ਪੰਜਾਬ

ਪਾਣੀਆਂ ਦੇ ਦੋਖੀਆਂ ਦਾ ਰਾਖਾ ਹੈ ਕੈਪਟਨ ਅਮਰਿੰਦਰ ਸਿੰਘ-ਆਪ

ਚੰਡੀਗੜ੍ਹ, 28 ਮਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਮਾਝੇ ਦੇ ਪਿੰਡ ਬੁੱਟਰ ਸਿਬੀਆ ਦੇ ਧਰਦਿਓ ਡਰੇਨ ਨੇੜੇ ਨਾ ਜਾਣ ਦੀ ਸਖ਼ਤ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ‘ਪੰਜਾਬ ਦੇ ਦੋਖੀਆਂ ਦਾ ਰਾਖਾ ਹੋਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕਰ ਰਹੇ ‘ਰਸੂਖਦਾਰਾਂ’ ਅਤੇ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ।

ਆਪ ਵੱਲੋਂ ਸੋਮਵਾਰ ਨੂੰ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ-ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਸੂਬਾ ਸਕੱਤਰ ਜਗਤਾਰ ਸਿੰਘ ਸੰਘੇੜਾ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਮਾਲਵਾ-1 ਦੇ ਪ੍ਰਧਾਨ ਅਨਿਲ ਠਾਕੁਰ, ਮਾਲਵਾ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਅਤੇ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਸਮੇਤ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਲੀਤ ਅਤੇ ਜ਼ਹਿਰੀਲੇ ਕੀਤੇ ਪੰਜਾਬ ਦੇ ਪਾਣੀਆਂ ਨਾਲ ਲੋਕ ਅਤੇ ਲੱਖਾਂ ਕਰੋੜਾਂ ਜਲ-ਜੀਵ ਜੰਤੂ ਅਤੇ ਪੰਛੀ ਮਰ ਰਹੇ ਹਨ। ਮਾਝਾ, ਦੋਆਬਾ ਅਤੇ ਮਾਲਵਾ ਸਮੇਤ ਰਾਜਸਥਾਨ ਤੱਕ ਅਪੰਗ ਬੱਚੇ ਪੈਦਾ ਹੋ ਰਹੇ ਹਨ ਅਤੇ ਨੌਜਵਾਨਾਂ ਦੇ ਗੁਰਦੇ ਫ਼ੇਲ੍ਹ ਹੋ ਰਹੇ ਹਨ, ਪਰੰਤੂ ਪਿਛਲੀ ਬਾਦਲ ਸਰਕਾਰ ਵਾਂਗ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਪੰਜਾਬ ਦੇ ਲੋਕਾਂ ਅਤੇ ਚੌਗਿਰਦਾ ਨਾਲ ਖੜਨ ਦੀ ਥਾਂ ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਵੰਡ ਰਹੇ ‘ਮਾਫ਼ੀਆ’ ਨਾਲ ਜਾ ਖੜੇ ਹੋਏ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅਗਲੇ ਦੋ ਦਿਨਾਂ ਦੌਰਾਨ ਪਾਰਟੀ ਪੰਜਾਬ ਦੇ ਪਲੀਤ ਕੀਤੇ ਜਾ ਰਹੇ ਸਾਰੇ ਨਦੀ-ਨਾਲਿਆਂ ਸਮੇਤ ਘੱਗਰ, ਬਿਆਸ ਅਤੇ ਸਤਲੁਜ ‘ਚ ਪਾਣੀ ਦੇ ਸੈਂਪਲ ਭਰੇਗੀ। ਸੈਂਪਲ ਵਜੋਂ ਭਰੀਆਂ ਗਈਆਂ ਇਹਨਾਂ ਬੋਤਲਾਂ ਉੱਪਰ ਸਮਾਂ, ਸਥਾਨ ਅਤੇ ਥਾਂ ਦਾ ਪੂਰਾ ਵੇਰਵਾ ਹੋਵੇਗਾ। ਇਹ ਬੋਤਲਾਂ ਸਾਰੇ 117 ਵਿਧਾਇਕਾਂ ਸਮੇਤ ਰਾਜ ਸਭਾ ਅਤੇ ਲੋਕ ਸਭਾ ਦੇ ਕੁੱਲ੍ਹ 20 ਸੰਸਦ ਮੈਂਬਰਾਂ ਨੂੰ ਦੇਵੇਗੀ।
