ਵਿਵਾਦਿਤ ਫਿਲਮ ਨਾਨਕ ਸ਼ਾਹ ਫ਼ਕੀਰ ‘ਤੇ ਪਾਬੰਦੀ : ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ 9 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਵਿਵਾਦਿਤ ਫਿਲਮ ਨਾਨਕ ਸ਼ਾਹ ਫ਼ਕੀਰ ‘ਤੇ ਪੂਰਨ ਤੋਰ ਤੇ ਰੋਕ ਲਗਾਈ ਜਾਂਦੀ ਹੈ।
ਨਾਨਕ ਸ਼ਾਹ ਫ਼ਕੀਰ ਫਿਲਮ ਕਦਾਚਿਤ ਵੀ ਰਿਲੀਜ਼ ਨਹੀ ਹੋ ਸਕਦੀ ਇਸ ਬਾਬਤ ਸਿੰਘ ਸਾਹਿਬ ਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉੱਹ ਨਾਨਕ ਸ਼ਾਹ ਫ਼ਕੀਰ ਫਿਲਮ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ। ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ਇਸ ਫਿਲਮ ਸਬੰਧੀ ਦਿੱਤੀਆ ਸਾਰੀਆਂ ਪੱਤਰਕਾਵਾਂ ਮੂਲੋਂ ਹੀ ਰੱਦ ਕਰ ਦਿੱਤੀਆਂ ਗਈਆ ਹਨ। ਪ੍ਰਧਾਨ ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ਉਕਤ ਫਿਲਮ ਦੇ ਪ੍ਰਸਾਰਣ ‘ਤੇ ਰੋਕ ਲਗਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਵੀ ਪੱਤਰਕਾਵਾਂ ਲਿਖੀਆ ਗਈਆਂ ਹਨ। ਸਿੰਘ ਸਾਹਿਬ ਜੀ ਨੇ ਨਾਲ ਹੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਜਲਦੀ ਹੀ ਇੱਕ ਸਿੱਖ ਸੈਂਸਰ ਬੋਰਡ ਸਥਾਪਤ ਕੀਤਾ ਜਾਵੇਗਾ ਜਿਸ ਵਿੱਚ ਸ਼੍ਰੋ: ਗੁ: ਪ੍ਰ: ਕਮੇਟੀ, ਦਿੱਲੀ ਸਿੱਖ ਗੁ: ਪ੍ਰ: ਕਮੇਟੀ, ਸਿੱਖ ਇਤਿਹਾਸਕਾਰ, ਬੁੱਧੀ ਜੀਵੀ, ਧਾਰਮਿਕ ਸਖਸ਼ੀਅਤਾਂ, ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ, ਸੰਤ ਸਮਾਜ ਅਤੇ ਫਿਲਮ ਮੇਕਰ ਵਿੱਚੋਂ ਨੁਮਾਇੰਦੇ ਲਏ ਜਾਣਗੇ। ਸਿੱਖ ਧਰਮ ਨਾਲ ਸਬੰਧਤ ਫਿਲਮ ਬਨਾਉਣ ਤੋਂ ਪਹਿਲਾ ਸਿੱਖ ਸੈਂਸਰ ਬੋਰਡ ਤੋਂ ਫਿਲਮ ਦੀ ਸਕਰਿਪਟ ਤਿਆਰ ਕਰਨ ਲਈ ਆਗਿਆ ਲੈਣੀ ਜ਼ਰੂਰੀ ਹੋਵੇਗੀ। ਧਾਰਮਿਕ ਫਿਲਮ ਬਨਣ ਉਪਰੰਤ ਸਿੱਖ ਸੈਂਸਰ ਬੋਰਡ ਦੀ ਸਿਫਾਰਸ਼ ਉਪਰੰਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਫਿਲਮ ਦੀ ਪ੍ਰਵਾਣਗੀ ਦਿੱਤੀ ਜਾਵੇਗੀ।

