ਅੰਨ੍ਹੇ ਕਤਲ ਕੇਸ ਦੀ ਗੁੱਥੀ 24 ਘੰਟੇ ‘ਚ ਸੁਲਝਾਈ, ਤਿੰਨ ਕਥਿਤ ਦੋਸ਼ੀ ਕਾਬੂ
ਫ਼ਤਹਿਗੜ੍ਹ ਸਾਹਿਬ, 16 ਮਾਰਚ (ਮਧੂਸਾਰ ਬਿਊਰੋ)
ਜ਼ਿਲ੍ਹਾ ਪੁਲਿਸ ਨੇ ਪਿੰਡ ਡਡਹੇੜੀ ਦੇ ਕਿਸਾਨ ਅਮਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਦੇ ਖੇਤ ਵਿੱਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਕਤਲ ਕੀਤੀ ਲਾਸ਼ ਦੇ ਕੇਸ ਦੀ ਗੁੱਥੀ 24 ਘੰਟੇ ਵਿੱਚ ਸੁਲਝਾ ਕੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੀਮਤੀ ਮੀਨਾ ਨੇ ਦੱਸਿਆ ਕਿ 14 ਮਾਰਚ ਨੂੰ ਪਿੰਡ ਡਡਹੇੜੀ ਦੇ ਕਿਸਾਨ ਅਮਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਨੇ ਥਾਣਾ ਗੋਬਿੰਦਗੜ੍ਹ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਖੇਤ ਵਿੱਚ ਇੱਕ ਮ੍ਰਿਤਕ ਦੀ ਲਾਸ਼ ਪਈ ਹੈ ਜੋ ਕਿ ਕਤਲ ਕਰਕੇ ਕਣਕ ਵਿੱਚ ਸੁੱਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ ਉਹ ਕੌਣ ਕਿਉਂਕਿ ਉਸ ਦੇ ਚਿਹਰੇ, ਸਿਰ ਅਤੇ ਸਰੀਰ ਦੇ ਬਾਕੀ ਹਿੱਸਿਆਂ ‘ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਥਾਣਾ ਗੋਬਿੰਦਗੜ੍ਹ ਵਿਖੇ ਆਈ.ਪੀ.ਸੀ. ਦੀ ਧਾਰਾ 302 ਅਧੀਨ ਮੁਕੱਦਮਾ ਨੰ: 41 ਮਿਤੀ 14-3-18 ਨੂੰ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਲਈ ਅਤੇ ਕਥਿਤ ਦੋਸ਼ੀਆਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਐਸ.ਪੀ. (ਜਾਂਚ) ਸ: ਹਰਪਾਲ ਸਿੰਘ ਦੀ ਅਗਵਾਈ ਹੇਠ ਅਤੇ ਡੀ.ਐਸ.ਪੀ. ਅਮਲੋਹ ਸ਼੍ਰੀ ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਦੋ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਟੀਮ ਸੁਖਵੀਰ ਸਿੰਘ ਮੁੱਖ ਥਾਣਾ ਅਫਸਰ ਗੋਬਿੰਦਗੜ੍ਹ ਅਤੇ ਇੱਕ ਟੀਮ ਮੁੱਖ ਥਾਣਾ ਅਫਸਰ ਅਮਲੋਹ ਕੁਲਜੀਤ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਉਕਤ ਸਾਰੇ ਪੁਲਿਸ ਅਧਿਕਾਰੀਆਂ ਦੀ ਸਖਤ ਮਿਹਨਤ ਅਤੇ ਤਕਨੀਕੀ ਜਾਂਚ ਸਦਕਾ 24 ਘੰਟੇ ਦੇ ਅੰਦਰ-ਅੰਦਰ ਇਹ ਕੇਸ ਸੁਲਝਾ ਲਿਆ ਗਿਆ।
ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਮ੍ਰਿਤਕ ਦੀ ਪਹਿਚਾਣ ਬਤੌਰ ਛੋਟੇ ਲਾਲ ਯਾਦਵ ਪੁੱਤਰ ਹਲਕਾਇਆ ਰਾਮ ਯਾਦਵ ਵਾਸੀ ਪਿੰਡ ਢੋਗਰਾ ਥਾਣਾ ਸਟੈਈ ਜ਼ਿਲ੍ਹਾ ਛੱਤਰਪੁਰ ਮੱਧ ਪ੍ਰਦੇਸ਼ ਉਮਰ ਕਰੀਬ 30 ਸਾਲ ਵਜੋਂ ਹੋਈ। ਜਦੋਂ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਰਾਮ ਦੀਨ ਪੁੱਤਰ ਮਹੀ ਲਾਲ ਵਾਸੀ ਪਿੰਡ ਢੋਗਰਾ ਥਾਣਾ ਸਟੈਈ ਜ਼ਿਲ੍ਹਾ ਛੱਤਰਪੁਰ ਮੱਧ ਪ੍ਰਦੇਸ਼, ਮਥਰਾ ਪਾਲ ਉਰਫ ਕੰਗੂ ਪੁੱਤਰ ਕਲੂਆ ਰਾਮ ਵਾਸੀ ਸਟੈਈ ਰਾਮਪੁਰ ਥਾਣਾ ਸਟੈਈ ਜ਼ਿਲ੍ਹਾ ਛੱਤਰਪੁਰ ਮੱਧ ਪ੍ਰਦੇਸ਼ ਅਤੇ ਵਰਿੰਦਰ ਕੁਮਾਰ ਉਰਫ ਵਿੱਕੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਦਮਹੇੜੀ ਥਾਣਾ ਬਸੀ ਪਠਾਣਾਂ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਤਿੰਨੋ ਕਥਿਤ ਦੋਸ਼ੀਆਂ ਨੂੰ ਗੋਬਿੰਦਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਆਪਣੇ ਜੁਰਮ ਦਾ ਇਕਬਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਜਾਵੇਗਾ।
ਜ਼ਿਲ੍ਹਾ ਪੁਲਿਸ ਮੁਖੀ ਨੇ ਕਤਲ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਛੋਟੇ ਲਾਲ ਅਪਰਾਧਿਕ ਕਿਸਮ ਦਾ ਵਿਅਕਤੀ ਸੀ ਜਿਸ ਨੇ ਆਪਣੇ ਪਿੰਡ ਦੇ ਨਜ਼ਦੀਕ ਵਾਲੇ ਪਿੰਡ ਰਾਮਪੁਰ ਦੇ ਇੱਕ ਰਜ਼ਤ ਧੋਬੀ ਨਾਮ ਦੇ ਵਿਅਕਤੀ ਦਾ ਕਤਲ ਕੀਤਾ ਹੋਇਆ ਸੀ ਜਿਸ ਬਾਰੇ ਇਸ ਖਿਲਾਫ ਮੁਕੱਦਮਾ ਨੰ: 170 ਮਿਤੀ 26-11-2010 ਧਾਰਾ 364 (ਕੇ), 302, 201 ਤੇ 34 ਅਧੀਨ ਥਾਣਾ ਸਟੈਈ ਵਿਖੇ ਮੁਕੱਦਮਾ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਛੋਟੇ ਲਾਲ ਨੂੰ ਮਾਨਯੋਗ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਸੀ ਅਤੇ ਹੁਣ ਇਹ ਮਾਣਯੋਗ ਹਾਈ ਕੋਰਟ ਜੱਬਲਪੁਰ ਵੱਲੋਂ ਜਮਾਨਤ ‘ਤੇ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਛੋਟੇ ਲਾਲ ਨੇ ਆਪਣੇ ਪਿੰਡ ਦੇ ਨਜ਼ਦੀਕ ਦੇ ਪਿੰਡ ਕਸਾਰ ਵਿਖੇ ਇੱਕ ਵਿਅਕਤੀ ਦਾ ਕਤਲ ਕੀਤਾ ਸੀ ਜਿਸ ਬਾਰੇ ਉਸ ਜਗ੍ਹਾਂ ਤਫਤੀਸ਼ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰਾਮਦੀਨ ਅਤੇ ਮਥਰਾਪਾਲ ਕੰਗੂ ਜੋ ਕਿ ਨਸਰਾਲੀ ਗੋਬਿੰਦਗੜ੍ਹ ਵਿਖੇ ਪਰਿਵਾਰਾਂ ਸਮੇਤ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਅਤੇ ਲੇਬਰ ਦਾ ਕੰਮ ਕਰਦੇ ਹਨ।