ਪੰਜਾਬਪਟਿਆਲਾ

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਡੀ.ਸੀ. ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

ਪਟਿਆਲਾ 29 ਮਈ (ਮਧੂਸਾਰ ਬਿਊਰੋ) ਪਿੰਡ ਬੌੜਾਂਕਲਾਂ ਵਿੱਚ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਦੀ ਜ਼ਮੀਨ ਦੀ ਪੈਮਾਇਸ਼ ਵਿੱਚ ਘੱਟ ਹੋਣ ਦੇ ਬਾਵਜੂਦ ਵੱਧ ਪੈਸੇ ਭਰਾਉਣ ਦੀ ਦਲਿਤਾਂ ਨੂੰ ਮਜਬੂਰ ਕਰਨ, ਦਲਿਤਾਂ ਦੇ ਤੀਸਰੇ ਹਿੱਸੇ ਦੀ ਪੰਚਾਇਤੀ ਜਮੀਨ 99 ਸਾਲਾ ਪਟੇ ਤੇ ਘੱਟ ਰੇਟ ਤੇ ਲੈਣ, ਪਾਣੀ ਦਾ ਪ੍ਰਬੰਧ ਕਰਨ ਲਈ, ਸਾਰੀਆਂ ਪੰਚਾਇਤੀ ਜਮੀਨਾਂ ਦੇ ਦਲਿਤਾਂ ਦੇ ਤੀਸਰੇ ਹਿੱਸੇ ਦੀ ਜ਼ਮੀਨਾਂ ਦੀ ਗਿਣਤੀ ਕਰਾਉਣ, ਪਿੰਡ ਸਾਗਰੇ ਦੀ ਡੰਮੀ ਬੋਲੀ ਰੱਦ ਕਰਾਉਣ ਅਤੇ ਲੋੜਵੰਦਾ ਲਈ 10-10 ਮਰਲੇ ਦੇ ਪਲਾਟ ਲੈਣ ਆਦਿ ਮੰਗਾਂ ਦੇ ਸੰਬੰਧ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪਟਿਆਲਾ ਨੇ ਡੀ.ਸੀ. ਦਫ਼ਤਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਡਕੌਂਦਾ ਅਤੇ ਰਣਧੀਰ ਸਿੰਘ ਕਾਦਰਾਬਾਦ ਨੇ ਕਿਹਾ ਕਿ ਅੱਜ ਵੱਖਰੇ-ਵੱਖਰੇ ਪਿੰਡਾਂ ਤੋਂ ਆਏ ਦਲਿਤਾਂ ਨੇ ਡੀ.ਸੀ. ਦਫ਼ਤਰਾਂ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇੱਥੇ ਦਲਿਤਾਂ ਨੂੰ ਸੰਬੋਧਨ ਕਰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂ ਗੁਰਮੁੱਖ ਸਿੰਘ ਨੇ ਕਿਹਾ ਕਿ ਪਿੰਡ ਬੌੜਾ ਕਲਾਂ ਵਿੱਚ ਦਲਿਤਾਂ ਨਾਲ ਹੋ ਰਹੇ ਧੱਕੇ ਨੇ ਸਾਬਿਤ ਕਰ ਦਿੱਤਾ ਹੈ ਕਿ ਪੇਂਡੂ ਧਨਾਢ ਚੌਧਰੀਆਂ, ਅਫਸਰਸ਼ਾਹੀ ਤੇ ਸਰਕਾਰ ਦਾ ਇੱਕ ਗੁੰਡਾ ਗੱਠਜੋੜ ਹੈ ਜਿਹੜਾ ਦਲਿਤਾਂ ਦੀਆਂ ਪੰਚਾਇਤੀ ਜ਼ਮੀਨਾਂ ਦੇ ਹਿੱਸੇ ਤੇ ਕਬਜਾ ਕਰੀ ਬੈਠਾ ਹੈ। ਪਿੰਡ ਬੋੜਾਂ ਕਲਾਂ ਵਿੱਚ ਦਲਿਤਾਂ ਦੇ ਤੀਸਰੇ ਹਿੱਸੇ ਦੀ ਪੰਚਾਇਤੀ ਜ਼ਮੀਨ 84 ਬਿੱਘੇ ਹੈ। ਬੋਲੀ 75 ਬਿੱਘੇ ਦੀ ਹੁੰਦੀ ਹੈ ਤੇ ਦਲਿਤਾਂ ਨੂੰ ਪੈਮਾਇਸ਼ ਵਿੱਚ 47 ਬਿਘੇ ਦਿੱਤੀ ਜਾਂਦੀ ਹੈ। ਦਲਿਤਾਂ ਦੇ ਹਿੱਸੇ ਦੀ ਜਮੀਨ ਪੇਂਡੂ ਧਨਾਢ ਚੌਧਰੀ ਦੱਬੀ ਬੈਠੇ ਹਨ ਤੇ ਦਲਿਤਾਂ ਨੂੰ 75 ਬਿੱਘੇ ਦੇ ਪੈਸੇ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਜਦ ਦਲਿਤਾਂ ਨੇ ਉਸ ਜਮੀਨ ਦੇ ਪੈਸੇ ਭਰਨੋ ਇਨਕਾਰ ਕਰ ਦਿੱਤਾ ਜੋ ਉਨ੍ਹਾਂ ਨੂੰ ਦਿੱਤੀ ਹੀ ਨਹੀਂ ਤਾਂ ਅਧਿਕਾਰੀਆਂ ਨੇ ਪੁਲੀਸ ਕੋਲ ਐਫ.ਆਈ.ਆਰ. ਦਰਜ ਕਰਨ ਦੀ ਸ਼ਿਫਾਰਸ਼ ਕਰ ਦਿੱਤੀ। ਦਲਿਤ ਜਮੀਨ ਦੀ ਮਿਣਤੀ ਕਰਾਉਣ ਲਈ ਕਈ ਵਾਰੀ ਕਹਿ ਚੁੱਕੇ ਹਨ ਪਰੰਤੂ ਅਧਿਕਾਰੀ ਨੇ ਚੁੱਪੀ ਧਾਰੀ ਹੋਈ ਹੈ। ਇਸੇ ਤਰ੍ਹਾਂ ਬਿਨਾਹੇੜੀ, ਕਕਰਾਲਾ, ਸੁਖੇਵਾਲ ਆਦਿ ਪਟਿਆਲੇ ਦੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਵਿਚਲੇ ਦਲਿਤਾਂ ਦਾ ਹਿੱਸਾ ਪੇਂਡੂ ਧਨਾਢ ਚੋਧਰੀ ਅਧਿਕਾਰੀਆਂ ਦੀ ਮਦਦ ਨਾਲ ਦੱਬੀ ਬੈਠੇ ਹਨ ਤੇ ਸਰਕਾਰ ਦੀ ਇਨ੍ਹਾਂ ਦੇ ਗੱਠਜੋੜ ਵਿੱਚ ਹੈ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਬੌੜਾ, ਬਲਵੰਤ ਸਿੰਘ ਬਿਨਾਹੇੜੀ ਨੇ ਕਿਹਾ ਕਿ ਦਲਿਤਾਂ ਨੂੰ ਹਰੇਕ ਸਾਲ ਤੀਸਰੇ ਹਿੱਸੇ ਦੀ ਪੰਚਾਇਤੀ ਜਮੀਨ ਦੇ ਤੀਸਰੇ ਹਿੱਸੇ ਲਈ ਲੜਨਾ ਪੈਂਦਾ ਹੈ ਤੇ ਇਸ ਦਾ ਠੇਕਾ ਬਹੁਤ ਮਹਿੰਗਾ ਹੈ। ਦਲਿਤ ਹਰੇ ਚਾਰੇ ਲਈ ਇਹ ਜਮੀਨ ਲੈਂਦੇ ਹਨ। ਇਸ ਲਈ ਦਲਿਤਾਂ ਦੇ ਹਿੱਸੇ ਲਈ 99 ਸਾਲਾ ਪਟੇ ਤੇ ਘੱਟ ਰੇਟ ਤੇ ਦਿੱਤੀ ਜਾਵੇ। ਜੱਥੇਬੰਦੀ ਦੇ ਆਗੂ ਹਰਜੀਤ ਸੁੱਖੇਵਾਲੀਆ ਬਲਵੀਰ ਸਿੰਘ ਕਕਰਾਲਾ ਨੇ ਕਿਹਾ ਕਿ ਪਿੰਡ ਸਾਗਰੇ ਦੀ ਪੰਚਾਇਤੀ ਜਮੀਨ ਦੀ ਬੋਲੀ ਡੰਮੀ ਹੋਈ ਹੈ। ਪ੍ਰਸ਼ਾਸ਼ਨ ਨੇ ਸਰਕਾਰੀ ਹਦਾਇਤਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ। ਕਾਂਗਰਸ ਸਰਕਾਰ ਨੇ ਬੇਘਰੇ ਲੋਕਾਂ ਦੇ ਪਲਾਟ ਦੇਣ ਲਈ ਦੁਬਾਰਾ ਫਾਰਮ ਭਰਾ ਲਏ ਹਨ ਪਰੰਤੂ ਕਿਸੇ ਨੂੰ ਪਲਾਟ ਨਹੀਂ ਦਿੱਤੇ ਉਲਟਾ ਮਿਲੇ ਪਲਾਟਾਂ ਨੂੰ ਪੰਚਾਇਤਾਂ ਖੋਹ ਰਹੀਆਂ ਹਨ। ਇੱਥੇ ਹੋਰਨਾਂ ਤੋਂ ਇਲਾਵਾ ਰਾਮ ਚੰਦ, ਸ੍ਰੀ ਨਾਥ, ਸੁਰਿੰਦਰ ਖਾਲਸਾ, ਆਦਿ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *