ਭਾਈ ਵੀਰ ਸਿੰਘ ਸਾਹਿਤ ਚਿੰਤਨ’ ਦੇ ਵਿਸ਼ੇ ਉੱਤੇ ਡਾ. ਸਰਬਜੀਤ ਸਿੰਘ ਦਾ ਵਿਸ਼ੇਸ਼ ਭਾਸ਼ਣ ਕਰਵਾਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ‘ਭਾਈ ਵੀਰ ਸਿੰਘ ਸਾਹਿਤ ਚਿੰਤਨ’ ਦੇ ਵਿਸ਼ੇ ਉੱਤੇ ਡਾ. ਸਰਬਜੀਤ ਸਿੰਘ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਪਰਮੀਤ ਕੌਰ ਨੇ ਡਾ. ਸਰਬਜੀਤ ਸਿੰਘ ਦੀ ਸ਼ਖ਼ਸੀਅਤ ਨਾਲ ਮੁੱਢਲੀ ਜਾਣ-ਪਛਾਣ ਕਰਵਾਈ। ਡਾ. ਸਰਬਜੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਚਿੰਤਨ ਬਾਰੇ ਮੁੱਲਵਾਨ ਚਰਚਾ ਕੀਤੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਕਿ ਭਾਈ ਵੀਰ ਸਿੰਘ ਬਾਰੇ ਨਿਰੀ-ਪੁਰੀ ਆਧੁਨਿਕਤਾ ਦੀ ਧਾਰਨਾ ਤੋਂ ਹਟਕੇ ਉਨ੍ਹਾਂ ਦੀ ਰਚਨਾ-ਦ੍ਰਿਸ਼ਟੀ ਨੂੰ ਇਤਿਹਾਸਿਕ ਪ੍ਰਸੰਗ ਦੇ ਵਿਸ਼ਾਲ ਪਰਿਪੇਖ ਵਿੱਚ ਰੱਖ ਕੇ ਵਿਚਾਰਨ ਦੀ ਜ਼ਰੂਰਤ ਹੈ।
ਉਨ੍ਹਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਿਹਾ ਕਿ ਸਾਡੇ ਮੋਢਿਆਂ ਉੱਤੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਜਿਸਨੂੰ ਨਿਭਾਉਣ ਲਈ ਸਾਨੂੰ ਵਿਭਿੰਨ ਕੌਸ਼ਲਾਂ ਨਾਲ ਭਰਪੂਰ ਹੋਣਾ ਪਵੇਗਾ। ਭਾਸ਼ਣ ਉਪਰੰਤ ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ। ਭਾਸ਼ਨ ਦੇ ਅੰਤ ਉੱਤੇ ਵਿਭਾਗ ਦੇ ਸੀਨਿਅਰ ਪ੍ਰੋਫੈ਼ਸਰ ਡਾ. ਰਾਜਿੰਦਰ ਕੁਮਾਰ ਲਹਿਰੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਡਾ. ਭੀਮ ਇੰਦਰ ਸਿੰਘ, ਡਾ. ਹਰਜੋਧ ਸਿੰਘ ਅਤੇ ਡਾ. ਮੋਹਨ ਸਿੰਘ ਤਿਆਗੀ ਤੋਂ ਇਲਾਵਾ ਪੀ.ਜੀ ਡਿਪਲੋਮਾ, ਐਮ.ਫਿਲ ਅਤੇ ਪੀਐਚ.ਡੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

