ਪੰਜਾਬਪਟਿਆਲਾ

ਗੁਰੂ ਦੀ ਆਸਥਾ ਅੱਗੇ ਫਿੱਕਾ ਪਿਆ ਪਾਰੇ ਦਾ ਪ੍ਰਕੋਪ

ਸ੍ਰੀ ਦਰਬਾਰ ਸਾਹਿਬ ਵਿੱਖੇ ਰੋਜ਼ਾਨਾ ਲੱਖਾਂ ਦੀ ਤਾਦਾਦ ‘ਚ ਸ਼ਰਧਾਲੂਆਂ ਦੀ ਆਮਦ
1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਹਫਤਾ ਨੂੰ ਦੇਖਦਿਆਂ ਸਖਤ ਸੁਰੱਖਿਆ ਦੇ ਪ੍ਰਬੰਧ
ਪਟਿਆਲਾ, 28 ਮਈ (ਇੰਦਰਜੀਤ ਕੌਰ ਮਲਹੋਤਰਾ/ਮਧੂਸਾਰ ਬਿਊਰੋ)ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਖੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਪੁੱਜ ਰਹੇ ਹਨ ਅਤੇ ਪੈ ਰਹੀ ਅਤਿ ਦੀ ਗਰਮੀ ਤੇ ਲੂ ਕਾਰਨ ਪਾਰਾ 46-47 ਡਿਗਰੀ ਤੋਂ ਵੀ ਪਾਰ ਜਾ ਰਿਹਾ ਹੈ ਪਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਸ਼ਰਧਾਲੂਆਂ ਦੀ ਆਸਥਾ ਅੱਗੇ ਇਹ ਸਖਤ ਗਰਮੀ ਦਾ ਪ੍ਰਕੋਪ ਵੀ ਫਿੱਕਾ ਪੈ ਰਿਹਾ ਹੈ।