ਇਸ ਦੀ ਸ਼ੁਰੂਆਤ 30 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਲਈ ਸਤਲੁਜ ਦੀ ਪੱਤਣ ਨਾਲ ਮਿਲਦੇ ਬੁੱਢੇ ਨਾਲੇ ‘ਚ 20 ਲੀਟਰ ਦੀ ਕੇਨੀ ਵਿਸ਼ੇਸ਼ ਤੌਰ ‘ਤੇ ਭਰੀ ਜਾਵੇਗੀ ਤਾਂ ਕਿ ਉਹ ਖ਼ੁਦ, ਆਪਣੇ ਅਫ਼ਸਰਾਂ-ਅਧਿਕਾਰੀਆਂ ਅਤੇ ਸ਼ਾਹੀ ਮਹਿਮਾਨਾਂ ਨੂੰ ਇਸ ਪਾਣੀ ਦਾ ਸਵਾਦ ਚਖਾ ਸਕਣ ਜਿਸ ਨੂੰ ਪੰਜਾਬ ਸਮੇਤ ਰਾਜਸਥਾਨ ਦੀ ਵੀ ਵੱਡੀ ਆਬਾਦੀ ਰੋਜ਼ ਪੀਂਦੀ ਹੈ।
ਇਸ ਸੰਬੰਧੀ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਵਫਦ ਅੱਜ ਮੁੱਖ ਮੰਤਰੀ ਦਫਤਰ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ 30 ਮਈ 2018 ਨੂੰ ਦੁਪਿਹਰ 1 ਵਜੇ ਦਾ ਸਮਾਂ ਮੰਗ ਲਿਆ ਹੈ।
‘ਆਪ’ ਆਗੂਆਂ ਨੇ ਨਾਲ ਹੀ ਕਿਹਾ ਕਿ ਗੰਦੇ, ਜ਼ਹਿਰੀਲੇ-ਪਲੀਤ ਪਾਣੀ ਨਾਲ ਪੀੜਿਤ ਪੰਜਾਬ ਦੀ ਜਨਤਾ ਇਹ ਦੇਖਣ ਲਈ ਉਤਸੁਕ ਹੈ ਕਿ ਖ਼ੁਦ ਨੂੰ ‘ਪਾਣੀਆਂ ਦਾ ਰਾਖਾ’ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਸਤਲੁਜ ਦੀ ਪੱਤਣ ਦਾ ਪਾਣੀ ਪੀ ਕੇ ਆਪਣੇ ਇਸ ਅਖੌਤੀ ਰੁਤਬੇ ਦੀ ਲਾਜ਼ ਰੱਖਦੇ ਹਨ ਜਾਂ ਨਹੀਂ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਮੰਤਰੀ ਓ.ਪੀ. ਸੋਨੀ ਲਈ ਗੁਰੂ ਚਰਨ ਛੋਹ ਪ੍ਰਾਪਤ ਚਿੱਟੀ ਵੇਈਂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਹਰੀਕੇ ਪੱਤਣ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਫਾਜਿਲਕਾ-ਜਲਾਲਾਬਾਦ ਨੇੜਲੇ ਸਤਲੁਜ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਸਰਦੂਲਗੜ੍ਹ ਨੇੜਲੀ ਘੱਗਰ ਨਦੀ ਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।

Leave a Reply

Your email address will not be published. Required fields are marked *