ਦੇਸ਼-ਵਿਦੇਸ਼ਪੰਜਾਬ

ਵਿਸਾਖੀ ‘ਤੇ ਤਲਵੰਡੀ ਸਾਬੋ ‘ਚ ਸੇਵਾ ਦਾ ਸੰਦੇਸ਼ ਦੇਵੇਗੀ ਆਮ ਆਦਮੀ ਪਾਰਟੀ

ਮੈਡੀਕਲ ਕੈਂਪ, ਛਬੀਲ ਅਤੇ ਸਾਫ਼-ਸਫ਼ਾਈ ਲਈ ਚੱਲੇਗਾ ਝਾੜੂ-ਡਾ. ਬਲਵੀਰ ਸਿੰਘ
ਤਲਵੰਡੀ ਸਾਬੋ 5 ਅਪ੍ਰੈਲ (ਮਧੂਸਾਰ ਬਿਊਰੋ) ਆਮ ਆਦਮ ਪਾਰਟੀ (ਆਪ) ਪੰਜਾਬ ਵਿਸਾਖੀ ਦੇ ਪਵਿੱਤਰ ਦਿਹਾੜੇ, ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸੰਗਤਾਂ ਲਈ ਮੈਡੀਕਲ ਕੈਂਪ, ਛਬੀਲਾਂ ਦੀ ਸੇਵਾ ਅਤੇ ਸਾਫ਼ ਸਫ਼ਾਈ ਲਈ ਝਾੜੂ ਚਲਾ ਕੇ ‘ਸੇਵਾ ਦਾ ਸੰਦੇਸ਼’ ਦੇਵੇਗੀ।

‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕਰ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਦਾ ਪ੍ਰਣ ਲੈਣਗੇ।
ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਸ਼ਰਧਾ ਦੀ ਕਦਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਸਿਧਾਂਤਿਕ ਤੌਰ ‘ਤੇ ਫ਼ੈਸਲਾ ਲਿਆ ਹੈ ਕਿ ਪਾਰਟੀ ਪਵਿੱਤਰ ਦਿਹਾੜਿਆਂ ਉੱਪਰ ਧਾਰਮਿਕ ਸਥਾਨਾਂ ‘ਤੇ ਸਿਆਸੀ ਕਾਨਫ਼ਰੰਸਾਂ ਨਹੀਂ ਕਰੇਗੀ। ਪਰੰਤੂ ਅੱਜ ਤਲਵੰਡੀ ਸਾਬੋ ਵਿਖੇ ਹੋਈ ਬੈਠਕ ਦੌਰਾਨ ਪਾਰਟੀ ਵਲੰਟੀਅਰਾਂ ਅਤੇ ਆਗੂਆਂ ਦੇ ਸਲਾਹ-ਮਸ਼ਵਰਾ ਉਪਰੰਤ ਪਾਰਟੀ ਨੇ ਖ਼ਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਮੌਕੇ ਨਿਵੇਕਲੇ ਅੰਦਾਜ਼ ‘ਚ ‘ਸੇਵਾ ਦਾ ਸੰਦੇਸ਼’ ਖ਼ੁਦ ਸੇਵਾ ਕਰ ਕੇ ਦੇਣ ਦਾ ਫ਼ੈਸਲਾ ਲਿਆ ਹੈ।
ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪਵਿੱਤਰ ਦਿਹਾੜਿਆਂ ‘ਤੇ ਸਿਆਸੀ ਕਾਨਫ਼ਰੰਸਾਂ ਦੌਰਾਨ ਇੱਕ ਦੂਸਰੇ ਉੱਪਰ ਹੁੰਦੀ ਦੂਸ਼ਣਬਾਜ਼ੀ ਸੰਗਤਾਂ ਦੀ ਆਸਥਾ ‘ਤੇ ਸੱਟ ਮਾਰਦੀ ਹੈ।
ਡਾ. ਬਲਵੀਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬਾਂ ਮਜਲੂਮਾਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਜਬਰ ਜ਼ੁਲਮ ਦੇ ਖ਼ਿਲਾਫ਼ ਡਟਣ ਦਾ ਬਲ ਬਖ਼ਸ਼ਿਆ ਹੈ। ਆਮ ਆਦਮੀ ਪਾਰਟੀ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲਦੀ ਹੋਈ ਪੰਜਾਬ ‘ਚ ਫੈਲੇ ਭ੍ਰਿਸ਼ਟਾਚਾਰ ਮਾਫ਼ੀਆ ਰਾਜ, ਧੋਖੇ ਅਤੇ ਧੱਕੇਸ਼ਾਹੀਆਂ ਖ਼ਿਲਾਫ਼ ਫ਼ੈਸਲਾਕੁਨ ਲੜਾਈ ਦਾ ਅਹਿਦ ਲਵੇਗੀ। ਪਾਰਟੀ ਪੰਜਾਬ ਸਰਕਾਰ ਤੋਂ ਨਸ਼ਿਆਂ ਵਿਰੁੱਧ ਐਸਟੀਐਫ ਦੀ ਰਿਪੋਰਟ ਲਾਗੂ ਕਰਨ ਲਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ੀ ਅਤੇ ਆਤਮ ਹੱਤਿਆ ਪੀੜਤ ਕਿਸਾਨ ਪਰਿਵਾਰਾਂ ਨੂੰ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਮੁਤਾਬਿਕ ਫ਼ੌਰੀ ਵਿੱਤੀ ਮਦਦ, ਚਿੱਟ ਫ਼ੰਡ ਕੰਪਨੀਆਂ ਦੀ ਲੁੱਟ-ਖਸੁੱਟ ਅਤੇ ਬੇਹਾਲੀ-ਬੇਰੋਜਗਾਰੀ ਕਾਰਨ ਇਰਾਕ ਵਰਗੇ ਦੇਸ਼ਾਂ ‘ਚ ਜਾਨਾਂ ਗੁਆ ਰੇਹ ਨੌਜਵਾਨਾਂ ਬਾਰੇ ਜਵਾਬ ਮੰਗਿਆ ਜਾਵੇਗਾ।
ਇਸ ਮੌਕੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਮਾਲਵਾ ਜ਼ੋਨ -1 ਪ੍ਰਧਾਨ ਅਨਿਲ ਠਾਕੁਰ, ਮਾਲਵਾ ਜ਼ੋਨ-2 ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਮਾਲਵਾ ਜ਼ੋਨ -3 ਦੇ ਪ੍ਰਧਾਨ ਦਲਵੀਰ ਸਿੰਘ ਢਿੱਲੋਂ, ਅਬਜ਼ਰਵਰ ਜਰਨੈਲ ਸਿੰਘ ਮਨੂੰ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਭੁੱਚੋ ਤੋਂ ਹਲਕਾ ਪ੍ਰਧਾਨ ਮਾਸਟਰ ਜਗਸੀਰ ਸਿੰਘ, ਹਰਪ੍ਰੀਤ ਸਿੰਘ ਜਟਾਣਾ, ਜ਼ੋਨ ਸਕੱਤਰ ਸਤੀਸ਼ ਸਿੰਗਲਾ ਅਤੇ ਜਸਪਾਲ ਸਿੰਘ ਦਾਤੇਵਾਲ ਸਮੇਤ ਹੋਰ ਆਗੂ ਅਤੇ ਵਲੰਟੀਅਰ ਮੌਜੂਦ ਸਨ।

Leave a Reply

Your email address will not be published. Required fields are marked *