ਪੰਜਾਬਪਟਿਆਲਾ

ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਦਾ ਅਚਨਚੇਤ ਤਬਾਦਲਾ, ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੇ ਧਰਨਾ ਠੋਕਿਆ

ਡਾਇਰੈਕਟਰ ਸ. ਸਿੱਧੂ ਖਿਲਾਫ਼ ਬੇਨਿਯਮੀਆਂ ਅਤੇ ਧਾਂਦਲੀਆਂ ਦੀ ਸੀ.ਬੀ.ਆਈ. ਜਾਂਚ ਹੋਵੇ : ਸਮੁੱਚਾ ਸਟਾਫ਼
ਪ੍ਰਿੰਸੀਪਲ ਨੂੰ ਰਿਲੀਵ ਨਾ ਕਰਨ ਦੇ ਹੁਕਮਾਂ ਬਾਦ ਧਰਨਾ ਚੁੱਕਿਆ
ਸਟਾਫ਼ ਅਤੇ ਵਿਦਿਆਰਥੀਆਂ ਨੇ ਡਾਇਰੈਕਟਰ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਸ੍ਰੀ ਫਤਹਿਗੜ੍ਹ ਸਾਹਿਬ 16 ਅਪ੍ਰੈਲ (ਮਧੂਸਾਰ ਬਿਊਰੋ)
ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਤਤਕਾਲੀ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ ਦੇ ਕਾਰਜਕਾਲ ‘ਚ ਹੋਈਆਂ ਬੇਨਿਯਮੀਆਂ ਅਤੇ ਧਾਂਦਲੀਆਂ ਤੋਂ ਪਰਦਾ ਉਠਣ ਮਗਰੋਂ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੂੰ ਡਾਇਰੈਕਟਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ, ਜਿਸ ਤਹਿਤ ਡਾਇਰੈਕਟਰ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ ਤਹਿਤ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦਾ ਅਚਨਚੇਤ ਤਬਾਦਲਾ ਕੀਤੇ ਜਾਣ ਨੂੰ ਲੈ ਕੇ ਕਾਲਜ ਵਿਚ ਉਸ ਸਮੇਂ ਮਾਹੌਲ ਤਣਾਅਮਈ ਬਣ ਗਿਆ, ਜਦੋਂ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੇ ਕੰਮਕਾਜ ਠੱਪ ਕਰਕੇ ਰੋਸ ਧਰਨਾ ਠੋਕ ਦਿੱਤਾ।

ਇਸ ਮੌਕੇ ਵਿਦਿਆਰਥੀਆਂ ਨੇ ਵੀ ਕਾਲਜ ਦਾ ਗੇਟ ਬੰਦ ਕਰਕੇ ਧਰਨਾ ਦੱਤਾ। ਪ੍ਰਿੰਸੀਪਲ ਦਫਤਰ ਦੇ ਬਾਹਰ ਵਾਈਸ ਪ੍ਰਿੰਸੀਪਲ ਬਿਕਰਮਜੀਤ ਸਿੰਘ ਸੰਧੂ ਸਮੇਤ ਸਮੁੱਚੇ ਸਟਾਫ਼ ਵੱਲੋਂ ਪ੍ਰਿੰਸੀਪਲ ਦੀ ਬਦਲੀ ਕੀਤੇ ਜਾਣ ਵਿਰੁੱਧ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਸਮੁੱਚੇ ਸਟਾਫ਼ ਨੇ ਮੰਗ ਕੀਤੀ ਕਿ ਡਾਇਰੈਕਟਰ ਸਿੱਧੂ ਨੂੰ ਬਰਖਾਸਤ ਕੀਤਾ ਜਾਵੇ ਅਤੇ ਉਨ੍ਹਾਂ ਸਮੇਂ ਕਾਲਜ ‘ਚ ਹੋਈਆਂ ਬੇਨਿਯਮੀਆਂ ਅਤੇ ਧਾਂਦਲੀਆਂ ਦੀ ਸੀ.ਬੀ.ਆਈ.ਜਾਂਚ ਕੀਤੀ ਜਾਵੇ।
