ਫ਼ਰਦ ਕੇਂਦਰਾਂ ਰਾਹੀਂ 1 ਲੱਖ 92 ਹਜ਼ਾਰ 661 ਨਕਲਾਂ ਮੁਹੱਈਆ ਕਰਵਾਈਆਂ-ਪੂਨਮਦੀਪ ਕੌਰ
ਪਟਿਆਲਾ, 23 ਅਪਰੈਲ (ਮਧੂਸਾਰ ਬਿਊਰੋ) ”ਮਾਲ ਅਧਿਕਾਰੀ ਤਕਸੀਮ ਦੇ ਲੰਬਿਤ ਮਾਮਲੇ ਤੁਰੰਤ ਨਿਪਟਾਉਣ ਅਤੇ ਖੇਤਾਂ ‘ਚੋਂ ਫ਼ਸਲਾਂ ਦੀ ਕਟਾਈ ਹੋਣ ਕਰਕੇ ਵਿਹਲੀ ਹੋਈ ਜਮੀਨ ਦਾ ਲਾਭ ਲੈਂਦਿਆਂ ਨਿਸ਼ਾਨਦੇਹੀ ਦੀਆਂ ਅਰਜ਼ੀਆਂ ਦਾ ਨਿਪਟਾਰਾ ਪਹਿਲ ਦੇ ਅਧਾਰ ‘ਤੇ ਕਰਨ ਨੂੰ ਤਰਜੀਹ ਦੇਣ।”
ਇਹ ਨਿਰਦੇਸ਼ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਨਮਦੀਪ ਕੌਰ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਦਿੱਤੇ। ਉਹ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 1 ਅਪਰੈਲ 2017 ਤੋਂ 31 ਮਾਰਚ 2018 ਤੱਕ ਜ਼ਿਲ੍ਹੇ ਦੇ 8 ਫ਼ਰਦ ਕੇਂਦਰਾਂ ਰਾਹੀਂ ਫ਼ਰਦਾਂ ਦੀਆਂ 1 ਲੱਖ 92 ਹਜ਼ਾਰ 661 ਨਕਲਾਂ ਮੁਹੱਈਆ ਕਰਵਾਈਆਂ ਹਨ, ਜਿਸ ਦੇ ਕਿ 1 ਕਰੋੜ 25 ਲੱਖ 8 ਹਜ਼ਾਰ 431 ਪੰਨੇ ਬਣਦੇ ਹਨ, ਜਿਸ ਲਈ 2 ਕਰੋੜ 51 ਲੱਖ 68 ਹਜ਼ਾਰ 620 ਰੁਪਏ ਦੀ ਫੀਸ ਵਸੂਲੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੇ ਬਿਨ੍ਹਾਂ ਝਗੜੇ ਵਾਲੇ ਇੰਤਕਾਲਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰਦਿਆਂ ਮਾਰਚ ਮਹੀਨੇ ਦੌਰਾਨ 2066 ਇੰਤਕਾਲਾਂ ਦਾ ਫੈਸਲਾ ਕੀਤਾ ਹੈ।
ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਤਹਿਸੀਲਦਾਰ ਲੋਕਾਂ ਨੂੰ ਆਪਣੀ ਜਮੀਨ ਦੀ ਨਿਸ਼ਾਨਦੇਹੀ ਈ.ਟੀ.ਐਸ. (ਇਲੈਕਟ੍ਰੋਨਿਕ ਟੋਟਲ ਸਟੇਸ਼ਨ) ਮਸ਼ੀਨ ਦੇ ਨਾਲ ਕਰਵਾਉਣ ਲਈ ਉਤਸ਼ਾਹਤ ਕਰਨ, ਕਿਉਂਕਿ ਇਸ ਨਾਲ ਤਰੁੱਟੀ ਦੀ ਸੰਭਾਵਨਾ ਨਾਮਾਤਰ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਆਦੇਸ਼ ਕੀਤੇ ਕਿ ਪਰਿਵਾਰਕ ਵੰਡ ਦੇ ਮਾਮਲਿਆਂ ‘ਚ ‘ਜੀ.ਓ.ਜੀਜ’ ਖੁਸ਼ਹਾਲੀ ਦੇ ਰਾਖਿਆਂ ਦੀਆਂ ਸੇਵਾਵਾਂ ਹਾਸਲ ਕਰਨ ਤਾਂ ਕਿ ਅਜਿਹੇ ਮਾਮਲੇ ਆਪਸੀ ਸੁਲ੍ਹਾ ਸਫ਼ਾਈ ਨਾਲ ਨਿਬੇੜੇ ਜਾਣ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਮੂਹ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਦਾਲਤੀ ਮਾਮਲਿਆਂ ਦੇ ਫੈਸਲੇ ਲੈਣ ‘ਚ ਬੇਲੋੜੀ ਦੇਰੀ ਨਾ ਕਰਨ ਤਾਂ ਕਿ ਆਮ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਨੇ ਮਾਲ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਟੈਂਪ ਡਿਊਟੀ ਬਕਾਇਆ, ਚੌਕੀਦਾਰਾ, ਆਬਿਆਨਾ ਆਦਿ ਸਮੇਤ ਹੋਰ ਬਕਾਏ ਦੀਆਂ ਰਿਕਵਰੀਆਂ ਵੀ ਨਾਲੋ-ਨਾਲ ਕਰਕੇ ਰਿਪੋਰਟ ਕੀਤੀ ਜਾਵੇ ਅਤੇ ਨਜਾਇਜ਼ ਕਬਜੇ ਹਟਾਉਣ ਲਈ ਵੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਮੀਟਿੰਗ ਮੌਕੇ ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸਮਾਣਾ ਅਰਵਿੰਦ ਕੁਮਾਰ, ਐਸ.ਡੀ.ਐਮ. ਰਾਜਪੁਰਾ ਸ੍ਰੀ ਸੰਜੀਵ ਕੁਮਾਰ ਬਾਂਸਲ, ਸਹਾਇਕ ਕਮਿਸ਼ਨਰ ਇਨਾਇਤ ਗੁਪਤਾ, ਜ਼ਿਲ੍ਹਾ ਮਾਲ ਅਫ਼ਸਰ ਸ. ਹਰਸ਼ਰਨਜੀਤ ਸਿੰਘ ਸਮੇਤ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਐਸ.ਸੀ.ਬੀ.ਸੀ. ਵਿੱਤ ਨਿਗਮ ਦੇ ਅਧਿਕਾਰੀ ਮੌਜੂਦ ਸਨ।

