ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ : ਕੁਮਾਰ ਅਮਿਤ
ਰਹਿਮਤ ਸਾਂਝੀ ਰਸੋਈ ਨੇ ਲੋੜਵੰਦਾਂ ਨੂੰ ਖਾਣੇ ਦੀਆਂ 72,781 ਥਾਲੀਆਂ ਪਰੋਸੀਆਂ
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਦੀ ਕਾਰਜਕਾਰਨੀ ਦੀ ਮੀਟਿੰਗ
ਪਟਿਆਲਾ, 18 ਅਪ੍ਰੈਲ (ਮਧੂਸਾਰ ਬਿਊਰੋ) ”ਇੰਡੀਅਨ ਰੈਡ ਕਰਾਸ ਸੁਸਾਇਟੀ ਦੀ ਪਟਿਆਲਾ ਇਕਾਈ ਵੱਲੋਂ ਜਿਥੇ ਬੀਤੇ ਵਰ੍ਹੇ ਦੌਰਾਨ ਲੋੜਵੰਦ ਮਰੀਜਾਂ ਦੇ ਮੁਫ਼ਤ ਇਲਾਜ, ਰੈਣ ਬਸੇਰਾ, ਨਕਲੀ ਅੰਗ ਲਾਉਣ, ਮੁਫ਼ਤ ਸਹਾਇਤਾ ਕੇਂਦਰ ਅਤੇ ਦਵਾਈਆਂ ਦੀ ਦੁਕਾਨਾਂ ਸਮੇਤ ਰਹਿਮਤ ਸਾਂਝੀ ਰਸੋਈ ਰਾਹੀਂ ਲੋੜਵੰਦਾਂ ਦੀ ਮਦਦ ਕੀਤੀ ਗਈ ਹੈ, ਉਥੇ ਹੀ ਅਜਿਹੇ ਉਪਰਾਲੇ ਭਵਿੱਖ ‘ਚ ਹੋਰ ਵੀ ਜੋਸ਼-ਓ-ਖਰੋਸ਼ ਨਾਲ ਕੀਤੇ ਜਾਣਗੇ।” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਇੰਡੀਅਨ ਰੈਡ ਕਰਾਸ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਸ੍ਰੀ ਕੁਮਾਰ ਅਮਿਤ ਨੇ ਕੀਤਾ। ਉਹ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੈਡ ਕਰਾਸ ਸੁਸਾਇਟੀ ਦੀ ਕਾਰਜਕਾਰਨੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਵਲੋਂ ਲੋੜਵੰਦਾਂ ਦਾ ਪੇਟ ਭਰਨ ਲਈ ਖੋਲ੍ਹੀ ਗਈ ਰਹਿਮਤ ਸਾਂਝੀ ਰਸੋਈ ਪੂਰੀ ਸਫ਼ਲਤਾ ਪੂਰਵਕ ਚੱਲ ਰਹੀ ਹੈ ਅਤੇ ਇਥੇ ਹੁਣ ਤੱਕ 12 ਰੁਪਏ ਦੀ ਪ੍ਰਤੀ ਥਾਲੀ ਦੀ ਕੀਮਤ ‘ਤੇ ਭੋਜਨ ਦੀਆਂ 72,781 ਥਾਲੀਆਂ ਲੋੜਵੰਦਾਂ ਨੂੰ ਖੁਆਈਆਂ ਜਾ ਚੁੱਕੀਆਂ ਹਨ। ਜਦੋਂਕਿ ਰੈਡ ਕਰਾਸ ਦੇ ਜ਼ਿਲ੍ਹਾ ਅੰਗਹੀਣਤਾ ਮੁੜ ਵਸੇਬਾ ਕੇਂਦਰ ਨੇ 230 ਲੋੜਵੰਦ ਮਰੀਜਾਂ ਨੂੰ ਨਕਲੀ ਅੰਗ ਪ੍ਰਦਾਨ ਕੀਤੇ ਹਨ, ਜਿਨ੍ਹਾਂ ‘ਚ ਬੂਟ, ਕੈਲੀਪਰ, ਕੰਨਾਂ ਦੇ ਯੰਤਰ, ਟ੍ਰਾਈਸਾਇਕਲ ਆਦਿ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੈਡ ਕਰਾਸ ਦੇ ਟੀ.