ਪੰਜਾਬ

ਵਜ਼ਾਰਤੀ ਵਾਧੇ ‘ਵਚ ਪਛੜੀਆਂ ਸ਼੍ਰੇਣੀਆਂ ਨੂੰ ਨੁਮਾਇੰਦਗੀ ਨਾ ਦੇਣਾ ਕੈਪਟਨ ਦੀ ਪੱਛੜੀ ਸੋਚ ਦਾ ਪ੍ਰਗਟਾਵਾ : ਆਪ

ਚੰਡੀਗੜ੍ਹ, 21 ਅਪ੍ਰੈਲ (ਮਧੂਸਾਰ ਬਿਊਰੋ) ਆਮ ਆਦਮ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਹੀ ਜਾਰੀ ਕੀਤੀ ਵਜ਼ਾਰਤੀ ਵਾਧੇ ਦੀ ਸੂਚੀ ਵਿਚ ਪਛੜੀਆਂ ਸ਼੍ਰੇਣੀਆਂ ਨੂੰ ਨੁਮਾਇੰਦਗੀ ਨਾ ਦੇ ਕੇ ਉਨ੍ਹਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ।

ਪ੍ਰੈੱਸ ਵਿਚ ਜਾਰੀ ਬਿਆਨ ਰਾਹੀਂ ਆਪ ਦੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਨਵੀਂ ਸੂਚੀ ਕੈਪਟਨ ਅਮਰਿੰਦਰ ਸਿੰਘ ਦੀ ਸਾਮੰਤਵਾਦੀ ਸੋਚ ਦਾ ਪ੍ਰਗਟਾਵਾ ਹੈ, ਕਿਉਂ ਜੋ ਉਨ੍ਹਾਂ ਨੇ ਇਸ ਸੂਚੀ ਵਿਚ ਨਾ ਤਾਂ ਪਛੜੀ ਸ਼੍ਰੇਣੀਆਂ ਅਤੇ ਨਾ ਹੀ ਦਲਿਤ ਭਾਈਚਾਰੇ ਵਿਚੋਂ ਕੋਈ ਮੰਤਰੀ ਬਣਾਇਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰਤਾ ਦੇ ਅਧਾਰ ਉੱਤੇ ਮੰਤਰੀ ਮੰਡਲ ਵਿਚ ਥਾਂ ਦਿੱਤੇ ਜਾਣ ਦੇ ਬਿਆਨ ਦੀ ਨਿਖੇਧੀ ਕਰਦਿਆਂ ਸੰਧਵਾਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਦੋਆਬੇ ਵਿਚੋਂ ਸਭ ਤੋਂ ਸੀਨੀਅਰ ਸੰਗਤ ਸਿੰਘ ਗਿਲਜੀਆਂ ਦਲਿਤ ਆਗੂ ਰਾਜ ਕੁਮਾਰ ਵੇਰਕਾ ਅਤੇ ਅੋਲੰਪੀਅਨ ਰਹਿ ਚੁੱਕੇ ਪ੍ਰਗਟ ਸਿੰਘ ਜ਼ਰੂਰ ਪੰਜਾਬ ਦੀ ਕੈਬਿਨੇਟ ਵਿਚ ਸਥਾਨ ਬਣਾਉਂਦੇ। ਉਨ੍ਹਾਂ ਕਿਹਾ ਕਿ ਨਾ ਤਾਂ ਪਹਿਲਾਂ ਬਣਾਏ ਮੰਤਰੀਆਂ ਅਤੇ ਨਾ ਹੀ ਹੁਣ ਜਾਰੀ ਕੀਤੀ ਸੂਚੀ ਵਿਚ ਪਛੜੀਆਂ ਸ਼੍ਰੇਣੀਆਂ ਜੋ ਕਿ ਪੰਜਾਬ ਵਿਚ ਇੱਕ ਵੱਡੀ ਗਿਣਤੀ ਵਿਚ ਹਨ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸ ਪਾਰਟੀ ਪਛੜੀਆਂ ਸ਼੍ਰੇਣੀਆਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਮੰਗਾਂ ਅਤੇ ਹੱਕਾਂ ਲਈ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ 2011 ਦੀ ਜਨਗਣਨਾ ਦੇ ਅਨੁਸਾਰ ਸੂਬੇ ਵਿਚ 22 ਪ੍ਰਤੀਸ਼ਤ ਤੋਂ ਵੱਧ ਲੋਕ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧ ਰੱਖਦੇ ਹਨ।
ਸੰਧਵਾਂ ਨੇ ਕਿਹਾ ਕਿ ਜਦੋਂ ਪਛੜੀ ਸ਼੍ਰੇਣੀਆਂ ਦੇ ਹੱਕਾਂ ਅਤੇ ਮੰਗਾਂ ਦੀ ਗੱਲ ਆਉਂਦੀ ਹੈ ਤਾਂ ਅਕਾਲੀ ਦਲ ਬੀਜੇਪੀ ਅਤੇ ਕਾਂਗਰਸ ਇੱਕੋ ਥਾਲ਼ੀ ਦੇ ਚੱਟੇ-ਬਟੇ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਕਿਸੇ ਪਛੜੀ ਸ਼੍ਰੇਣੀ ਦੇ ਵਿਅਕਤੀ ਨੂੰ ਮੰਤਰੀ ਨਹੀਂ ਬਣਾਇਆ ਗਿਆ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਨਕਸ਼ੇ ਕਦਮ ਉੱਤੇ ਚੱਲਦੇ ਹੋਏ ਪਛੜੀਆਂ ਸ਼੍ਰੇਣੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਤੋਂ ਗੁਰੇਜ਼ ਕੀਤਾ ਹੈ। ਸੰਧਵਾਂ ਨੇ ਕਿਹਾ ਕਿ ਇਹ ਵਜ਼ਾਰਤੀ ਵਾਧਾ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਨੂੰ ਪੰਜਾਬ ਕੈਬਿਨੇਟ ਵਿਚ ਥਾਂ ਦੇਣ ਤੋਂ ਵੱਧ ਕੇ ਹੋਰ ਕੁੱਝ ਨਹੀਂ ਹੈ ਅਤੇ ਮੋਟੇ ਤੌਰ ‘ਤੇ ਇਸ ਨੂੰ ਕੈਪਟਨ ਦੇ ‘ਕਿਚਨ ਕੈਬਿਨੇਟ’ ਦਾ ਵਿਸਥਾਰ ਹੀ ਕਿਹਾ ਜਾ ਸਕਦਾ ਹੈ।

Leave a Reply

Your email address will not be published. Required fields are marked *