ਖਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗੁਰਤਾ-ਗੱਦੀ ਦਿਵਸ ਨੂੰ ਸਮਰਪਿਤ ਵਾਤਾਵਰਣ ਦਿਵਸ
ਪਟਿਆਲਾ 15 ਮਾਰਚ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾ-ਗੱਦੀ ਦਿਵਸ ਨੂੰ ਸਮਰਪਿਤ ‘ਵਾਤਾਵਰਣ ਦਿਵਸ’ ਮਨਾਇਆ ਗਿਆ। ਕਾਲਜ ਵੱਲੋਂ ਇਹ ਦਿਵਸ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਰਦੇਸ਼ਾਂ ਤਹਿਤ ਆਯੋਜਿਤ ਕੀਤਾ ਗਿਆ।
ਇਸ ਮੌਕੇ ਕਾਲਜ ਵਿਖੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਵੱਲੋਂ ਵੱਖ ਵੱਖ ਥਾਵਾਂ ਤੇ ਟਾਹਲੀ ਜਾਮਣ ਅਮਲਤਾਸ ਅਤੇ ਨਿੰਮ ਆਦਿ ਦਰਖਤਾਂ ਦੇ ਬੂਟੇ ਲਗਾਏ ਗਏ ਅਤੇ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਤਰਲੋਚਨ ਸਿੰਘ ਮਹਾਜਨ ਪੰਜਾਬੀ ਵਿਭਾਗ ਦੇ ਡਾ. ਦਵਿੰਦਰ ਸਿੰਘ ਅਤੇ ਧਰਮ ਅਧਿਐਨ ਵਿਭਾਗ ਦੇ ਡਾ. ਗੁਰਵੀਰ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਅਤੇ ਵਿਚਾਰਧਾਰਾ ਸਬੰਧੀ ਲੈਕਚਰ ਦਿੱਤੇ ਗਏ।
ਇਸ ਮੌਕੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕ੍ਰਿਤੀ ਪ੍ਰੇਮ ਸਮਰਪਿਤ ਜੀਵਨ ਤੋਂ ਪ੍ਰੇਰਿਤ ਇਹ ਦਿਵਸ ਕੌਮਤਰੀ ਲਹਿਰ ਦਾ ਰੂਪ ਇਖ਼ਤਿਆਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਮੁਬਾਰਕ ਸੰਦੇਸ਼ ਦੇ ਕੇ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਸੁਚੇਤ ਕੀਤਾ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਇਸ ਅਦੁੱਤੀ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਵਾਤਾਵਰਣ ਦੀ ਸ਼ੁੱਧਤਾ ਅਤੇ ਸਰੀਰਕ ਰੋਗਾਂ ਦੇ ਇਲਾਜ ਲਈ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਬੇਸ਼ਕੀਮਤੀ ਜੜ੍ਹੀ ਬੂਟੀਆਂ ਦਾ ਬਾਗ ਲਗਾਇਆ।
ਡਾ. ਤਰਲੋਚਨ ਸਿੰਘ ਮਹਾਜਨ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਅੱਜ ਤੋਂ ਕਈ ਸਦੀਆ ਪਹਿਲਾ ਹੀ ਵਾਤਾਵਰਣ ਦੇ ਮਹੱਤਵ ਨੂੰ ਪਹਿਚਾਣ ਲਿਆ ਸੀ। ਇਸੇ ਲਈ ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਲਈ ਥਾਂ ਥਾਂ ਤੇ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਵਾਏ।
ਡਾ. ਗੁਰਵੀਰ ਸਿੰਘ ਨੇ ਕਿਹਾ ਕਿ ਗੁਰੂ ਹਰਿਰਾਇ ਸਾਹਿਬ ਜੀ ਨੇ ਵਾਤਾਵਰਣ ਦੀ ਸੁਚੱਜੀ ਸਾਂਭ-ਸੰਭਾਲ ਲਈ ਮਨੁੱਖਤਾ ਨੂੰ ਜਾਗਰੂਕ ਕੀਤਾ ਅਤੇ ਇਸ ਕਾਰਜ ਲਈ ਗੁਰੂ ਸਾਹਿਬ ਨੇ ਕਈ ਫ਼ਲਦਾਰ ਬੂਟੇ ਲਗਵਾਏ।
ਡਾ. ਦਵਿੰਦਰ ਸਿੰਘ ਨੇ ਸਮੁੱਚੀ ਗੁਰੂ ਪ੍ਰਰੰਪਰਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਕਾਦਰ ਨੂੰ ਕੁਦਰਤ ਵਿਚ ਰਮਿਆ ਹੋਇਆ ਜਾਣਦੇ ਸਨ। ਇਸ ਲਈ ਕੁਦਰਤ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ।
ਸਮਾਗਮ ਦੌਰਾਨ ਡਾ. ਜਸਲੀਨ ਕੌਰ ਡਾ. ਸਰਬਜੀਤ ਸਿੰਘ ਆਹਲੂਵਾਲੀਆ ਤੋਂ ਇਲਾਵਾ ਕਾਲਜ ਦੇ ਕਈ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

