ਦੇਸ਼-ਵਿਦੇਸ਼ਪੰਜਾਬ

ਜੀ.ਐਸ.ਟੀ ਮਾਮਲਾ : ਹਰਸਿਮਰਤ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਚੰਡੀਗੜ੍ਹ3 ਮਈ (ਮਧੂਸਾਰ ਬਿਊਰ) ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਗੁਰਦੁਆਰਿਆਂ ਵਿਚ ਛਕਾਏ ਜਾਂਦੇ ਲੰਗਰ ਤੋਂ ਜੀਐਸਟੀ ਹਟਾਉਣ ਦੀ ਲੋੜ ਤੋਂ ਜਾਣੂ ਕਰਵਾਇਆ ਹੈ। ਉਹਨਾਂ ਕਿਹਾ ਕਿ ਇਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਅਤੇ ਇਸ ਮਸਲੇ ਨੂੰ ਬਿਨਾਂ ਦੇਰੀ ਕੀਤੇ ਹੱਲ ਕੀਤਾ ਜਾਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਨੇ ਇਸ ਮੁੱਦੇ ਬਾਰੇ ਪ੍ਰਧਾਨ ਮੰਤਰੀ ਨੂੰ ਕੱਲ੍ਹ ਜਾਣੂ ਕਰਵਾਇਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਨੁੰਮਾਇੰਦਗੀ ਕਰ ਰਹੇ ਕੇਂਦਰੀ ਮੰਤਰੀ ਵਜੋਂ ਸਰਕਾਰ ਨੂੰ ਇਹ ਦੱਸਣਾ ਉਹਨਾਂ ਦਾ ਫਰਜ਼ ਸੀ ਕਿ ਲੰਗਰ ਉੱਤੇ ਜੀਐਸਟੀ ਹਟਾਏ ਜਾਣ ਦੇ ਮਾਮਲੇ ਵਿਚ ਹੋ ਰਹੀ ਦੇਰੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਸੱਟ ਵੱਜੀ ਹੈ। ਉਹਨਾਂ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਸਿੱਖਾਂ ਲਈ ਇਹ ਮਸਲਾ ਬਹੁਤ ਹੀ ਅਹਿਮ ਹੈ ਅਤੇ ਇਸ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨਮੰਤਰੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਢੁੱਕਵੇਂ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਆਸਵੰਦ ਹਨ ਕਿ ਇਸ ਦਾ ਜਲਦੀ ਹੱਲ ਨਿਕਲ ਆਵੇਗਾ।
ਬੀਬੀ ਬਾਦਲ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਹਨਾਂ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਕਿ ਉਹ ਵਾਰ ਵਾਰ ਇਸ ਮਸਲੇ ਨੂੰ ਉਹਨਾਂ ਦੇ ਧਿਆਨ ਵਿਚ ਲਿਆਂਉਂਦੇ ਰਹੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਇਸ ਛੋਟ ਦੀ ਦੁਰਵਰਤੋਂ ਵਿਰੁੱਧ ਮਾਲੀਆ ਵਿਭਾਗ ਦੇ ਤੌਂਖਲਿਆਂ ਨੂੰ ਹੱਲ ਕਰਨ ਦਾ ਤਰੀਕਾ ਵੀ ਦੱਸਿਆ ਸੀ।
ਇਸ ਮੁੱਦੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਲੰਗਰ ਦੀ ਰਸਦ ਜਿਵੇਂ ਦੇਸੀ ਘਿਓ, ਸੁੱਕਾ ਦੁੱਧ, ਤੇਲ, ਚੀਨੀ, ਡੂਨੇ, ਪੱਤਲ ਅਤੇ ਗੈਸ ਸਿਲੰਡਰਾਂ ਉੱਤੇ 18 ਫੀਸਦੀ ਤਕ ਦਾ ਜੀਐਸਟੀ ਲੱਗਦਾ ਹੈ। ਸ੍ਰੀ ਹਰਿਮੰਦਰ ਸਾਹਿਬ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਇੱਥੇ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਚੱਲਦੀ ਹੈ, ਜਿੱਥੇ ਸਾਰਾ ਸਾਲ ਲੱਖਾਂ ਸ਼ਰਧਾਲੂਆਂ ਨੂੰ ਮੁਫਤ ਭੋਜਨ ਛਕਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਲੰਗਰ ਵਾਸਤੇ ਸ਼ਰਧਾਲੂਆਂ ਵੱਲੋਂ ਦਾਨ ਕੀਤਾ ਜਾਂਦਾ ਹੈ ਅਤੇ ਇਸ ਲੰਗਰ ਦਾ ਪ੍ਰਬੰਧ ਚਲਾਉਣ ਵਾਲੀ ਸ਼੍ਰੋਮਣੀ ਕਮੇਟੀ ਉਤੇ ਇਸ ਨੇਕ ਕਾਰਜ ਵਾਸਤੇ ਜੀਐਸਟੀ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਬੀਬੀ ਬਾਦਲ ਨੇ 26 ਅਪ੍ਰੈਲ ਨੂੰ ਪ੍ਰਧਾਨਮੰਤਰੀ ਨੂੰ ਇਸ ਮੁੱਦੇ ਬਾਰੇ ਇੱਕ ਚਿੱਠੀ ਲਿਖੀ ਸੀ ਅਤੇ 1481 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੁ ਕੀਤੀ ਲੰਗਰ ਦੀ ਪ੍ਰਥਾ ਤੋਂ ਜਾਣੂ ਕਰਵਾਇਆ ਸੀ, ਜਿਸ ਦਾ ਉੁਦੇਸ਼ ਸਮਾਜ ਵਿਚ ਧਰਮ, ਜਾਤ, ਰੰਗ, ਨਸਲ, ਉਮਰ, ਲਿੰਗ ਅਤੇ ਸਮਾਜਿਕ ਰੁਤਬੇ ਦੇ ਵਖਰੇਂਵਿਆਂ ਨੂੰ ਖਤਮ ਕਰਕੇ ਸਮਾਜਕ ਬਰਾਬਰੀ ਪੈਦਾ ਕਰਨਾ ਸੀ। ਉਹਨਾਂ ਕਿਹਾ ਲੰਗਰ ਸਾਰੀ ਮਨੁੱਖਤਾ ਨੂੰ ਇੱਕ ਲੜੀ ਵਿਚ ਪਰੋਣ ਦੀ ਸਭ ਤੋਂ ਵਧੀਆ ਮਿਸਾਲ ਹੈ।

Leave a Reply

Your email address will not be published. Required fields are marked *