾਹਰ ਕੱਢ ਦਿੱਤਾ। ਇਕ ਹੋਰ ਪੋਲਿੰਗ ਏਜੰਟ ਲੜਕੀ ਸੁਨੀਤਾ ਰਾਣੀ ਨਾਲ ਵੀ ਖਿੱਚ ਧੂਹ ਕੀਤੀ ਗਈ। ਅਕਾਲੀ ਆਗੂ ਨੇ ਦੱਸਿਆ ਕਿ ਜਦੋਂ ਨਗਰ ਕੌਸਂਲ ਦੇ ਸਾਬਕਾ ਪ੍ਰਧਾਨ ਵਿਨੋਦ ਜ਼ਿੰਦਲ ਨੇ ਕਾਂਗਰਸੀ ਵਰਕਰਾਂ ਵਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦੀ ਸਥਾਨਕ ਪ੍ਰਸਾਸ਼ਨ ਐਸਡੀਐਮ, ਤਹਿਸੀਲਦਾਰ ਅਤੇ ਡੀਐਸਪੀ ਨੂੰ ਜਾਣਕਾਈ ਦਿੱਤੀ ਤਾਂ ਉਹਨਾਂ ਕੋਈ ਕਾਰਵਾਈ ਨਾ ਕੀਤੀ। ਬੀਬੀ ਲੂੰਬਾ ਨੇ ਦੱਸਿਆ ਕਿ ਜਦੋਂ ਮੈਂ ਖੁਦ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਇਸ ਦੀ ਇਤਲਾਹ ਦੇਣ ਲਈ ਫੋਨ ਕੀਤਾ ਤਾਂ ਉਹਨਾਂ ਮੇਰੀ ਗੱਲ ਸੁਣੇ ਬਿਨਾਂ ਹੀ ਅੱਧ ਵਿਚਕਾਰੋਂ ਫੋਨ ਕੱਟ ਦਿੱਤਾ।
ਸੂਬਾਈ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਦੇ ਨਾਲ ਹਿੰਸਾ ਅਤੇ ਬੂਥਾਂ ਉੱਤੇ ਕਬਜ਼ਿਆਂ ਦੀਆਂ ਘਟਨਾਵਾਂ ਦੀ ਇੱਕ ਵੀਡਿਓ ਵਾਲੀ ਸੀਡੀ ਸੌਂਪਦਿਆਂ ਅਕਾਲੀ ਆਗੂ ਨੇ ਮੰਗ ਕੀਤੀ ਕਿ ਜੇਤੂ ਐਲਾਨੇ ਕਾਂਗਰਸੀ ਉਮੀਦਵਾਰ ਵਿਵੇਕ ਸਿੰਗਲਾ ਦੀ ਚੋਣ ਰੱਦ ਕਰਕੇ ਦੁਬਾਰਾ ਚੋਣ ਕਰਵਾਈ ਜਾਵੇ ਅਤੇ ਸਮੁੱਚੇ ਸਥਾਨਕ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਬਦਲਿਆ ਜਾਵੇ। ਉਹਨਾਂ ਨੇ ਆਪਣੇ ਫਰਜ਼ਾਂ ਤੋਂ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਅਕਾਲੀ ਆਗੂ ਨੇ ਹਿੰਸਾ ਅਤੇ ਹੇਰਾਫੇਰੀਆਂ ਕਰਨ ਲਈ ਜੈ ਪ੍ਰਤਾਪ ਡੇਜੀਥਕਾਹਲੋਂ, ਅਸ਼ਵਨੀ ਕੁਮਾਰ ਉਰਫ ਆਸੂ ਪਟਵਾਰੀ, ਅੰਕਿਤ ਗਰਗ, ਅਮਨ ਸ਼ੁਤਰਾਣਾ, ਸੋਹਣ ਸਿੰਘ, ਦੀਪਕ ਗੋਇਲ, ਸੂਬਾ ਸਿੰਘ ਸੇਲ ਵਾਲਾ ਖਿਲਾਫ ਕੇਸ ਦਰਜ ਕਰਕੇ ਤੁਰੰਤ ਕਰਵਾਈ ਕਰਨ ਦੀ ਮੰਗ ਵੀ ਕੀਤੀ। ਅਕਾਲੀ ਆਗੂ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਇਸ ਧੱਕੇਸ਼ਾਹੀ ਖਿਲਾਫ ਤਿੱਖਾ ਅੰਦੋਲਨ ਵਿੱਢੇਗਾ।

Leave a Reply

Your email address will not be published. Required fields are marked *