ਚੌਥਾ ਦਰਜਾ ਕਾਮਿਆਂ ਨੇ ਸੰਘਰਸ਼ ਦਾ ਬਿਗੁਲ ਵਜਾਇਆ, ਕੀਤੀ ਨਾਅਰੇਬਾਜ਼ੀ
ਪਟਿਆਲਾ 26 ਅਪ੍ਰੈਲ (ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਿੱਖਿਆ ਵਿਭਾਗ ਕਮੇਟੀ ਦੀ ਮੀਟਿੰਗ ਜਿਲਾ ਸਿੱਖਿਆ ਦਫਤਰ ਵਿਖੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਦਰਸ਼ਨ ਸਿੰਘ ਲੁਬਣਾ ਨੇ ਕੀਤੀ, ਇਸ ਮੌਕੇ ਤੇ ਸਿੱਖਿਆ ਕਮੇਟੀ ਦੇ ਪ੍ਰਧਾਨ ਰਾਮ ਪ੍ਰਸਾਦ ਸਹੋਤਾ, ਅਡਵਾਇਜਰ ਹਯਾਤ ਸਿੰਘ ਅਤੇ ਵਿੱਤ ਸਕੱਤਰ ਰਾਮ ਕੈਲਾਸ਼ ਸ਼ਾਮਲ ਹੋਏ। ਇਸ ਦੌਰਾਨ ਪਾਰਟ ਟਾਇਮ, ਮੀਡ-ਡੇ-ਮੀਲ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਅਧੁਰੀਆਂ ਪਈਆਂ ਮੰਗਾਂ ਤੇ ਅਗਲਾ ਐਕਸ਼ਨ ਪ੍ਰੋਗਰਾਮ ਅਨੁਸਾਰ ਮਿਤੀ 05 ਮਈ ਨੂੰ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਤੇ ਜਿਲਾ ਸਿੱਖਿਆ ਅਫਸਰ ਪ੍ਰਾਈਮਰੀ ਦਫਤਰਾਂ ਅੱਗੇ ਬਾਅਦ ਦੁਪਹਿਰ ਰੈਲੀ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੀਆਂ ਮੰਗਾਂ ਦਾ ਜਿਕਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪਿਛਲੇ (ਇੱਕ ਸਾਲ) ਤੋਂ ਮਿਡ-ਡੇ-ਮਿਲ ਅਤੇ ਸਕੂਲਾਂ ਵਿਚਲੇ ਪਾਰਟ ਟਾਇਮ ਕਾਮਿਆਂ ਨੂੰ ਤਨਖਾਹਾਂ ਨਸੀਬ ਨਹੀਂ ਹੋਈਆਂ। ਪਾਰਟ ਟਾਇਮ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਸਕੂਲ ਵਿਚਲੇ ਦਰਜਾਚਾਰ ਕਰਮਚਾਰੀਆਂ ਨੂੰ ਗਰਮ ਅਤੇ ਠੰਡੀਆਂ ਵਰਦੀਆਂ, ਬੂਟ, ਚਪਲਾਂ ਅਤੇ ਓਵਰ ਕੋਟ ਵੀ ਨਹੀਂ ਦਿੱਤੇ ਗਏ, ਕਰਮਚਾਰੀਆਂ ਨੂੰ ਆਪਣਾ ਜੀ.ਪੀ.ਫੰਡਜ਼ ਨਹੀਂ ਦਿੱਤਾ ਜਾ ਰਿਹਾ। ਇਸ ਤਰ੍ਹਾਂ ਮਿਲਣ ਯੋਗ ਛੁੱਟੀਆਂ ਵੀ ਨਹੀਂ ਮਿਲਦੀਆਂ। ਮਿਡ-ਡੇ-ਮੀਲ ਤੇ ਪਾਰਟ ਟਾਇਮ ਕਾਮਿਆਂ ਤੋਂ ਵੱਧ ਕੰਮ ਲੈ ਕੇ ਵਗਾਰ ਕਰਵਾਇਆ ਜਾਂਦਾ ਹੈ। ਪਾਰਟ ਟਾਇਮ ਕਾਮਿਆਂ ਨੂੰ ਰੈਗੂਲਰ ਕਰਨ ਵਰਕਰਾਂ ਦਾ ਰਿਕਾਰਡ ਸਕੂਲ ਵਿੱਚੋਂ ਮੰਗਣ ਤੋਂ ਬਾਅਦ ਵੀ ਰੈਗੂਲਰ ਨਹੀਂ ਕੀਤਾ ਗਿਆ ਆਦਿ-ਆਦਿ ਮੰਗਾਂ ਸ਼ਾਮਲ ਹਨ।
ਮੀਟਿੰਗ ਵਿੱਚ ਜੋ ਹੋਰ ਕਰਮਚਾਰੀ ਸ਼ਾਮਲ ਸਨ ਉਨ੍ਹਾਂ ਵਿੱਚ ਨਰਿੰਦਰ ਕੁਮਾਰ, ਅਨਿਲ ਕੁਮਾਰ, ਧਰਮਿੰਦਰ ਸਿੰਘ, ਰਾਮ ਕੈਲਾਸ਼, ਤਰਸੇਮ ਲਾਲ, ਨਿਰਮਲਾ ਦੇਵੀ, ਵਰਿੰਦਰ ਸਿੰਘ, ਕੈਲਾਸ਼ ਨਾਥ, ਸੈਣੀ, ਗੁਰਜੀਤ ਕੌਰ, ਜਸਪਾਲ ਕੌਰ, ਚਿੰਤਨ ਕੌਰ, ਸੁਰਜੀਤ ਕੌਰ ਆਦਿ ਸ਼ਾਮਲ ਸਨ।