ਇਸ ਦੌਰਾਨ ਸਮੁੱਚੇ ਸਟਾਫ਼ ਨੇ ਪ੍ਰਿੰਸੀਪਲ ਦੀ ਬਦਲੀ ਕੀਤੇ ਜਾਣ ਦਾ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਦੀ ਅਗਵਾਈ ‘ਚ ਕਾਲਜ ਵਿਕਾਸ ਵੱਲ ਵੱਧ ਰਿਹਾ ਹੈ, ਪਰ ਐਜੂਕੇਸ਼ਨ ਡਾਇਰੈਕਟਰ ਜਤਿੰਦਰ ਸਿੰਘ ਸਿੱਧੂ ਵੱਲੋਂ ਕਾਲਜ ਦੇ ਪ੍ਰਿੰਸੀਪਲ ਖਿਲਾਫ਼ ਕਿੜ ਰੱਖਕੇ ਉਨ੍ਹਾਂ ਦੀ ਬਦਲੀ ਕੀਤੀ ਗਈ ਹੈ। ਸਮੁੱਚੇ ਸਟਾਫ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਪ੍ਰਿੰਸੀਪਲ ਦੀ ਬਦਲੀ ਰੱਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ।
ਕਾਲਜ ਦੇ ਗੇਟ ਦੇ ਬਾਹਰ ਧਰਨੇ ‘ਤੇ ਬੈਠੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦੀ ਬਦਲੀ ਦੇ ਵਿਰੋਧ ‘ਚ ਸ਼੍ਰੋਮਣੀ ਕਮੇਟੀ ਅਤੇ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਪ੍ਰਿੰਸੀਪਲ ਦੀ ਬਦਲੀ ਰੱਦ ਨਹੀਂ ਹੁੰਦੀ ਉਦੋਂ ਤੱਕ ਨਾ ਤਾਂ ਕਾਲਜ ਦਾ ਗੇਟ ਖੋਲਾਂਗੇ ਅਤੇ ਨਾ ਹੀ ਧਰਨਾ ਤੋਂ ਉਠਣਗੇ। ਰੋਸ ਪ੍ਰਗਟ ਕਰਦੇ ਹੋਏ ਵਿਦਿਆਰਥੀਆਂ ਦੇ ਸਮਰਥਨ ‘ਚ ਕਈ ਵਿਦਿਆਰਥੀ ਧੜਿਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਧਰਨੇ ਦਾ ਸਮਰਥਨ ਕੀਤਾ। ਰੋਸ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ‘ਗਲੀ-ਗਲੀ ਮੇ’ ਸ਼ੋਰ ਹੈ, ਡਾਇਰੈਕਟਰ ਸਿੱਧੂ ਚੋਰ ਹੈ, ਸ਼੍ਰੋਮਣੀ ਕਮੇਟੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ।
ਵਿਦਿਆਰਥੀਆਂ ਅਤੇ ਸਮੁੱਚੇ ਸਟਾਫ਼ ਦੇ ਵਿਰੋਧ ਨੂੰ ਵੇਖਦਿਆਂ ਕਾਲਜ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਡੀਐਸਪੀ ਰਵਜੋਤ ਕੌਰ ਗਰੇਵਾਲ ਅਤੇ ਡੀਐਸਪੀ ਦਲਜੀਤ ਸਿੰਘ ਖੱਖ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਕਾਲਜ ਵਿਚ ਮਾਮਲਾ ਤੂਲ ਫੜ੍ਹਦਾ ਵੇਖਕੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ, ਆਨਰੇਰੀ ਸਕੱਤਰ ਸ. ਰਣਜੀਤ ਸਿੰਘ ਲਿਬੜਾ ਵੀ ਮੌਕੇ ‘ਤੇ ਪਹੁੰਚੇ ਹੋਏ ਸਨ। ਇਸ ਦੌਰਾਨ ਸਮੁੱਚੇ ਸਟਾਫ ਨੇ ਸ. ਕਰਨੈਲ ਸਿੰਘ ਪੰਜੌਲੀ ਅਤੇ ਆਨਰੇਰੀ ਸਕੱਤਰ ਨੂੰ ਸਾਰੇ ਮਾਮਲੇ ‘ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਡਾਇਰੈਕਟਰ ਸਿੱਧੂ ਮਨਮਰਜ਼ੀ ਕਰ ਰਹੇ ਹਨ, ਜਿਨ੍ਹਾਂ ਨੇ ਪ੍ਰਿੰਸੀਪਲ ਖਿਲਾਫ ਕਿੜ ਰੱਖਕੇ ਉਨ੍ਹਾਂ ਦੀ ਬਦਲੀ ਕਰ ਦਿੱਤੀ ਹੈ। ਇਸ ਦੌਰਾਨ ਕਾਲਜ ਦੇ ਵਾਈਸ ਪ੍ਰਿੰਸੀਪਲ ਸ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਡਾਇਰੈਕਟਰ ਸਿੱਧੂ ਦੀਆਂ ਮਨਮਰਜ਼ੀਆਂ ਕਾਰਨ ਕਾਲਜ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਡਾਇਰੈਕਟਰ ਜਦੋਂ ਤਤਕਾਲੀ ਪ੍ਰਿੰਸੀਪਲ ਸਨ ਤਾਂ ਕਾਲਜ ਵਿਚ ਹੋਈਆਂ ਧਾਂਦਲੀਆਂ ਅਤੇ ਬੇਨਿਯਮੀਆਂ ਉਜਾਗਰ ਹੋਈਆਂ ਸਨ, ਜਿਸ ਕਾਰਨ ਕਾਲਜ ਅੱਜ ਵਿਵਾਦਾਂ ਵਿਚੋ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਨੂੰ ਵਿਕਾਸ ਦੀ ਲੀਹ ‘ਤੇ ਲਿਆਉਣ ਲਈ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਅਹਿਮ ਰੋਲ ਅਦਾ ਕੀਤਾ ਹੈ, ਪਰ ਡਾਇਰੈਕਟਰ ਉਨ੍ਹਾਂ ਨਾਲ ਖਹਿਬਾਜ਼ੀ ਰੱਖਦੇ ਹੋਏ ਪ੍ਰਿੰਸੀਪਲ ਦਾ ਤਬਾਦਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਸਟਾਫ ਅਤੇ ਵਿਦਿਆਰਥੀ ਪ੍ਰਿੰਸੀਪਲ ਦਾ ਤਬਾਦਲਾ ਕੀਤੇ ਜਾਣ ਦਾ ਵਿਰੋਧ ਕਰਦੇ ਹਨ ਅਤੇ ਜਦੋਂ ਤੱਕ ਪ੍ਰਿੰਸੀਪਲ ਦੀ ਬਦਲੀ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਟਾਫ ਅਤੇ ਵਿਦਿਆਰਥੀ ਧਰਨੇ ‘ਤੇ ਰਹਿਣਗੇ। ਇਸ ਮੌਕੇ ਸਮੁੱਚੇ ਸਟਾਫ ਨੇ ਇਹ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਕਿ ਤਤਕਾਲੀ ਪ੍ਰਿੰਸੀਪਲ ਰਹੇ ਸ. ਸਿੱਧੂ ਦੇ ਸਮੇਂ ਕਾਲਜ ਵਿਚ ਬੇਨਿਯਮੀਆਂ ਅਤੇ ਧਾਂਦਲੀਆਂ ਹੋਈਆਂ ਹਨ ਤਾਂ ਸ਼੍ਰੋਮਣੀ ਕਮੇਟੀ ਨੂੰ ਟੀਮ ਗਠਿਤ ਕਰਕੇ ਪੜਤਾਲ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਸਾਰੇ ਮਾਮਲੇ ਦੀ ਸੀ.ਬੀ.