ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦੀ ਪਹਿਲੀ ਤਰਜੀਹ – ਚੰਦਰਾ ਸ਼ੇਖਰ
ਐਸ.ਟੀ.ਐਫ ਦੇ ਆਈ.ਜੀ. ਵੱਲੋਂ ਡੇਪੋਂ ਮੁਹਿੰਮ ਦੇ ਪਹਿਲੇ ਪੜਾਅ ਦੀ ਡਵੀਜ਼ਨ ਪੱਧਰ ਦੀ ਕੀਤੀ ਸਮੀਖਿਆ
ਪਟਿਆਲਾ ਡਵੀਜ਼ਨ ਦੇ ਪੰਜ ਜ਼ਿਲਿਆਂ ਦੇ ਸਮੂਹ ਐਸ.ਡੀ.ਐਮ ਅਤੇ ਡੀ.ਐਸ.ਪੀ ਨੇ ਕੀਤੀ ਸ਼ਿਰਕਤ
ਪਟਿਆਲਾ 29, ਮਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਡੇਪੋਂ ਮੁਹਿੰਮ ਦੀ ਕਾਰਗੁਜ਼ਾਰੀ ਜਾਨਣ ਲਈ ਅੱਜ ਪਟਿਆਲਾ ਡਵੀਜ਼ਨ ਦੇ ਜ਼ਿਲ੍ਹਾ ਸੰਗਰੂਰ, ਬਰਨਾਲਾ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਫ਼ਤਹਿਗੜ੍ਹ ਸਾਹਿਬ ਜ਼ਿਲਿਆਂ ਦੇ ਸਮੂਹ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨਾਲ ਪੰਜਾਬ ਪੁਲਿਸ ਦੇ ਆਈ.ਜੀ. ਐਸ.ਟੀ.ਐਫ਼ ਸ਼੍ਰੀ ਬੀ. ਚੰਦਰਾ ਸ਼ੇਖਰ ਨੇ ਸਮੀਖਿਆ ਮੀਟਿੰਗ ਕੀਤੀ ਜਿਸ ਵਿੱਚ ਡੇਪੋਂ ਮੁਹਿੰਮ ਦੇ ਪਹਿਲੇ ਪੜਾਅ ਸਬੰਧੀ ਸਮੂਹ ਅਫ਼ਸਰਾਂ ਪਾਸੋਂ ਫੀਡ ਬੈਕ ਪ੍ਰਾਪਤ ਕੀਤੀ ਗਈ ਅਤੇ ਇਸ ਮੁਹਿੰਮ ਲਈ ਉਸਾਰੂ ਸੁਝਾਅ ਵੀ ਲਏ ਗਏ ਅਤੇ ਦੂਸਰੇ ਪੜਾਅ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਮੌਕੇ ਸ਼੍ਰੀ ਬੀ. ਚੰਦਰਾ ਸ਼ੇਖਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਪੋਂ ਦੇ ਇਸ ਦੂਸਰੇ ਪੜਾਅ ਨੂੰ ਸਫਲ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਉਨ੍ਹਾਂ ਦੱਸਿਆਂ ਕਿ ਇਸ ਡੇਪੋਂ ਪ੍ਰੋਗਰਾਮ ਸਬੰਧੀ ਸਾਰਾ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਜੋ ਵੀ ਸਮੇਂ-ਸਮੇਂ ‘ਤੇ ਕਿਸੇ ਕਮੀ ਦਾ ਪਤਾ ਲੱਗਦਾ ਹੈ ਉਸ ਵਿੱਚ ਤੁਰੰਤ ਸੁਧਾਰ ਕਰ ਲਿਆ ਜਾਂਦਾ ਹੈ। ਉਨ੍ਹਾਂ ਸਮੂਹ ਐਸ.ਡੀ.ਐਮ. ਅਤੇ ਡੀ.ਐਸ.ਪੀਜ਼ ਦੇ ਫ਼ੀਲਡ ਦੇ ਤਜਰਬੇ ਜਾਣੇ ਅਤੇ ਜਿਥੇ ਕਿੱਤੇ ਵੀ ਕਿਸੇ ਤਰ੍ਹਾਂ ਦੀ ਕਮੀ ਲੱਗੀ ਉਨ੍ਹਾਂ ਤੁਰੰਤ ਇਸ ਦਾ ਹੱਲ ਕੀਤਾ।
ਸ਼੍ਰੀ ਬੀ. ਚੰਦਰਾ ਸ਼ੇਖਰ ਨੇ ਸਮੂਹ ਐਸ.ਡੀ.ਐਮ ਅਤੇ ਡੀ.ਐਸ.ਪੀਜ਼ ਨੂੰ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਰਾਹੀਂ ਦੂਸਰੇ ਪੜਾਅ ਦੀ ਰੂਪ ਰੇਖਾ ਤੋਂ ਜਾਣੂ ਕਰਵਾਇਆਂ ਅਤੇ ਇਸ ਵਿੱਚ ਹੋਰ ਸੁਧਾਰ ਕਰਨ ਲਈ ਅਧਿਕਾਰੀਆਂ ਪਾਸੋਂ ਸੁਝਾਅ ਵੀ ਮੰਗੇ ਗਏ।
ਆਈ.ਜੀ. ਸ਼੍ਰੀ ਬੀ. ਚੰਦਰਾ ਸ਼ੇਖਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਭ ਦੇ ਸਹਿਯੋਗ ਦੀ ਲੋੜ ਹੈ ਤਾਂ ਹੀ ਅਸੀਂ ਇਸ ਨਸ਼ੇ ਨੂੰ ਪੰਜਾਬ ਵਿੱਚੋਂ ਜੜ੍ਹ ਤੋਂ ਖ਼ਤਮ ਕਰ ਸਕਦੇ ਹਾਂ।
ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਭ ਨੂੰ ਅਪੀਲ ਕਰਦਾ ਹੈ ਕਿ ਉਹ ਡੇਪੋਂ ਮੁਹਿੰਮ ਵਿੱਚ ਯੋਗਦਾਨ ਪਾਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ਦਰਸ਼ਨ ਦੇਣ ਲਈ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜਕੇ ਇਸ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਵਿੱਚ ਸਹਿਯੋਗ ਦੇਣ।
ਮੀਟਿੰਗ ਵਿੱਚ ਐਸ.ਐਸ.ਪੀ. ਪਟਿਆਲਾ ਡਾ. ਐਸ. ਭੂਪਤੀ, ਏ.ਡੀ.ਸੀ. (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ, ਐਸ.ਪੀ. (ਐਚ) ਸ਼੍ਰੀਮਤੀ ਕੰਵਰਦੀਪ ਕੌਰ ਸਮੇਤ ਪੰਜ ਜਿਲਿਆਂ ਦੇ ਐਸ.ਡੀ.ਐਮ. ਅਤੇ ਡੀ.ਐਸ.ਪੀ. ਵੀ ਹਾਜ਼ਰ ਸਨ।

