ਫਤਹਿਗੜ੍ਹ ਸਾਹਿਬ ਜਿਲ੍ਹੇ ਦੀ ਸਫਲ ਡੇਅਰੀ ਫਾਰਮਰ ਮਨਪ੍ਰੀਤ ਕੌਰ ਹੋਰ ਔਰਤਾਂ ਲਈ ਬਣੀ ਪ੍ਰੇਰਣਾ ਦਾ ਸਰੋਤ
ਸਾਹੀਵਾਲ ਨਸਲ ਦੀਆਂ ਗਊਆਂ ਤੋਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ
ਫ਼ਤਹਿਗੜ੍ਹ ਸਾਹਿਬ, 22 ਮਈ (ਮਧੂਸਾਰ ਬਿਊਰੋ) ਡੇਅਰੀ ਫਾਰਮਿੰਗ ਦਾ ਧੰਦਾ ਖੇਤੀ ਦੇ ਸਹਾਇਕ ਧੰਦਿਆਂ ਵਿੱਚੋਂ ਸਭ ਤੋਂ ਵੱਧ ਲਾਭਦਾਇਕ ਸਿੱਧ ਹੋ ਰਿਹਾ ਹੈ ਅਤੇ ਜ਼ਿਲ੍ਹੇ ਦੇ ਕਈ ਡੇਅਰੀ ਫਾਰਮਰ ਇਸ ਧੰਦੇ ਵਿੱਚੋਂ ਚੰਗਾ ਮੁਨਾਫਾ ਕਮਾ ਰਹੇ ਹਨ। ਡੇਅਰੀ ਫਾਰਮਿੰਗ ਕੇਵਲ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਕਰ ਸਕਦੀਆਂ ਹਨ ਅਤੇ ਘਰੇਲੂ ਕੰਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉਚਾ ਚੁੱਕ ਸਕਦੀਆਂ ਹਨ।
ਅਜਿਹੀ ਹੀ ਇੱਕ ਮਿਸਾਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਦੇਧੜਾਂ ਦੀ ਸਫਲ ਡੇਅਰੀ ਫਾਰਮਰ ਮਨਪ੍ਰੀਤ ਕੌਰ ਪਤਨੀ ਸ੍ਰ: ਭਗਵੰਤ ਸਿੰਘ ਨੇ ਕਾਇਮ ਕੀਤੀ ਹੈ। ਵਰਨਣਯੋਗ ਹੈ ਕਿ ਲੁਧਿਆਣਾ ਦੀ ਗਰੈਜੂਏਟ ਮਨਪ੍ਰੀਤ ਕੌਰ ਨੇ ਆਪਣੇ ਪੇਕਿਆਂ ਦੇ ਘਰ ਕਦੇ ਵੀ ਡੇਅਰੀ ਦਾ ਧੰਦਾ ਕਰਨ ਬਾਰੇ ਸੋਚਿਆ ਵੀ ਨਹੀਂ ਸੀ ਪ੍ਰੰਤੂ ਆਪਣੇ ਸਹੁਰੇ ਘਰ ਆ ਕੇ ਉਸ ਨੇ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉਚਾ ਚੁੱਕਣ ਲਈ ਪਹਿਲਾਂ ਡੇਅਰੀ ਫਾਰਮਿੰਗ ਸਬੰਧੀ ਡੇਅਰੀ ਵਿਕਾਸ ਬੋਰਡ ਦੇ ਜ਼ਿਲ੍ਹਾ ਰੋਪੜ ਵਿਖੇ ਸਥਿਤ ਚਤਾਮਲੀ ਸਿਖਲਾਈ ਸੈਂਟਰ ਤੋਂ ਡੇਅਰੀ ਦੇ ਧੰਦੇ ਦੀ ਸਿਖਲਾਈ ਲਈ ਅਤੇ ਤਿੰਨ ਸਾਹੀਵਾਲ ਗਊਆਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕੀਤਾ। ਮਨਪ੍ਰੀਤ ਦੇ ਦੱਸਣ ਅਨੁਸਾਰ ਪਹਿਲਾਂ-ਪਹਿਲਾਂ ਉਸ ਨੂੰ ਇਸ ਧੰਦੇ ਵਿੱਚ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਜਦੋਂ ਉਸ ਨੇ ਪੂਰੇ ਦ੍ਰਿੜ ਇਰਾਦੇ ਨਾਲ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਿਲੇ ਤਕਨੀਕੀ ਸਹਿਯੋਗ ਨਾਲ ਇਸ ਧੰਦੇ ਨੂੰ ਕਰਨਾ ਸ਼ੁਰੂ ਕੀਤਾ ਤਾਂ ਉਸ ਦੀਆਂ ਔਕੜਾਂ ਹੌਲੀ-ਹੋਲੀ ਦੂਰ ਹੋਣ ਲੱਗੀਆਂ ਅਤੇ ਅੱਜ ਉਸ ਕੋਲ ਕੁੱਲ 25 ਸਾਹੀਵਾਲ ਨਸਲ ਦੇ ਪਸ਼ੂ ਹਨ ਜਿਨ੍ਹਾਂ ਵਿੱਚੋਂ 12 ਦੁਧਾਰੂ ਅਤੇ 13 ਵੱਛੀਆਂ ਤੇ ਵੱਛੇ ਹਨ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਗਊ ਵੱਧ ਤੋਂ ਵੱਧ 19 ਕਿਲੋ ਅਤੇ ਔਸਤਨ 12 ਤੋਂ 14 ਕਿਲੋ ਦੁੱਧ ਦਿੰਦੀ ਹੈ। ਉਹਨਾਂ ਹੋਰ ਦੱਸਿਆ ਕਿ ਸਾਹੀਵਾਲ ਨਸਲ ਦੀਆਂ ਗਊਆਂ ਦਾ ਦੁੱਧ ਹੋਰ ਨਸਲ ਦੀਆਂ ਗਊਆਂ ਨਾਲੋਂ ਮਹਿੰਗਾ ਵਿਕਦਾ ਹੈ। ਇਸ ਤੋਂ ਇਲਾਵਾ ਉਹ ਗਊਆਂ ਦੇ ਦੁੱਧ ਤੋਂ ਘਿਓ ਅਤੇ ਖੋਆ ਤਿਆਰ ਕਰਕੇ ਆਪਣੇ ਪਤੀ ਦੇ ਸਹਿਯੋਗ ਨਾਲ ਸਰਹਿੰਦ, ਬਸੀ ਪਠਾਣਾ ਅਤੇ ਚੰਡੀਗੜ੍ਹ ਵਿਖੇ ਵੇਚਦੀ ਹੈ, ਜਿਸ ਤੋਂ ਉਸ ਨੂੰ ਕਾਫੀ ਮੁਨਾਫਾ ਮਿਲ ਜਾਂਦਾ ਹੈ। ਮਨਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਉਸ ਨੇ ਪਸ਼ੂਧਨ ਤੇ ਦੁੱਧ ਚੁਆਈ ਦੇ ਕਈ ਮੁਕਾਬਲਿਆਂ ਵਿੱਚ ਭਾਗ ਲਿਆ ਹੈ ਅਤੇ ਕਈ ਇਨਾਮ ਹਾਸਲ ਕੀਤੇ ।
ਮਨਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਸਾਹੀਵਾਲ ਨਸਲ ਦੀ ਗਊ ਦਾ ਦੁੱਧ ਲੋਕਾਂ ਦੀ ਸਿਹਤ ਲਈ ਵਧੇਰੇ ਲਾਹੇਵੰਦ ਹੋਣ ਕਾਰਨ ਇਸ ਦਾ ਮਾਰਕੀਟ ਰੇਟ 60 ਤੋਂ 65 ਰੁਪਏ ਕਿਲੋ ਤੱਕ ਹੁੰਦਾ ਹੈ ਜਦੋਂ ਕਿ ਇਸ ਦਾ ਘਿਓ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਹੀਵਾਲ ਨਸਲ ਦੇਸੀ ਹੋਣ ਕਰਕੇ ਇਹਨਾਂ ਗਊਆਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ। ਇਸ ਨਸਲ ਦੀਆਂ ਗਊਆਂ ਗਰਮੀ ਵੀ ਘੱਟ ਮਹਿਸੂਸ ਕਰਦੀਆਂ ਹਨ। ਉੁਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਰਵਾਇਤੀ ਖੇਤੀ ਲਾਹੇਵੰਦ ਨਹੀਂ ਰਹੀ ਤਾਂ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਵੱਡਮੁਲਾ ਯੋਗਦਾਨ ਪਾ ਸਕਦਾ ਹੈ।

