ਬਿਜਲੀ ਠੇਕੇਦਾਰ ਮਜ਼ਦੂਰ ਯੂਨੀਅਨ ਨੇ ਪਾਵਰਕਾਮ ਦਾ ਮੁੱਖ ਦਫ਼ਤਰ ਘੇਰ ਕੀਤੀ ਨਾਅਰੇਬਾਜੀ
ਬਿਜਲੀ ਠੇਕੇਦਾਰਾਂ ਖਿਲਾਫ਼ ਧੱਕੇਸ਼ਾਹੀ ਨਾ ਰੁਕੀ ਤਾਂ ਸੋਮਵਾਰ ਤੋਂ ਬੈਠਣਗੇ ਭੁੱਖ ਹੜ੍ਹਤਾਲ ‘ਤੇ : ਕੜੈਲ
ਪਟਿਆਲਾ, 9 ਮਈ (ਮਧੂਸਾਰ ਬਿਊਰੋ) ਪਿਛਲੇ ਦਿਨੀਂ ਪਾਵਰਕਾਮ ਵਲੋਂ ਆਉਟ-ਸੋਰਸਿੰਗ ਕੰਮਾਂ ਦੇ ਟੈਂਡਰਾਂ ਵਿਚ ਸ਼ਰਤਾਂ ਬਦਲ ਕੇ ਨਵੇਂ ਤਰੀਕੇ ਨਾਲ ਟੈਂਡਰਾਂ ਦੀ ਕਾਲ ਕੀਤੀ ਗਈ ਸੀ, ਜਿਸ ਨਾਲ 80 ਪ੍ਰਤੀਸ਼ਤ ਦੇ ਕਰੀਬ ਠੇਕੇਦਾਰ ਇਸ ਟੈਂਡਰ ਨੂੰ ਭਰਨ ਤੋਂ ਵਾਂਝੇ ਰਹਿ ਗਏ ਸਨ। ਇਹ ਉਹ ਠੇਕੇਦਾਰ ਸਨ ਜਿਹੜੇ ਪਿਛਲੇ ਤਕਰੀਬਨ 10 ਕੁ ਸਾਲਾਂ ਤੋਂ ਕੰਮ ਕਰਦੇ ਆ ਰਹੇ ਸਨ। ਬਦਲੀਆਂ ਗਈਆਂ ਸ਼ਰਤਾਂ ਕਾਰਨ ਅੱਜ ਬਿਜਲੀ ਠੇਕੇਦਾਰ ਯੂਨੀਅਨ ਅਤੇ ਡਕੌਂਦਾ ਨੇ ਸਾਂਝੇ ਤੌਰ ‘ਤੇ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪਾਵਰਕਾਮ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਠੇਕੇਦਾਰਾਂ ਵਲੋਂ ਦਿੱਤੇ ਗਏ ਰੋਸ ਧਰਨੇ ਦੀ ਅਗਵਾਈ ਕਰਦਿਆਂ ਠੇਕੇਦਾਰ ਨਿਰਮਲ ਸਿੰਘ ਕੜੈਲ ਨੇ ਕਿਹਾ ਕਿ ਠੇਕੇਦਾਰਾਂ ਵਲੋਂ ਆਪਣੀਆਂ ਜ਼ਮੀਨ ਗਹਿਣੇ ਰੱਖ ਕੇ ਕੰਮ ਕਰਨ ਲਈ ਲੱਖਾਂ ਰੁਪਏ ਦੇ ਸੰਧ ਖਰੀਦੇ ਗਏ ਸਨ। ਉਹਨਾਂ ਕਿਹਾ ਕਿ ਠੇਕੇਦਾਰਾਂ ਵਲੋਂ ਕੀਤੇ ਗਏ ਕੰਮਾਂ ਦੀਆਂ ਪੁਰਾਣੀਆਂ ਅਦਾਇਗੀਆਂ ਵੀ ਹੁਣ ਤੱਕ ਨਾ ਕੀਤੇ ਜਾਣ ਕਾਰਨ ਬਹੁਤ ਸਾਰੇ ਠੇਕੇਦਾਰ ਪਹਿਲਾਂ ਹੀ ਵਿੱਤੀ ਹਾਲਤ ਖਰਾਬ ਹੋਣ ਕਾਰਨ ਬਹੁਤ ਦੁਖੀ ਹਨ ਤੇ ਉਪਰੋਂ ਪਾਵਰਕਾਮ ਵਲੋਂ ਟੈਂਡਰਾਂ ਵਿਚ ਨਵੀਆਂ ਸ਼ਰਤਾਂ ਲਾਗੂ ਕਰਕੇ ਉਹਨਾਂ ਦੀ ਰੋਜ਼ੀ ਰੋਟੀ ‘ਤੇ ਲੱਤ ਮਾਰੀ ਗਈ ਹੈ ਜਿਸਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਿਜਲੀ ਨਿਗਮ ਵਲੋਂ ਲਗਾਏ ਗਏ ਆਉਟ-ਸੋਰਸਿੰਗ ਕੰਮਾਂ ਦੇ ਟੈਂਡਰ ਵਿਚ ਵੱਡੇ ਪੱਧਰ ‘ਤੇ ਘਪਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਿਜਲੀ ਨਿਗਮ ਵਲੋਂ ਗੰਢਤੁੱਪ ਕਰਕੇ 80 ਪ੍ਰਤੀਸ਼ਤ ਠੇਕੇਦਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਉਨ੍ਹਾਂ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਗਏ ਹਨ ਜਿਹੜੇ ਕਿ ਬਾਅਦ ਵਿਚ ਕੰਮ ਅਨੁਸਾਰ ਬਣਦਾ ਕਮਿਸ਼ਨ ਉਹਨਾਂ ਨੂੰ ਪੂਰਾ ਸਾਲ ਦਿੰਦੇ ਰਹਿਣਗੇ। ਬਿਜਲੀ ਠੇਕੇਦਾਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪਾਵਰਕਾਮ ਵਲੋਂ ਕਾਲ ਕੀਤੇ ਟੈਂਡਰਾਂ ਨੂੰ ਜਿਥੇ ਇਹ ਟੈਂਡਰ 3200 ਪ੍ਰੀਮੀਅਮ ਤੱਕ ਕੰਮ ਕਰਨ ਨੂੰ ਤਿਆਰ ਹਨ ਪਰ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਮਿਲੀਭੁਗਤ ਕਾਰਨ ਇਹ ਟੈਂਡਰ 3200 ਪ੍ਰੀਮੀਅਮ ਵਾਲੇ ਦੀ ਥਾਂ 4444 ਵਾਲਿਆਂ ਨੂੰ ਦੇ ਦਿੱਤੇ ਗਏ ਹਨ, ਜਿਸ ਨਾਲ ਸਿੱਧੇ ਤੌਰ ‘ਤੇ ਪਾਵਰਕਾਮ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗੇਗਾ। ਕੁੱਝ ਚੋਣਵੇਂ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਗਏ ਹਨ ਅਤੇ ਟੈਂਡਰ ਦੇਣ ਲਈ ਜੋ ਸ਼ਰਤਾਂ ਰੱਖੀਆਂ ਗਈਆਂ ਹਨ ਉਹਨਾਂ ਵਿਚ ਇਕ ਸਾਲ ਵਿਚ 50 ਲੱਖ ਤੋਂ ਘੱਟ ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਟੈਂਡਰ ਤੋਂ ਬਾਹਰ ਰੱਖਿਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਬਿਜਲੀ ਨਿਗਮ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਠੇਕੇਦਾਰਾਂ ਦਾ ਰੋਜ਼ਗਾਰ ਖਤਮ ਹੋਣ ਕੰਢੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ 80 ਫੀਸਦੀ ਠੇਕੇਦਾਰ ਅਤੇ ਉਹਨਾਂ ਨਾਲ ਲੇਬਰ ਦਾ ਕੰਮ ਕਰਨ ਵਾਲੇ ਬੇਰੋਜ਼ਗਾਰ ਹੋ ਗਏ ਹਨ। ਪਿਛਲੇ ਦਿਨੀਂ 30 ਅਪ੍ਰੈਲ ਨੂੰ ਠੇਕੇਦਾਰ ਕਿਸਾਨ ਯੂਨੀਅਨ ਡਕੌਂਦਾ ਅਤੇ ਲੱਖੋਵਾਲ ਦੇ ਆਗੂਆਂ ਨੇ ਡਾਇਰੈਕਟਰ (ਵੰਡ) ਨੂੰ ਟੈਂਡਰਾਂ ਵਿਚ ਹੋ ਰਹੀ ਘਪਲੇਬਾਜੀ ਸਬੰਧੀ ਮੰਗ ਪੱਤਰ ਵੀ ਦਿੱਤਾ ਸੀ ਪਰ ਹੁਣ ਤੱਕ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਇਸ ਪਾਸੇ ਭੋਰਾ ਵੀ ਧਿਆਨ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਲੋਂ 2010 ਤੋਂ ਸ਼ੁਰੂ ਕੀਤੀ ਗਈ ਟੈਂਡਰਿੰਗ ਦੇ ਨਿਯਮਾਂ ਨੂੰ ਹੀ ਲਾਗੂ ਕੀਤਾ ਜਾਵੇ। ਉਹਨਾਂ ਇਸ ਮੌਕੇ ਕਿਹਾ ਕਿ ਜੇਕਰ ਕਿਸੇ ਠੇਕੇਦਾਰ ਵਲੋਂ ਕਿਸੇ ਕਿਸਮ ਦੀ ਗਲਤੀ ਕੀਤੀ ਹੋਵੇ ਤਾਂ ਉਸ ‘ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਪਰ ਸਾਰੇ ਠੇਕੇਦਾਰਾਂ ਨੂੰ ਟੈਂਡਰ ਰੀ-ਕਾਲ ਕਰਕੇ ਦਿੱਤੇ ਜਾਣ ਤਾਂ ਜੋ ਉਹਨਾਂ ਦੁਆਰਾ ਲਿਆ ਗਿਆ ਲੱਖਾਂ ਦਾ ਸਮਾਨ ਕਬਾੜ ਨਾ ਹੋ ਸਕੇ। ਠੇਕੇਦਾਰਾਂ ਨੇ ਜਥੇਬੰਦੀ ਨਾਲ ਮਿਲ ਕੇ ਮੰਗ ਕੀਤੀ ਕਿ ਜੇਕਰ ਬਿਜਲੀ ਬੋਰਡ ਵਲੋਂ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਕੜੈਲ ਨੇ ਦੱਸਿਆ ਕਿ ਡਾਇਰੈਕਟਰ ਡਿਸਟ੍ਰੀਬਿਊਸ਼ਨ ਨੇ ਭਰੋਸਾ ਦੁਆਇਆ ਕਿ ਜੇਕਰ ਇਨ੍ਹਾਂ ਟੈਂਡਰਾ ਵਿਚ ਥੋੜੀ ਜਿਹੀ ਵੀ ਕੁਤਾਹੀ ਵਰਤੀ ਗਈ ਹੈ ਤਾਂ ਉਹਨਾਂ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਨਵੇਂ ਸਿਰੇ ਤੋਂ ਮੁੜ ਟੈਂਡਰਾਂ ਦੀ ਕਾਲ ਕੀਤੀ ਜਾਵੇਗੀ। ਇਸ ਮੌਕੇ ਨਿਰਮਲ ਸਿੰਘ ਕੜੈਲ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਅਤੇ ਸਾਡੇ ਨਾਲ ਲਗਾਤਾਰ ਲਾਰੇਬਾਜੀ ਕੀਤੀ ਗਈ ਤਾਂ ਅਸੀਂ ਪਰਿਵਾਰ ਸਮੇਤ ਸੋਮਵਾਰ ਤੋਂ ਭੁੱਖ ਹੜ੍ਹਤਾਲ ‘ਤੇ ਬੈਠ ਜਾਵਾਂਗੇ ਤੇ ਜੇਕਰ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੋਈ ਅਣਸੁਖਾਵੀਂ ਘਟਨਾਂ ਘਟਦੀ ਹੈ ਤਾਂ ਇਸਦੀ ਜਿੰਮੇਵਾਰੀ ਪਾਵਰਕਾਮ ਦੀ ਹੋਵੇਗੀ। ਇਸ ਮੌਕੇ ਡਕੌਂਦਾ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ ਨੇ ਕਿਹਾ ਕਿ ਜੇਕਰ ਠੇਕੇਦਾਰਾਂ ਨਾਲ ਧੱਕੇਸ਼ਾਹੀ ਨਾ ਰੋਕੀ ਗਈ ਤਾਂ ਸਾਡੀ ਯੂਨੀਅਨ ਵਲੋਂ ਠੇਕੇਦਾਰਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ ਤੇ ਸੋਮਵਾਰ ਤੋਂ ਇਨ੍ਹਾਂ ਦੇ ਨਾਲ ਹੀ ਭੁੱਖ ਹੜ੍ਹਤਾਲ ‘ਤੇ ਬੈਠੇ ਸਾਡੇ ਵਲੋਂ ਵੀ ਬੈਠਿਆ ਜਾਵੇਗਾ। ਇਸ ਮੌਕੇ ਬਿਜਲੀ ਠੇਕੇਦਾਰ ਯੂਨੀਅਨ ਦੇ ਆਗੂਆਂ ਵਿਚ ਗੁਰਨਾਮ ਸਿੰਘ ਸੇਖੋਂ, ਕੇਤਨ, ਮਾਨ ਸਿੰਘ ਬੋਪਾਰਾਏ, ਸੋਢੀ, ਧੰਨਦੀਪ, ਹਰਜਿੰਦਰ ਸਿੰਘ, ਵਿਕਾਸ ਗੋਇਲ, ਸਤੀਸ਼ ਸਮਾਣਾ, ਹਰਪ੍ਰੀਤ ਧਨ ਧਨੋਆ, ਜਗਤਾਰ ਸਿੰਘ, ਜਸਪਾਲ ਤੋਂ ਇਲਾਵਾ ਡਕੌਂਦਾ ਕਿਸਾਨ ਯੂਨੀਅਨ ਦੇ ਆਗੂਆਂ ਵਿਚ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ, ਜ਼ਿਲਾ ਪ੍ਰਧਾਨ ਜੰਗ ਸਿੰਘ ਭਟੇੜੀ, ਜ਼ਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ, ਜਿਲਾ ਸੈਕਟਰੀ ਸੁੱਚਾ ਸਿੰਘ, ਸੁਖਵਿੰਦਰ ਸਿੰਘ ਤੁੱਲੇਵਾਲ, ਹਰਭਜਨ ਸਿੰਘ ਚੱਠਾ, ਨਿਸ਼ਾਨ ਸਿੰਘ, ਨਿਰਮਲ ਸਿੰਘ ਲਚਕਾਣੀ ਆਦਿ ਮੌਜੂਦ ਸਨ। ਕੈਪਸ਼ਨ :
ਬਿਜਲੀ ਠੇਕੇਦਾਰ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਕੈੜਲ ਦੀ ਅਗਵਾਈ ਹੇਠ ਬਿਜਲੀ ਠੇਕੇਦਾਰ ਤੇ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਬਾਹਰ ਰੋਸ ਵਜੋਂ ਨਾਅਰੇਬਾਜੀ ਕਰਕੇ ਕੁੰਭਕਰਨੀ ਸੁੱਤੀ ਪਈ ਪਾਵਰਕਾਮ ਮੈਨੇਜਮੈਂਟ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹੋਏ।

