ਸਿੱਖਿਆ ਨਾਲ ਹੀ ਲੋਕਾਂ ਨੂੰ ਸਮਾਜਿਕ ਸਮੱਸਿਆਵਾਂ ਤੋਂ ਛੁੱਟਕਾਰਾ ਮਿਲ ਸਕਦਾ ਹੈ: ਅਵਿਨਾਸ਼ ਰਾਏ ਖੰਨਾ
ਪਟਿਆਲਾ,17 ਮਈ (ਮਧੂਸਾਰ ਬਿਊਰੋ) ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਰਿਆਤ-ਬਾਹਰਾ, ਪਟਿਆਲਾ ਕੈਂਪਸ ਨੂੰ ਨੇੜਲੇ ਕੁਝ ਪਿੰਡਾਂ ਨੂੰ ਅਪਣਾਉਣ ਲਈ ਅਪੀਲ ਕੀਤੀ, ਜਿੱਥੇ ਕੈਂਪਸ ਦਾ ਸਟਾਫ ਅਤੇ ਵਿਦਿਆਰਥੀ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਕਾਨੂੰਨ, ਸਿਹਤ ਅਤੇ ਡਰੱਗਜ਼ ਦੀ ਦੁਰਵਰਤੋਂ ਸਬੰਧੀ ਸਿੱਖਿਅਤ ਕਰਨਗੇ।
ਇਸ ਮੰਤਵ ਦੀ ਪੂਰਤੀ ਲਈ ਰਿਆਤ-ਬਾਹਰਾ, ਪਟਿਆਲਾ ਕੈਂਪਸ ਵਿਖੇ ਪਹੁੰਚੇ ਸ਼੍ਰੀ ਅਵਿਨਾਸ਼ ਰਾਏ ਖੰਨਾ ਦਾ ਕੈਂਪਸ ਡਾਇਰੈਕਟਰ ਡਾ. ਪਿਯੂਸ਼ ਵਰਮਾ ਨੇ ਭਰਵਾਂ ਸੁਆਗਤ ਕੀਤਾ ਅਤੇ ਉਨ੍ਹਾਂ ਕੈਂਪਸ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਸਮਾਜਿਕ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ।
ਇਸ ਮੌਕੇ ਸ਼੍ਰੀ ਖੰਨਾ ਨੇ ਡਾਇਰੈਕਟਰ / ਪ੍ਰਿੰਸੀਪਲ ਅਤੇ ਸਾਰੇ ਕਾਲਜਾਂ ਦੇ ਵਿਭਾਗਾਂ ਦੇ ਮੁਖੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਨਿਪੁੰਨ ਬਣਾਉਣ ਲਈ ਸਲਾਹ ਦਿੱਤੀ। ਉਨ੍ਹਾਂ ਪਾਣੀ ਦੀ ਸੰਭਾਲ, ਬਿਜਲੀ ਅਤੇ ਵਾਤਾਵਰਣ ਵੱਲ ਵੀ ਧਿਆਨ ਦੇਣ ਲਈ ਕਿਹਾ ਅਤੇ ਅਨਪੜ੍ਹ ਲੋਕਾਂ ਨੂੰ ਬੁਨਿਆਦੀ ਕਾਨੂੰਨ ਦਾ ਗਿਆਨ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸਿੱਖਿਆ ਨਾਲ ਹੀ ਲੋਕਾਂ ਨੂੰ ਸਮਾਜਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਸ ਦੌਰਾਨ ਉਨ੍ਹਾਂ ਰਿਆਤ-ਬਾਹਰਾ, ਅੰਤਰਰਾਸ਼ਟਰੀ ਸਕੂਲ ਦਾ ਵੀ ਦੌਰਾ ਕੀਤਾ ,ਜਿੱਥੇ ਪ੍ਰੀ-ਨਰਸਰੀ ਅਤੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪ੍ਰਿੰਸੀਪਲ ਸਿਮਰਿਤ ਖੱਤਰਾ ਅਤੇ ਵਾਈਸ ਪ੍ਰਿੰਸੀਪਲ ਰਜਨੀ ਸ਼ਰਮਾ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਉਨ੍ਹਾਂ ਰਿਆਤ-ਬਾਹਰਾ ਇੰਟਰਨੈਸ਼ਨਲ ਸਕੂਲ ਦੁਆਰਾ ਆਯੋਜਿਤ ਵੱਖ-ਵੱਖ ਕਲਾਸਾਂ ਦੇ ਵਿਚਕਾਰ ਕੁਇਜ਼ ਮੁਕਾਬਲੇ ਨੂੰ ਵੀ ਦੇਖਿਆ ਅਤੇ ਕਲਾਸ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਰਿਆਤ-ਬਾਹਰਾ, ਪਟਿਆਲਾ ਕਂੈਪਸ ਵੱਲੋਂ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਸਬੰਧੀ ਸਮਾਜ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਅੰਤ ਵਿੱਚ ਕੈਂਪਸ ਡਾਇਰੈਕਟਰ ਡਾ. ਪਿਯੂਸ਼ ਵਰਮਾ ਨੇ ਸ਼੍ਰੀ ਅਵਿਨਾਸ਼ ਰਾਏ ਖੰਨਾ ਦਾ ਕੈਂਪਸ ਪਹੁੰਚਣ ‘ਤੇ ਧੰਨਵਾਦ ਕੀਤਾ।