ਬੀ. ਹਸਪਤਾਲ ‘ਚ ਚੱਲ ਰਹੇ ਮੈਡੀਕਲ ਸਟੋਰ ਤੋਂ ਮਰੀਜਾਂ ਨੂੰ ਇਸ ਮਹੀਨੇ 5265 ਮਰੀਜਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਦੇ ਆਪਣੇ ਰੈਣ ਬਸੇਰੇ ‘ਚ ਇਸ ਮਹੀਨੇ 1118 ਲੋੜਵੰਦਾਂ ਨੇ ਸ਼ਰਣ ਲਈ ਤੇ ਆਰਾਮ ਕੀਤਾ। ਜਦੋਂਕਿ ਰੈਡ ਕਰਾਸ ਦੇ ਸਹਾਇਤਾ ਕੇਂਦਰ ਵਿਖੇ 1730 ਪਰਿਵਾਰਾਂ ਨੇ ਕਿਤਾਬਾਂ, ਕੱਪੜੇ, ਖਿਡੌਣੇ, ਸਟੇਸ਼ਨਰੀ ਆਦਿ ਸਮਾਨ ਹਾਸਲ ਕੀਤਾ। ਇਸ ਤੋਂ ਬਿਨ੍ਹਾਂ ਰੈਡ ਕਰਾਸ ਦੇ ਸੈਂਟ ਜੌਹਨ ਐਂਬੂਲੈਂਸ ਬ੍ਰਿਗੇਡ ਵੱਲੋਂ ਸ. ਹਰਿੰਦਰ ਸਿੰਘ ਕਰੀਰ ਦੀ ਅਗਵਾਈ ਹੇਠ 4202 ਜਣਿਆਂ ਨੂੰ ਮੁਢਲੀ ਸਹਾਇਤਾ ਦੀ ਸਿਖਲਾਈ ਪ੍ਰਦਾਨ ਕੀਤੀ ਗਈ ਤੇ ਮੁਢਲੀ ਸਹਾਇਤਾ ਪੋਸਟਾਂ ਰਾਹੀਂ 54723 ਮਰੀਜਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ।
ਮੀਟਿੰਗ ਦੌਰਾਨ ਰੈਡ ਕਰਾਸ ਦੀ ਪਿਛਲੇ ਵਰ੍ਹੇ ਹੋਈ 1.12 ਕਰੋੜ ਰੁਪਏ ਦੀ ਆਮਦਨ ਅਤੇ 92 ਲੱਖ ਰੁਪਏ ਦੇ ਖਰਚੇ ਦਾ ਵਿਵਰਣ ਪੇਸ਼ ਕੀਤਾ ਗਿਆ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਰੈਡ ਕਰਾਸ ਸੁਸਾਇਟੀ ਦੇ ਸਕੱਤਰ-ਕਮ-ਡੀ.ਡੀ.ਆਰ.ਓ. ਪ੍ਰਿਤਪਾਲ ਸਿੰਘ ਸਿੱਧੂ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਮੀਟਿੰਗ ‘ਚ ਸੁਸਾਇਟੀ ਦੀ ਇਮਾਰਤ ਦੀ ਮੁਰੰਮਤ ਕਰਵਾਉਣ ਅਤੇ ਓਲਡ ਏਜ ਹੋਮ ਨੂੰ ਜਲਦ ਚਾਲੂ ਕਰਨ ਬਾਬਤ ਵੀ ਮਤੇ ਪਾਸ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਸੁਸਾਇਟੀ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਸੁਝਾਓ ਦੇ ਕੇ ਸੁਸਾਇਟੀ ਵੱਲੋਂ ਹੋਰ ਬਿਹਤਰੀਨ ਢੰਗ ਨਾਲ ਲੋੜਵੰਦਾਂ ਦੀ ਮਦਦ ਕਰਨ ਲਈ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਇਸ ਮੌਕੇ ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਰਾਜਪੁਰਾ ਸ੍ਰੀ ਸੰਜੀਵ ਕੁਮਾਰ, ਡਾ. ਜੈ ਕਿਸ਼ਨ, ਸ੍ਰੀ ਵਿਜੇ ਗੋਇਲ, ਸ੍ਰੀ ਦੀਨ ਦਿਆਲ, ਡਾ. ਕ੍ਰਿਸ਼ਨ ਸਿੰਘ, ਰਣਜੀਤ ਸਿੰਘ, ਏ.ਈ.ਓ. ਸਿੱਖਿਆ ਵਿਭਾਗ ਜੁਗਰਾਜ ਸਿੰਘ ਟਿਵਾਣਾ, ਕੇ.ਕੇ. ਬਾਂਸਲ, ਹਰਬੰਸ ਬਾਂਸਲ ਆਦਿ ਮੈਂਬਰ ਮੌਜੂਦ ਸਨ।

