ਇਰਾਕ ‘ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਢੁਕਵਾਂ ਮੁਆਵਜ਼ਾ ਦੇਵੇਗੀ –ਮੁੱਖ ਮੰਤਰੀ
”ਕੇਂਦਰੀ ਸਰਕਾਰ ਵੀ ਪੀੜਤਾਂ ਨੂੰ ਮੁਆਵਜ਼ਾ ਦੇਵੇ”
ਮੁਆਵਜ਼ੇ ਦੇ ਆਧਾਰ ‘ਤੇ ਤਿਮਾਹੀ ਭੁਗਤਾਨ ਦੀ ਥਾਂ ਫਰਵਰੀ ਤੇ ਮਾਰਚ ਦਾ ਭਗਤਾਨ ਤੁਰੰਤ ਜਾਰੀ ਕਰਨ ਦੇ ਹੁਕਮ
ਚੰਡੀਗੜ 22 ਮਾਰਚ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਦਾ ਵਾਅਦਾ ਕੀਤਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਮੁੜ ਦੁਹਰਾਇਆ ਹੈ ਕਿ ਇਹ ਦੁਖਾਂਤ ਵਿਦੇਸ਼ਾਂ ਵਿੱਚ ਵਾਪਰਿਆ ਹੋਣ ਕਾਰਨ ਕੇਂਦਰ ਸਰਕਾਰ ਨੂੰ ਵੀ ਇਸ ਵਾਸਤੇ ਮੁਆਵਜ਼ਾ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਮੁਆਵਜ਼ੇ ਦੇ ਅਧਾਰ ‘ਤੇ ਪੀੜਤ ਪਰਿਵਾਰਾਂ ਨੂੰ ਫਰਵਰੀ ਤੇ ਮਾਰਚ 2018 ਦੀ 20,000 ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਪੈਨਸ਼ਨ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਤਿਮਾਹੀ ਭੁਗਤਾਨ ਦੀ ਸ਼ਰਤ ਨੂੰ ਖਤਮ ਕਰਦੇ ਹੋਏ ਇਹ ਹੁਕਮ ਦਿੱਤੇ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪੈਨਸ਼ਨ ਦੀ ਰਾਸ਼ੀ ਦਾ ਵਿਤਰਣ ਕਰਨ।
ਪਿਛਲੇ 6 ਮਹੀਨਿਆਂ ਤੋਂ ਸੂਬਾ ਸਰਕਾਰ ਵੱਲੋਂ ਪੀੜਤਾਂ ਨੂੰ ਮੁਆਵਜ਼ਾ ਨਾ ਦਿੱਤੇ ਜਾਣ ਦੇ ਅਕਾਲੀ ਆਗੂ ਸ੍ਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਗਏ ਝੂਠੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਤੱਕ 31 ਜਨਵਰੀ 2018 ਤੱਕ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਹੋਰ ਦੋ ਮਹੀਨਿਆਂ ਦੀ ਪੈਨਸ਼ਨ ਜਾਰੀ ਹੋਣ ਨਾਲ ਹੁਣ ਤੱਕ ਦਾ ਭੁਗਤਾਨ ਮੁਕੰਮਲ ਹੋ ਗਿਆ ਹੈ।