ਗੁਰੂ ਦਰਬਾਰ ਦੇ ਦਰਸ਼ਨਾਂ ਲਈ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਲੱਗੀ ਸ਼ਰਧਾਲੂਆਂ ਦੀ ਕਤਾਰ ਘੰਟਿਆਂ ਬੱਧੀ ਲਾਇਨਾਂ ‘ਚ ਖੜ ਕੇ ਗੁਰੂ ਦੀ ਆਸਥਾ ‘ਚ ਪ੍ਰਗਟਾਵਾ ਕਰ ਰਹੀਆਂ ਹਨ। ਸ਼ਨੀਵਾਰ ਤੇ ਅੇਤਵਾਰ ਇਹ ਗਿਣਤੀ ਦੁਗਣੀ ਹੋ ਜਾਂਦੀ ਹੈ। ਸ਼ਰਧਾਲੂਆਂ ਦੀ ਇਹ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਪੰਜਾਬ ਭਰ ‘ਚੋਂ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਦੇ ਵੱਖ ਵੱਖ ਕੋਨਿਆਂ ‘ਚੋਂ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਜਿਨ੍ਹਾਂ ਵਿੱਚ ਜ਼ਿਆਦਾਤਰ ਗੈਰ ਸਿੱਖ ਸ਼ਰਧਾਲੂ ਜੋਕਿ ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕੇਰਲਾ, ਮੁੰਬਈ ਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ‘ਚੋਂ ਗੁਰੂ ਰਾਮਦਾਸ ਜੀ ਦੇ ਵਸਾਏ ਇਸ ਪਵਿੱਤਰ ਸ਼ਹਿਰ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਵਿੱਖੇ ਨਤਮਸਤਕ ਹੋ ਰਹੇ ਹਨ। ਛੋਟੇ ਛੋਟੇ ਬੱਚਿਆਂ ਨਾਲ ਘੰਟਿਆਂ ਬੱਧੀ ਲੰਬੀਆਂ ਕਤਾਰਾਂ ‘ਚ ਲੱਗਕੇ ਇਹ ਸ਼ਰਧਾਲੂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਲਈ ਗੁਰੂ ਦੀ ਆਸਥਾ ਤੇ ਸੱਚੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਬੀਤੇ ਦਿਨੀਂ ਮੈਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦਾ ਪਰਿਵਾਰ ਸਹਿਤ ਨਤਮਸਤਕ ਹੋਣ ਦਾ ਮੌਕਾ ਮਿਲਿਆ ਤਾਂ ਮੈਂ ਇਥੋਂ ਦਾ ਅਖੰਡੀ ਨਜ਼ਾਰਾ ਦੇਖ ਕੇ ਹੈਰਾਨ ਹੋ ਗਈ ਕਿ ਕਿਸ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਇਸ ਅਸਥਾਨ ਦੀ ਧੂੜ ਮੱਥੇ ਲਾਉਣ ਲਈ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇਸ ਦਰਬਾਰ ਦੇ ਦਰਸ਼ਨਾਂ ਲਈ ਉਡੀਕ ਕਰਦਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਮੇਰਾ ਮਹਾਰਾਸ਼ਟਰ ਨਾਂਦੇੜ ਸਾਹਿਬ ਤੋਂ ਆਏ ਇਕ ਗੈਰ ਸਿੱਖ ਪਰਿਵਾਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਆਖਿਆ ਕਿ ਸੈਂਕੜੇ ਮੀਲ ਦੂਰੀ ਤੋਂ ਇੱਥੇ ਆ ਕੇ ਜੋ ਉਨ੍ਹਾਂ ਨੂੰ ਅਨੰਦ ਤੇ ਸ਼ਾਂਤੀ ਮਿਲੀ ਹੈ, ਉਹ ਹੋਰ ਕਿਸੇ ਅਸਥਾਨ ਤੋਂ ਨਹੀਂ ਮਿਲੇ। ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਇਥੋਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਲੰਗਰਾਂ ਤੇ ਪਾਣੀ ਦੀਆਂ ਛਬੀਲਾਂ ਦੇ ਪ੍ਰਬੰਧ ਕੀਤੇ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰ ਸੰਗਤਾਂ ਨੂੰ ਦਰਸ਼ਨ ਕਰਵਾਉਣ, ਲੰਗਰ ਛਕਾਉਣ ਤੇ ਸੰਗਤਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕਰਨ ਵਾਸਤੇ ਤਨਦੇਹੀ ਤੇ ਪਿਆਰ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਸਨ। ਲੱਖਾਂ ਦੀ ਤਾਦਾਦ ਵਿੱਚ ਰੋਜ਼ਾਨਾ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਸ਼ਰਧਾਲੂ ਲੰਗਰ ਛੱਕਦੇ ਹਨ ਤੇ ਵਾਹਿਗੁਰੂ ਦਾ ਜਾਪ ਕਰਦੇ ਹਨ। ਘੱਲੂਘਾਰਾ ਸਪਤਾਹ ਨੂੰ ਦੇਖਦਿਆਂ ਸਫਾਈ ਦਾ ਕੰਮ ਚੱਲ ਰਿਹਾ ਹੈ ਤੇ ਦਰਬਾਰ ਸਾਹਿਬ ਅੰਦਰ ਕਾਰੀਗਰ ਮੀਨਾਕਾਰੀ ਕਰ ਰਹੇ ਸਨ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਰਾਗੀ ਸਿੰਘਾਂ ਵਲੋਂ ਅੰਮ੍ਰਿਤਮਈ ਕੀਰਤਨ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ। ਘੱਲੂਘਾਰਾ ਸਪਤਾਹ ਕਾਰਨ ਸਾਰੇ ਅੰਮ੍ਰਿਤਸਰ ‘ਚ ਹੁਣ ਤੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ‘ਤੇ ਬੈਰੀਕੇਡ ਲਗਾਏ ਗਏ ਹਨ। ਗਰਮ ਖਿਆਲੀਆਂ ਦੀ ਆਮਦ ਨੂੰ ਦੇਖਦਿਆਂ ਪੁਲਿਸ, ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *