ਟੀ.ਬੀ. ਹਸਪਤਾਲ ‘ਚ ਡਾਕਟਰ ਨੂੰ ਵੱਜੇ ਥੱਪੜ ਦੀ ਗੂੰਜ ਸਿਹਤ ਮੰਤਰੀ ਦੀ ਕੋਠੀ ਪੁੱਜੀ
ਟੀ.ਬੀ. ਹਸਪਤਾਲ ‘ਚ ਡਾਕਟਰ ਨੂੰ ਵੱਜੇ ਥੱਪੜ ਦੀ ਗੂੰਜ ਸਿਹਤ ਮੰਤਰੀ ਦੀ ਕੋਠੀ ਪੁੱਜੀ
ਪਟਿਆਲਾ 4 ਮਈ (ਮਧੂਸਾਰ ਬਿਊਰੋ) ਟੀ.ਬੀ. ਹਸਪਤਾਲ ‘ਚ ਸੀਨੀਅਰ ਡਾਕਟਰ ਨੂੰ ਇਕ ਔਰਤ ਵੱਲੋਂ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਦੇ ਥੱਪੜ ਵੱਜਣ ਦਾ ਖੜਾਕ ਜਿਥੇ ਟੀ.ਬੀ. ਹਸਪਤਾਲ ਵਿਖੇ ਹੋਇਆ, ਉਥੇ ਥੱਪੜ ਦੀ ਗੂੰਜ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਤੱਕ ਵੀ ਪੁੱਜ ਗਈ ਹੈ।
ਇਸ ਸਬੰਧ ‘ਚ ਜਦੋਂ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਈ ਦਿਨਾਂ ਤੋਂ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਕੋਲ ਇਕ ਔਰਤ ਇਲਾਜ ਲਈ ਆਉਂਦੀ ਸੀ, ਅੱਜ ਜਦੋਂ ਔਰਤ ਆਪਣੀ ਬੇਟੀ ਨਾਲ ਡਾਕਟਰ ਕੋਲ ਪੁੱਜੀ ਤਾਂ ਔਰਤ ਦੀ ਬੇਟੀ ਨੇ ਡਾਕਟਰ ਨੂੰ ਇਹ ਕਹਿਕੇ ਥੱਪੜ ਜੜ ਦਿੱਤਾ ਕਿ ਡਾਕਟਰ ਸਾਹਿਬ ਉਮਰ ਦਾ ਖਿਆਲ ਰੱਖੋ ਇਹ ਉਮਰ ਅਸ਼ਲੀਲ ਹਰਕਤਾਂ ਕਰਨ ਦੀ ਨਹੀਂ ਹੈ? ਇਹ ਵੀ ਪਤਾ ਲੱਗਾ ਕਿਸੇ ਅਣਪਛਾਤੇ ਵਿਅਕਤੀ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਹੈ, ਪਰ ਜਦੋਂ ਹਸਪਤਾਲ ‘ਚ ਮਾਮਲੇ ਨੂੰ ਲੈ ਕਿ ਹੰਗਾਮਾ ਹੋਇਆ ਤਾਂ ਔਰਤ ਆਪਣੀ ਬੇਟੀ ਨੂੰ ਲੈ ਕੇ ਉਥੋਂ ਗਾਇਬ ਹੋ ਚੁੱਕੀ ਸੀ।
ਹਸਪਤਾਲ ‘ਚ ਆਪਣਾ ਨਾਂ ਗੁਪਤ ਰੱਖਦਿਆਂ ਹਸਪਤਾਲ ਦੇ ਹੀ ਡਾਕਟਰਾਂ ਨੇ ਕਿਹਾ ਕਿ ਸੀਨੀਅਰ ਡਾਕਟਰ ਪਹਿਲੋਂ ਵੀ ਅਸ਼ਲੀਲ ਹਰਕਤਾਂ ਨੂੰ ਲੈ ਕੇ ਵਿਵਾਦਾਂ ‘ਚ ਆ ਚੁੱਕੇ ਹਨ, ਪਰ ਉਨ੍ਹਾਂ ਨੇ ਮਰੀਜ਼ਾਂ ਪ੍ਰਤੀ ਕਦੇ ਵਤੀਰਾ ਨਹੀਂ ਬਦਲਿਆ। ਇਸ ਸਬੰਧੀ ਜਦੋਂ ਡਾਕਟਰ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਔਰਤ ਵੱਲੋਂ ਮੇਰੇ ਨਾਲ ਬਦਤਮੀਜੀ ਕੀਤੀ ਗਈ ਹੈ, ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਹਸਪਤਾਲ ‘ਚ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਟੀ.ਬੀ. ਹਸਪਤਾਲ ਦਾ ਜ਼ਿਆਦਾਤਰ ਸਟਾਫ ਸੀਨੀਅਰ ਡਾਕਟਰ ਦੇ ਰਵੱਈਏ ਤੋਂ ਬੇਹੱਦ ਪ੍ਰੇਸ਼ਾਨ ਹੈ ਅਤੇ ਜ਼ਿਆਦਾਤਰ ਸਟਾਫ ਸੀਨੀਅਰ ਡਾਕਟਰ ਨੂੰ ਬਰਦਾਸ਼ਤ ਨਹੀਂ ਕਰਦਾ।
ਹਸਪਤਾਲ ‘ਚ ਹਾਜ਼ਰ ਸਟਾਫ ਨੇ ਵੀ ਇਹ ਵੀ ਕਿਹਾ ਕਿ ਕਈ ਦਿਨਾਂ ਤੋਂ ਮਰੀਜ਼ ਔਰਤ ਡਾਕਟਰ ਕੋਲ ਇਲਾਜ ਲਈ ਆ ਰਹੀ ਸੀ, ਅੱਜ ਕਿਸ ਗੱਲ ਨੂੰ ਲੈ ਕੇ ਰੌਲਾ ਰੱਪਾ ਪਿਆ ਹੈ, ਇਸ ਸਬੰਧੀ ਉਹ ਕੁਝ ਨਹੀਂ ਕਹਿਣਾ ਚਾਹੁੰਦੇ।
ਜਾਣਕਾਰੀ ਅਨੁਸਾਰ ਟੀ.ਬੀ. ਹਸਪਤਾਲ ‘ਚ ਸੀਨੀਅਰ ਡਾਕਟਰ ਨਾਲ ਜੋ ਕੁਝ ਵਾਪਰਿਆ ਸਾਰਾ ਮਾਮਲਾ ਸਿਹਤ ਮੰਤਰੀ ਦੇ ਦਰਬਾਰ ‘ਚ ਪਹੁੰਚ ਚੁੱਕਾ ਹੈ। ਜੇ ਮਾਮਲੇ ‘ਚ ਜ਼ਰਾ ਵੀ ਸੱਚਾਈ ਹੋਈ ਤਾਂ ਸੀਨੀਅਰ ਡਾਕਟਰ ਨੂੰ ਨੌਕਰੀ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ।

