ਗੁਰਦੁਆਰਾ ਸੰਤ ਕੰਬਲੀ ਵਾਲੇ ਵਿਖੇ ਪੂਰਨਮਾਸੀ ਦਿਹਾੜੇ ਮੌਕੇ ਸੰਗਤਾਂ ਹੋਈਆਂ ਨਤਮਸਤਕ
ਮਨੁੱਖ ਪਦਾਰਥੀ ਵਸਤੂਆਂ ਦਾ ਮੋਹ ਛੱਡਕੇ ਪਰਉਪਕਾਰੀ ਗੁਰੂ ਦੇ ਲੜ ਲੱਗੇ : ਪ੍ਰੋ. ਬਡੂੰਗਰ
ਮਨੁੱਖ ਨੂੰ ਸ਼ਬਦ ਗੁਰੂ ਦਾ ਆਸਰਾ ਲੈਣ ਦੀ ਲੋੜ : ਬਾਬਾ ਨਛੱਤਰ ਸਿੰਘ ਕੰਬਲੀ ਵਾਲੇ
ਪਟਿਆਲਾ 30 ਅਪ੍ਰੈਲ (ਮਧੂਸਾਰ ਬਿਊਰੋ) ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਕੰਬਾਲੀ ਵਾਲਿਆਂ ਦੇ ਸਥਾਨ ਗੁਰਦੁਆਰਾ ਸੰਤ ਕੰਬਲੀ ਵਾਲੇ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਦੀ ਸੁੱਚਜੀ ਅਗਵਾਈ ‘ਚ ਸ਼ਰਧਾ ਭਵਾਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਚੱਲ ਰਹੇ ਧਾਰਮਕ ਦੀਵਾਨਾਂ ‘ਚ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ।
ਧਾਰਮਕ ਸਮਾਗਮ ਦੌਰਾਨ ਕੀਰਤਨੀ ਜੱਥਿਆਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਅਸਲ ਜੀਵਨ ਜਾਂਚ ਬਾਰੇ ਪ੍ਰੇਰਨਾ ਦਿੱਤੀ। ਇਸ ਮੌਕੇ ਉਚੇਚੇ ਤੌਰ ‘ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ਿਰਕਤ ਕੀਤੀ, ਜਿਨਾਂ ਦਾ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਅਤੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਤ ਕੀਤਾ।
ਇਸ ਮੌਕੇ ਸੰਗਤਾਂ ਨੂੰ ਪ੍ਰੇਰਨਾ ਦਿੰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰੇ ਨਾਲ ਜੀਵਨ ਦੇ ਬੇੜੇ ਭਵਸਾਗਰ ਵਿਚੋਂ ਪਾਰ ਲੰਘਾਇਆ ਜਾ ਸਕਦਾ ਹੈ। ਉਨ੍ਹ੍ਹਾਂ ਕਿਹਾ ਕਿ ਸਿਰਫ ਤੇ ਸਿਰਫ ਗੁਰੂ ਪਰਉਪਕਾਰੀ, ਕ੍ਰਿਪਾਲੂ ਅਤੇ ਦਿਆਲੂ ਹਨ, ਜੋ ਸਾਨੂੰ ਸਾਡੀਆਂ ਅਨੇਕਾਂ ਭੁੱਲਾਂ ਨੂੰ ਬਖਸ਼ ਦਿੰਦੇ ਹਨ ਇਸ ਲਈ ਮਨੁੱਖ ਨੂੰ ਪਦਾਰਥੀ ਵਸਤੂਆਂ ਦਾ ਮੋਹ ਛੱਡ ਕੇ ਸੱਚੇ ਗੁਰੂ ਦੇ ਲੜ ਲੱਗਕੇ ਆਪਣੇ ਜੀਵਨ ਨੂੰ ਰੌਸ਼ਨਮਈ ਬਣਾਉਣ ਦੀ ਲੋੜ ਹੈ।
ਇਸ ਮੌਕੇ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਨੇ ਵੀ ਸੰਗਤਾਂ ਜਾਣੂੰ ਕਰਵਾਇਆ ਕਿ ਮਨੁੱਖ ਜੀਵਨ ਦੌਰਾਨ ਪਦਾਰਥੀ ਵਸਤੂਆਂ ਨਾਲ ਮੋਹ ਪਾ ਰਿਹਾ ਹੈ, ਜੋ ਧਰੀਆਂ ਧਰਾਈਆਂ ਰਹਿ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਹਰ ਔਖੀ ਘੜੀ ‘ਚੋਂ ਪਾਰ ਨਿਕਲਣ ਲਈ ਸ਼ਬਦ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ।
ਦੀਵਾਨਾਂ ‘ਚ ਮੈਨੇਜਰ ਪ੍ਰੇਮ ਸਿੰਘ, ਬਾਬਾ ਅਜਮੇਰ ਸਿੰਘ ਰੋਪੜ, ਮਲਕੀਤ ਸਿੰਘ, ਸੁਰਜੀਤ ਸਿੰਘ, ਬਾਬਾ ਗੁਰਦੀਪ ਸਿੰਘ ਮੁੱਖ ਪ੍ਰਬੰਧਕ, ਤਰਸੇਮ ਸਿੰਘ, ਸੁਰਜੀਤ ਸਿੰਘ ਲੁਧਿਆਣੇ ਵਾਲੇ, ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ।

