ਪਿੰਡ ਜੋਗੀਪੁਰ ਵਿਖੇ ਦੇਸ਼ ਦੇ ਬੈਸਟ ਪਾਰਲੀਮੈਂਟ ਮੈਂਬਰ ਦਾ ਸਨਮਾਨ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਕੀਤਾ ਸਨਮਾਨਿਤ
ਪਟਿਆਲਾ, 12 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੁਣ ਤੱਕ ਤਾਂ ਮੁੱਖ ਮੰਤਰੀ ਨਿਵਾਸ ‘ਤੇ ਵਿਧਾਇਕਾਂ ਦੀ ਦੁਰਦਸ਼ਾ ਦੇ ਚਰਚੇ ਹੀ ਸੁਣਦੇ ਆ ਰਹੇ ਸੀ ਪਰ ਹੁਣ ਜਦੋਂ ਸੱਤਾਧਾਰੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਦੀ ਸੁਰੱਖਿਆ ਗਾਰਡਾਂ ਵਲੋਂ ਜਿਹੜੀ ਦੁਰਦਸ਼ਾ ਕੀਤੀ ਗਈ, ਉਹ ਲੋਕਤੰਤਰ ਵਿਚ ਬਹੁਤ ਮੰਗਭਾਗੀ ਹੈ।
ਜਦੋਂ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਦੀ ਮੁੱਖ ਮੰਤਰੀ ਨਿਵਾਸ ‘ਤੇ ਇਹ ਦਸ਼ਾ ਹੋਵੇ ਤਾਂ ਆਮ ਲੋਕ ਤਾਂ ਉਸ ਦੇ ਨੇੜੇ ਵੀ ਨਹੀਂ ਫਟਕ ਸਕਦੇ। ਪ੍ਰੋ. ਚੰਦੂਮਾਜਰਾ ਪਿੰਡ ਜੋਗੀਪੁਰ ਵਿਖੇ ਇਲਾਕੇ ਦੇ ਲੋਕਾਂ ਵਲੋਂ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਥੋਂ ਦੇ ਲੋਕਾਂ ਨੇ ਪ੍ਰੋ. ਚੰਦੂਮਾਜਰਾ ਨੂੰ ਬੈਸਟ ਪਾਰਲੀਮੈਂਟ ਮੈਂਬਰ ਐਲਾਨੇ ਜਾਣ ਅਤੇ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਅੱਜ ਸਨਮਾਨਿਤ ਕੀਤਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਰਜਵਾੜਿਆਂ ਦੀ ਪਾਰਟੀ ਹੈ। ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਪਰ ਕਾਂਗਰਸ ਦੇ ਪ੍ਰਧਾਨ ਜਾਖੜ ਨਾਲ ਜਿਹੜੀ ਮੁੱਖ ਮੰਤਰੀ ਨਿਵਾਸ ‘ਤੇ ਹੋਈ ਅਤੇ ਜਿਸ ਤਰ੍ਹਾਂ ਉਹ ਨਾਰਾਜ਼ ਹੋ ਕੇ ਉਥੋਂ ਗਏ, ਉਹ ਬਹੁਤ ਮੰਦਭਾਗੀ ਗੱਲ ਹੈ ਕਿਉਂਕਿ ਪੰਜਾਬ ਵਿਚ ਕੋਈ ਰਾਜਤੰਤਰ ਨਹੀਂ ਸਗੋਂ ਲੋਕਤੰਤਰ ਹੈ ਪਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅੱਜ ਵੀ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਰਾਜਤੰਤਰੀ ਢੰਗ ਨਾਲ ਚਲਾ ਰਹੇ ਹਨ, ਜਿਨ੍ਹਾਂ ਨੂੰ ਕੋਈ ਆਮ ਲੋਕ ਤਾਂ ਦੂਰ ਪੰਜਾਬ ਦੇ ਵਿਧਾਇਕ ਇਥੋਂ ਤੱਕ ਕਿ ਮੰਤਰੀ ਵੀ ਨਹੀਂ ਮਿਲ ਸਕਦੇ। ਸਿਰਫ ਮੁੱਖ ਮੰਤਰੀ ਦੇ ਨਿਵਾਸ ‘ਤੇ ਅੰਦਰ ਬੈਠੇ ਹੀ ਹੁਕਮ ਜਾਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਉਹ ਖੁੱਦ ਪਿੰਡ-ਪਿੰਡ ਸੰਗਤ ਦਰਸ਼ਨ ਕਰਕੇ ਲੋਕਾਂ ਦੇ ਵਿਚਕਾਰ ਜਾ ਕੇ ਬੈਠਦੇ ਸਨ ਅਤੇ ਲੋਕਾਂ ਦਾ ਦੁੱਖ ਦਰਦ ਸਿੱਧੇ ਤੌਰ ‘ਤੇ ਸੁਣਦੇ ਸਨ। ਇਲਾਕੇ ਦੇ ਲੋਕਾਂ ਵਲੋਂ ਇਹ ਸਨਮਾਨ ਬਲਾਕ ਸੰਮਤੀ ਮੈਂਬਰ ਹਰਮਿੰਦਰ ਸਿੰਘ ਜੋਗੀਪੁਰ ਅਤੇ ਕ੍ਰਿਸ਼ਨ ਸਿੰਘ ਸਨੌਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਕੁਲਦੀਪ ਸਿੰਘ ਹਰਪਾਲਪੁਰ, ਜਥੇ. ਤੇਜਾ ਸਿੰਘ ਕਾਨਾਹੇੜੀ, ਦਵਿੰਦਰ ਸਿੰਘ ਭਾਂਖਰ, ਹਰਫੁਲ ਸਿੰਘ ਬੋਸਰ, ਜਤਿੰਦਰ ਸਿੰਘ ਪਹਾੜੀਪੁਰ, ਲਾਡੀ ਪਹਾੜੀਪੁਰ, ਜਥੇ. ਤਰਸੇਮ ਸਿੰਘ ਕੌਲੀ, ਬਲਾਕ ਸੰਮਤੀ ਮੈਂਬਰ ਜਤਿੰਦਰ ਮੁਹੱਬਤਪੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

