ਖ਼ਾਲਸਾ ਕਾਲਜ ਪਟਿਆਲਾ ਦੇ ਵੱਖ ਵੱਖ ਵਿਭਾਗਾਂ ਵੱਲੋਂ ਅਧਿਆਪਕ ਦਿਵਸ ’ਤੇ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਵਿਸ਼ਵ ਅਧਿਆਪਕ ਦਿਵਸ ਤੇ ਵਿਸ਼ੇਸ਼ ਮੌਕੇ ’ਤੇ ਖ਼ਾਲਸਾ ਕਾਲਜ ਪਟਿਆਲਾ ਦੇ ਵੱਖ ਵੱਖ ਵਿਭਾਗਾਂ ਵੱਲੋਂ ਆਪੋ ਆਪਣੇ ਪੱਧਰ ’ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਤੇ ਕੰਪਿਓਟੋਨਿਕਸ ਕਲੱਬ ਵੱਲੋਂ ਅੱਜ ਅਧਿਆਪਕ ਦਿਵਸ ’ਤੇ ਗੁਰੂ ਸ਼ਿਸ਼ ਪ੍ਰੰਪਰਾ ਨਾਲ ਸਬੰਧਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਾ. ਦਵਿੰਦਰ ਸਿੰਘ ਵੱਲੋਂ ਵਕਤਾ ਦੇ ਤੌਰ ’ਤੇ ਸ਼ਿਰਕਤ ਕੀਤੀ ਗਈ। ਆਪਣੇ ਸੰਬੋਧਨ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸ਼ਵ ਅਧਿਆਪਕ ਦਿਵਸ ਭਾਰਤ ਦੇ ਸਿੱਖਿਆ ਸ਼ਾਸਤਰੀ ਸਰਵਪਾਲੀ ਡਾ. ਰਾਧਾ ਿਸ਼ਨਨ ਦੇ ਜਨਮ ਦਿਨ ਦੇ ਮੌਕੇ ’ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਗੁਰੂ ਸ਼ਿਸ਼ ਪ੍ਰੰਪਰਾ ਦੀ ਅਮੀਰ ਵਿਰਾਸਤ ਮੌਜੂਦ ਹੈ ਜਿਸ ਤੋਂ ਅਸੀਂ ਸੇਧ ਪ੍ਰਾਪਤ ਕਰ ਕੇ ਆਪਣੇ ਵਿਦਿਆਰਥੀਆਂ ਨੂੰ ਕਾਮਯਾਬੀ ਦੇ ਮੁਕਾਮ ਤਕ ਲਿਜਾ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਤਕਨਾਲੋਜੀ ਦੇ ਯੁੱਗ ਵਿੱਚ ਗੂਗਲ ਵਰਗੇ ਇੰਫਰਮੇਸ਼ਨ ਦੇ ਭੰਡਾਰ ਅਧਿਆਪਕ ਦਾ ਬਦਲ ਨਹੀਂ ਬਣ ਸਕਦੇ। ਕਿਉਕਿ ਅਧਿਆਪਕ ਕੇਵਲ ਇਨਫਰਮੇਸ਼ਨ ਮੁਹੱਈਆ ਨਹੀਂ ਕਰਵਾਉਦਾ ਬਲਕਿ ਵਿਦਿਆਰਥੀ ਨੂੰ ਦਿੱਤੇ ਜਾਂਦੇ ਗਿਆਨ ਨੂੰ ਉਸ ਦੇ ਅਨੁਭਵ ਦਾ ਭਾਗ ਬਣਾ ਦਿੰਦਾ ਹੈ। ਇਸ ਮੌਕੇ ਕੰਪਿਊਟੋਨਿਕਸ ਕਲੱਬ ਦੀ ਕਨਵੀਨਰ ਪ੍ਰੋ ਇੰਦਰਬੀਰ ਕੌਰ ਤੋਂ ਇਲਾਵਾ ਡਾ. ਸਰਬਜੀਤ ਸਿੰਘ ਭਾਟੀਆ, ਪ੍ਰੋ ਵਿਕਰਮ ਗੁਪਤਾ, ਪ੍ਰੋ ਗੁਰਪਾਲ ਸਿੰਘ, ਪ੍ਰੋ ਜਤਿੰਦਰ ਕੌਰ, ਪ੍ਰੋ ਲਾਲ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਹਾਜ਼ਰ ਸਨ।
ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਵੀ ਬੀ. ਏ. ਦੇ ਵਿਦਿਆਰਥੀਆਂ ਨਾਲ ਸਾਂਝੇ ਤੌਰ ’ਤੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਅਧਿਆਪਕ ਦਾ ਜ਼ਿੰਦਗੀ ਵਿਚ ਮਹੱਤਵਪੂਰਨ ਰੋਲ ਹੁੰਦਾ ਹੈ। ਅਧਿਆਪਕ ਵਿਦਿਆਰਥੀ ਦੀ ਸ਼ਖਸੀਅਤ ਉਸਾਰੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਇਸ ਮੌਕੇ ਮੁਖੀ ਪੰਜਾਬੀ ਵਿਭਾਗ ਪ੍ਰੋ ਪਰਮਜੀਤ ਕੌਰ, ਕਨਵੀਨਰ ਪੰਜਾਬੀ ਸਾਹਿਤ ਸਭਾ ਪ੍ਰੋ ਜਗਰੂਪ ਕੌਰ ਤੋਂ ਇਲਾਵਾ ਡਾ ਪੁਸ਼ਪਿੰਦਰ ਕੌਰ, ਡਾ. ਜਸਵਿੰਦਰ ਸਿੰਘ ਡਾ. ਦਵਿੰਦਰ ਸਿੰਘ ਅਤੇ ਬੀ.ਏ. ਭਾਗ ਪਹਿਲਾ ਦੂਜਾ ਅਤੇ ਤੀਜਾ ਦੇ ਵਿਦਿਆਰਥੀ ਹਾਜ਼ਰ ਸਨ। ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਜਿਨ੍ਹਾਂ ਕੋਲ ਗੁਰੂ ਸ਼ਬਦ ਦੇ ਰੂਪ ਵਿਚ ਮੌਜੂਦ ਹੈ। ਜਿਸ ਦੀ ਰਹਿਨੁਮਾਈ ਅਤੇ ਸੇਧ ਸਦਕਾ ਸਾਡੇ ਕੋਲ ਵਿਸ਼ਵ ਦੇ ਸਨਮੁਖ ਵਿਲੱਖਣ ਪਰੰਪਰਾ ਮੌਜੂਦ ਹੈ। ਸ਼ਬਦ ਹੀ ਵਿਦਿਆਰਥੀ ਨੂੰ ਗਿਆਨ ਪ੍ਰਦਾਨ ਕਰਕੇ ਸੰਪੂਰਨਤਾ ਬਖ਼ਸ਼ਦਾ ਹੈ। ਉਨ੍ਹਾਂ ਮਾਣ ਨਾਲ ਕਿਹਾ ਕਿ ਖ਼ਾਲਸਾ ਕਾਲਜ ਦੇ ਵਿਦਿਆਰਥੀ ਆਪਣੀਆਂ ਪਰੰਪਰਾਵਾਂ ਦੇ ਸੱਚ ਨਾਲ ਅਧਿਆਪਕਾਂ ਦੀ ਰਹਿਨੁਮਾਈ ਸਦਕਾ ਬਾਖ਼ੂਬੀ ਜੁੜੇ ਹੋਏ ਹਨ। ਇਸ ਮੌਕੇ ਉਨ੍ਹਾਂ ਪੰਜਾਬੀ ਵਿਭਾਗ ਅਤੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੀ ਅਧਿਆਪਕ ਦਿਵਸ ਦੇ ਮੌਕੇ ਪ੍ਰੋਗਰਾਮ ਕਰਵਾਉਣ ਤੇ ਸ਼ਲਾਘਾ ਵੀ ਕੀਤੀ।