ਆਈ ਤੋਂ ਜਾਂਚ ਕੀਤੇ ਜਾਣ ਦੀ ਮੰਗ ਕੀਤੀ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੌਲੀ ਨੇ ਮਾਮਲੇ ਨੂੰ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਫੋਨ ‘ਤੇ ਗੱਲਬਾਤ ਕਰਕੇ ਪ੍ਰਿੰਸੀਪਲ ਦੀ ਬਦਲੀ ਰੋਕੇ ਜਾਣ ਦੀ ਮੰਗ ਕੀਤੀ। ਸ. ਪੰਜੌਲੀ ਨੇ ਸਾਰਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਰੂਪ ਸਿੰਘ ਦੇ ਧਿਆਨ ‘ਚ ਲਿਆਂਦਾ ਅਤੇ ਕਿਹਾ ਕਿ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ‘ਚ ਡਾਇਰੈਕਟਰ ਖਿਲਾਫ਼ ਕਾਫੀ ਰੋਸ ਹੈ, ਇਸ ਕਰਕੇ ਪ੍ਰਿੰਸੀਪਲ ਦੀ ਬਦਲੀ ਨੂੰ ਰੋਕਿਆ ਜਾਵੇ। ਸ. ਪੰਜੌਲੀ ਵੱਲੋਂ ਕੀਤੀ ਲੰਮੀ ਚਾਰਾਜੋਈ ਤੋਂ ਬਾਅਦ ਮੁੱਖ ਸਕੱਤਰ ਸ. ਰੂਪ ਸਿੰਘ ਨੇ ਬਦਲੀ ਤਾਂ ਨਾ ਰੋਕੀ ਪਰ ਮੁੱਖ ਦਫਤਰ ਤੋਂ ਆਏ ਪੱਤਰ ‘ਚ ਲਿਖਿਆ ਹੋਇਆ ਸੀ ਕਿ ਅਗਲੇ ਹੁਕਮਾਂ ਤੱਕ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਕਾਲਜ ਤੋਂ ਰਿਲੀਵ ਨਹੀਂ ਹੋਣਗੇ।
ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੀ ਬਦਲੀ ਰੋਕੇ ਜਾਣ ਮਗਰੋਂ ਕਾਲਜ ਵਿਚ ਪਹੁੰਚੀ ਫੈਕਸ ਨੂੰ ਵਾਈਸ ਪ੍ਰਿੰਸੀਪਲ ਸ. ਬਿਕਰਮਜੀਤ ਸਿੰਘ ਸੰਧੂ ਨੇ ਧਰਨੇ ‘ਤੇ ਬੈਠੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਪੜ੍ਹਕੇ ਸੁਣਾਇਆ, ਜਿੰਨਾਂ ਨੇ ਸੰਘਰਸ਼ ਦੀ ਜਿੱਤ ਦੱਸਦਿਆਂ ਪਿੰ੍ਰਸੀਪਲ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ, ਜਿਸ ਮਗਰੋਂ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੇ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਸਮੁੱਚੇ ਸਟਾਫ਼ ਨੇ ਕਿਹਾ ਕਿ ਹਾਲ ਦੀ ਘੜੀ ਪ੍ਰਿੰਸੀਪਲ ਦੀ ਬਦਲੀ ਨਾ ਕੀਤੇ ਜਾਣ ਸਬੰਧੀ ਸਾਨੂੰ ਭਰੋਸਾ ਮਿਲਿਆ ਹੈ, ਜੇ ਸਟਾਫ ਸਮੇਤ ਵਿਦਿਆਰਥੀਆਂ ਦੇ ਭਰੋਸੇ ਨੂੰ ਤੋੜਿਆ ਗਿਆ ਤਾਂ ਉਹ ਮੁੜ ਸੰਘਰਸ਼ ਦਾ ਬਿਗੁਲ ਵਜਾਉਣਗੇ।

Leave a Reply

Your email address will not be published. Required fields are marked *