ਸ਼ਾਹਕੋਟ ਚੋਣ : ਕਾਂਗਰਸ ਵੱਲੋਂ ਅਕਾਲੀ ਦਲ ਨੂੰ ਝਟਕਾ, ਤੁਰਨਾ ਸਾਥੀਆਂ ਸਣੇ ਕਾਂਗਰਸ ‘ਚ ਸ਼ਾਮਲ
ਚੰਡੀਗੜ੍ਹ, 7 ਮਈ (ਮਧੂਸਾਰ ਬਿਊਰੋ) ਸ਼ਾਹਕੋਟ ਉਪ-ਚੋਣ ਤੋਂ ਪਹਿਲਾਂ ਕਾਂਗਰਸ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਇਸ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ‘ਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਤੁਰਨਾ ਅਤੇ ਸਾਬਕਾ ਪ੍ਰਧਾਨ ਐਨ ਆਰ ਆਈ ਸਭਾ ਪੰਜਾਬ ਜਸਬੀਰ ਸਿੰਘ ਗਿੱਲ ਦੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਿਚ ਉਨ੍ਹਾਂ ਦੇ ਦਾਖਲੇ ਨਾਲ ਸ਼ਾਹਕੋਟ ਦੀ ਆਉਂਦੀ ਉਪ-ਚੋਣ ਦੌਰਾਨ ਪਾਰਟੀ ਕਾਡਰ ਨੂੰ ਹੋਰ ਊਰਜਾ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉੱਚ ਅਕਾਲੀ ਲੀਡਰਸ਼ਿਪ ਦੇ ਉਦਾਸੀਨ ਵਤੀਰੇ ਅਤੇ ਕੰਮ ਕਰਨ ਦੇ ਤਾਨਾਸ਼ਾਹੀ ਢੰਗ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਵਰਕਰ ਆਪਣੇ ਆਪ ਨੂੰ ਘੁਟੇ-ਘੁਟੇ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਕਾਦੀਆਂ ਦੇ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਵੀ ਹਾਜ਼ਰ ਸਨ। ਸ੍ਰੀਮਤੀ ਭੱਠਲ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਤੋਂ ਵੱਧ ਰਹੀ ਅਲਹਿਦਗੀ ਕਾਰਨ ਅਕਾਲੀ ਆਗੂਆਂ ਵਿਚ ਕਾਂਗਰਸ ‘ਚ ਸ਼ਾਮਲ ਹੋਣ ਦੀ ਦੌੜ ਲਗੀ ਹੋਈ ਹੈ।

