ਪੰਜਾਬ

ਕਾਂਗਰਸ ਸਿਲੇਬਸ ‘ਚੋਂ ਸਿੱਖ ਅਧਿਆਏ ਹਟਾਉਣ ਨਾਲ ਸਿੱਖੀ ਹੋਂਦ ਨਹੀਂ ਮਿਟਾ ਸਕੇਗੀ-ਫੈਡਰੇਸ਼ਨ ਗਰੇਵਾਲ

ਅੰਮ੍ਰਿਤਸਰ 1 ਮਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਹਿਰੂ, ਗਾਂਧੀ ਪਰਿਵਾਰ ਵੱਲੋਂ ਸਿੱਖਾਂ ਪ੍ਰਤੀ ਬਣਾਈ ਨੀਤੀ ‘ਤੇ ਕੰਮ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਸਿੱਖਿਆ ਖੇਤਰ ਅੰਦਰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਦੇ ਅਧਿਆਏ ਹਟਾਉਣ ਨਾਲ ਸਿੱਖੀ ਦੀ ਹੋਂਦ ਨਹੀਂ ਮਿਟਾ ਸਕੇਗੀ।

ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਤੋਂ ਬਾਅਦ ਵੀ ਅੱਜ ਸਿੱਖੀ ਆਪਣਾ ਮਾਣ-ਸਨਮਾਨ ਬਹਾਲ ਰੱਖ ਕੇ ਪਹਿਲਾਂ ਨਾਲੋਂ ਵੀ ਬੁਲੰਦ ਹੈ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਵੱਲੋਂ +2 ਦੀ ਕਿਤਾਬ ‘ਚੋਂ ਸਿੱਖ ਇਤਿਹਾਸ ਦੇ 23 ਅਧਿਆਏ ਹਟਾਉਣ ਕਾਰਨ ਉਤਪੰਨ ਹੋਈ ਸਿਥਤੀ ‘ਤੇ ਵਿਚਾਰ-ਵਟਾਂਦਰਾਂ ਕਰਨ ਲਈ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਦੌਰਾਨ ਕੀਤਾ।
ਭਾਈ ਗਰੇਵਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇਣ ਤੋਂ ਲੈ ਕੇ ਪੰਜਾਬ ਦੀ ਆਰਥਕਤਾ ਨੂੰ ਕਮਜ਼ੋਰ ਕਰਨ, ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੀਆਂ ਕਾਰਵਾਈਆਂ, ਸਿੱਖਾਂ ਦਾ ਯੋਜਨਾਬੱਧ ਕਤਲੇਆਮ ਅਤੇ ਅੱਜ ਫਿਰ ਪੰਜਾਬ ਦੀ ਪੁੰਗਰਦੀ ਪਨੀਰੀ ਨੂੰ ਸਿੱਖ ਇਤਿਹਾਸ ਤੋਂ ਲਾਂਭੇ ਕਰਨਾ ਕਾਂਗਰਸੀ ਏਜੰਡੇ ਅਧੀਨ ਕੀਤੀ ਕਾਰਵਾਈ ਹੈ, ਜਿਸ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਡਟਵਾ ਵਿਰੋਧ ਕਰਦੀ ਹੈ ਅਤੇ ਅਜਿਹੇ ਏਜੰਡੇ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦੇਵੇਗੀ। ਫੈਡਰੇਸ਼ਨ ਕਾਂਗਰਸ ਦੀ ਅਜਿਹੀ ਸਿੱਖ ਵਿਰੋਧੀ ਨੀਤੀ ਦਾ ਭਾਂਡਾ ਲੋਕਾਂ ਦੀ ਕਚਹਿਰੀ ‘ਚ ਭੰਨੇਗੀ ਅਤੇ ਇਕ ਲੋਕ ਲਹਿਰ ਪੈਦਾ ਕਰੇਗੀ। ਭਾਈ ਗਰੇਵਾਲ ਨੇ ਕਿਹਾ ਕਿ ਫੈਡਰੇਸ਼ਨ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਇਸ ਕਾਰਵਾਈ ਦੇ ਸੂਤਰਧਾਰ ਸਿੱਖਿਆ ਵਿਭਾਗ ਦੇ ਡੀ.ਜੀ.ਐਸ.ਸੀ. ਕ੍ਰਿਸ਼ਨ ਕੁਮਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਇਸ ਮੌਕੇ ਫੈਡਰੇਸ਼ਨ ਆਗੂ ਸ. ਕੰਵਲਜੀਤ ਸਿੰਘ ਲਾਲੀ ਮੀਰਾਂਕੋਟ, ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਸ. ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਸ. ਦਿਲਬਾਗ ਸਿੰਘ ਵਿਰਕ, ਸ. ਦਿਸ਼ਾਦੀਪ ਸਿੰਘ ਵਾਰਿਸ, ਸ. ਮਮਜੀਤ ਸਿੰਘ ਅੰਮ੍ਰਿਤਸਰ, ਸ. ਭੁਪਿੰਦਰ ਸਿੰਘ ਬਜਰੂਰ, ਸ. ਬਲਵਿੰਦਰ ਸਿੰਘ ਸੰਧੂ, ਸ. ਸਵਰਨ ਸਿੰਘ ਮਾਹਲ, ਸ. ਬਲਰਾਜ ਸਿੰਘ ਮਾਹਲ, ਸ. ਦਾਰਾ ਸਿੰਘ ਮਾਹਲ, ਸ. ਗੁਰਕਿਰਤਨ ਸਿੰਘ ਜਲਾਲਾਬਾਦ, ਸ. ਵਰਿੰਦਰਜੋਤ ਸਿੰਘ ਜੋਤੀ, ਸ. ਦਵਿੰਦਰ ਸਿੰਘ ਮਰਦਾਨਾ, ਸ. ਗੁਰਜੀਤ ਸਿੰਘ ਰੰਧਾਵਾ, ਸ. ਹਰਪ੍ਰੀਤ ਸਿੰਘ ਫਾਜ਼ਿਲਕਾ, ਸ. ਸੁਲੱਖਣ ਸਿੰਘ ਮਾਂਗਾਸਰਾਏ ਆਦਿ ਮੌਜੂਦ ਸਨ।

Leave a Reply

Your email address will not be published. Required fields are marked *