ਪੰਜਾਬ

ਪੰਜਾਬ ਬੋਰਡ ਦੀ ਵਿਵਾਦਤ ਪੁਸਤਕ ‘ਤੇ ਰੋਕ ਸਿੱਖ ਕੌਮ ਅਤੇ ਪੰਜਾਬੀਆਂ ਦੀ ਜਿੱਤ : ਭਾਈ ਲੌਂਗੋਵਾਲ

ਸਰਕਾਰ ਦਾ ਪੱਤਰ ਮਿਲਣ ‘ਤੇ ਸ਼੍ਰੋਮਣੀ ਕਮੇਟੀ ਦੇਵੇਗੀ ਦੋ ਵਿਦਵਾਨ
ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵੱਲੋਂ ਬਾਰ੍ਹਵੀਂ ਦੇ ਸਿਲੇਬਸ ਅਤੇ ਪਾਠਕ੍ਰਮ ਦੀ ਪੁਸਤਕ ‘ਤੇ ਰੋਕ ਲਗਾਉਣ ਨੂੰ ਸਿੱਖ ਕੌਮ ਅਤੇ ਪੰਜਾਬੀਆਂ ਦੀ ਜਿੱਤ ਕਰਾਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਸਮੁੱਚੇ ਸਿੱਖ ਪੰਥ ਦੀ ਮੰਗ ਸੀ ਕਿ ਇਹ ਵਿਵਾਦਤ ਪੁਸਤਕ ਵਾਪਸ ਲਈ ਜਾਵੇ, ਕਿਉਂਕਿ ਇਸ ਵਿਚ ਸਿੱਖ ਕੌਮ ਅਤੇ ਪੰਜਾਬ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰ ਕੇ ਸਿੱਖ ਪੰਥ ਅਤੇ ਪੰਜਾਬੀਆਂ ਨਾਲ ਥ੍ਰੋਹ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੜੀ ਠੀਕ ਨਹੀਂ ਸੀ ਅਤੇ ਉਸ ਨੂੰ ਕਿਤਾਬ ਵਾਪਸ ਲੈਣ ਵਿਚ ਏਨੀ ਦੇਰ ਨਹੀਂ ਸੀ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਚਲੋ ਦੇਰ ਨਾਲ ਹੀ ਸਹੀ ਪਰ ਸਰਕਾਰ ਦੇ ਰੋਕ ਲਗਾਉਣ ਨਾਲ ਇਹ ਸਿੱਧ ਹੋ ਗਿਆ ਹੈ ਕਿ ਉਸ ਪਾਸੋਂ ਭਾਰੀ ਭੁੱਲ ਹੋਈ ਸੀ। ਭਾਈ ਲੌਂਗੋਵਾਲ ਨੇ ਸਰਕਾਰ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਚੰਡੀਗੜ੍ਹ ਦੀ ਅਗਾਵਈ ਵਿਚ ਬਣਾਈ ਗਈ ਕਮੇਟੀ ਦਾ ਸ਼੍ਰੋਮਣੀ ਕਮੇਟੀ ਸਵਾਗਤ ਕਰਦੀ ਹੈ ਅਤੇ ਸਰਕਾਰ ਵੱਲੋਂ ਪੱਤਰ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਦੋ ਮੈਂਬਰ ਦੇ ਦਿੱਤੇ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਸਿੱਖ ਕੌਮ ਅਤੇ ਪੰਜਾਬੀਆਂ ਦਾ ਮਸਲਾ ਸੀ, ਜਿਸ ਦਾ ਕੌਮ ਵੱਲੋਂ ਡਟਵਾਂ ਵਿਰੋਧ ਕਰ ਕੇ ਕੌਮੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਸਮੁੱਚੇ ਖਾਲਸਾ ਪੰਥ ਅਤੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਾਮਲੇ ਤੇ ਪੰਥਕ ਧਿਰਾਂ, ਸ਼੍ਰੋਮਣੀ ਅਕਾਲੀ ਦਲ, ਸਿੱਖ ਬੁਧੀਜੀਵੀਆਂ ਅਤੇ ਸੰਗਤਾਂ ਦੇ ਸੁਹਿਰਦ ਯਤਨਾ ਨਾਲ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਸੰਸਥਾ ਹੁੰਦਿਆਂ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਰਹੇਗੀ।

Leave a Reply

Your email address will not be published. Required fields are marked *