ਉਨ੍ਹਾਂ ਦੱਸਿਆ ਕਿ ਮ੍ਰਿਤਕ ਛੋਟੇ ਲਾਲ ਵੀ ਇਨ੍ਹਾਂ ਦੇ ਨਜ਼ਦੀਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਇਹ ਇਕੱਠੇ ਹੀ ਕੰਮ ਕਰਦੇ ਸਨ। ਉਨ੍ਹਾਂ ਹੋਰ ਦੱਸਿਆ ਕਿ ਮ੍ਰਿਤਕ ਛੋਟੇ ਲਾਲ ਨੇ ਕਥਿਤ ਦੋਸ਼ੀ ਰਾਮਦੀਨ ਦੀ ਘਰਵਾਲੀ ਨਾਲ ਛੇੜ ਛਾੜ ਕੀਤੀ ਅਤੇ ਉਸ ਦੇ ਬੱਚੇ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰਦਸਤੀ (ਬਲਾਤਕਾਰ) ਕੀਤੀ ਅਤੇ ਇਹ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਤੁਹਾਨੂੰ ਵੀ ਪਹਿਲਾਂ ਕੀਤੇ ਕਤਲਾਂ ਵਾਂਗ ਕਤਲ ਕਰ ਦੇਵੇਗਾ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕੁਝ ਦਿਨ ਬਰਦਾਸ਼ਤ ਕਰਨ ਤੋਂ ਬਾਅਦ ਰਾਮਦੀਨ ਦੀ ਘਰਵਾਲੀ ਨੇ ਇਸ ਸਬੰਧੀ ਆਪਣੇ ਪਤੀ ਨੂੰ ਦੱਸ ਦਿੱਤਾ। ਜਿਸ ‘ਤੇ ਗੁੱਸੇ ਵਿੱਚ ਅਤੇ ਬਿਨਾਂ ਆਪਣੇ ਜਾਨੀ ਤੇ ਮਾਲੀ ਨੁਕਸਾਨ ਦੇ ਡਰੋਂ ਰਾਮਦੀਨ ਅਤੇ ਦੂਜੇ ਕਥਿਤ ਦੋਸ਼ੀਆਂ ਨੇ ਛੋਟੇ ਲਾਲ ਨੂੰ ਕਤਲ ਕਰ ਦੇਣ ਦੀ ਸਕੀਮ ਬਣਾਈ। ਜਿਸ ਤਹਿਤ ਮਿਤੀ 11-3-18 ਨੂੰ ਰਾਮਦੀਨ ਨੇ ਆਪਣੇ ਮੋਟਰ ਸਾਇਕਲ ‘ਤੇ ਛੋਟੇ ਲਾਲ ਨੂੰ ਬਿਠਾ ਕੇ ਅਨਾਜ ਮੰਡੀ ਗੋਬਿੰਦਗੜ੍ਹ ਠੇਕੇ ‘ਤੇ ਲੈ ਕੇ ਗਿਆ ਜਿਥੇ ਰਾਮਦੀਨ ਨੇ ਆਪ ਘੱਟ ਅਤੇ ਛੋਟੇ ਲਾਲ ਨੂੰ ਜਿਆਦਾ ਸ਼ਰਾਬ ਪਿਲਾਈ ਅਤੇ ਕਰੀਬ 10 ਵਜੇ ਰਾਤ ਨੂੰ ਆਪਣੇ ਮੋਟਰ ਸਾਇਕਲ ‘ਤੇ ਬਿਠਾ ਕੇ ਉਸ ਨੂੰ ਘਟਨਾ ਸਥਾਨ ਵੱਲ ਨੂੰ ਲੈ ਗਿਆ ਜੋ ਪਹਿਲਾਂ ਬਣਾਈ ਸਕੀਮ ਅਨੁਸਾਰ ਵਰਿੰਦਰ ਕੁਮਾਰ ਕਥਿਤ ਦੋਸ਼ੀ ਆਪਣੇ ਸਕੂਟਰ ‘ਤੇ ਇਨ੍ਹਾਂ ਦੇ ਅੱਗੇ-ਅੱਗੇ ਅਤੇ ਮਥਰਾਪਾਲ ਉਰਫ ਕੰਗੂ ਆਪਣੇ ਸਕੂਟਰ ‘ਤੇ ਇਨ੍ਹਾਂ ਦੇ ਪਿੱਛੇ-ਪਿੱਛੇ ਚੱਲ ਪਏ। ਉਨ੍ਹਾਂ ਦੱਸਿਆ ਕਿ ਇਕਾਂਤ ਜਗ੍ਹਾ ਕੱਚੀ ਪਈ ਘਟਨਾ ਸਥਾਨ ‘ਤੇ ਇਨ੍ਹਾਂ ਨੇ ਆਪਣੇ ਵਾਹਨ ਰੋਕ ਕੇ ਮ੍ਰਿਤਕ ਛੋਟੇ ਲਾਲ ਦੇ ਚਾਕੂ, ਡੰਡੇ ਅਤੇ ਪੱਥਰ ਨਾਲ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਣਕ ਦੇ ਖੇਤ ਵਿੱਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਇਸ ਮੁਕੱਦਮੇ ਵਿੱਚ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ

